ਮਲੇਰਕੋਟਲਾ, 22 ਜੂਨ (ਅਬੂ ਜ਼ੈਦ): ਫਰੀਡਮ ਫਾਈਟਰਜ਼, ਉਤਰਾਧਿਕਾਰੀ ਸੰਸਥਾ ਪੰਜਾਬ (ਰਜਿ.) ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਿਪਟੀ ਕਮਿਸ਼ਨਰ ਮਲੇਰਕੋਟਲਾ ਰਾਹੀਂ ਇੱਕ ਮੰਗ ਪੱਤਰ ਦਿੱਤਾ ਗਿਆ । ਜਿਸ ਵਿੱਚ ਦੇਸ਼ ਦੀ ਅਜ਼ਾਦੀ ਲਈ ਕੁਰਬਾਨ ਹੋਏ ਅਜ਼ਾਦੀ ਘੁਲਾਟੀਆ ਦੇ ਪਰਿਵਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ ।
ਸੰਸਥਾ ਦੇ ਪ੍ਰੈਸ ਸਕੱਤਰ ਨੇ ਮੰਗ ਪੱਤਰ ਦੀ ਕਾਪੀ ਪ੍ਰੈਸ ਨੂੰ ਦਿੰਦਿਆਂ ਕਿਹਾ ਕਿ ਸੰਸਥਾ ਅਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸੁਲਝਾਉਣ ਲਈ ਲੰਬੇ ਸਮੇਂ ਤੋਂ ਕੰਮ ਕਰਦੀ ਆ ਰਹੀ ਹੈ । ਫਰੀਡਮ ਫਾਈਟਰ ਪਰਿਵਾਰਾਂ ਨੂੰ 300 ਯੂਨਿਟ ਬਿਜਲੀ ਮੁਆਫੀ ਬਿਨ੍ਹਾ ਸ਼ਰਤਾਂ ਤੋਂ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਸਨਮਾਨ ਪੱਤਰ ਦੇ ਅਧਾਰ ‘ਤੇ ਦਿੱਤੀ ਜਾਵੇ, ਉਹਨਾਂ ਦੇ ਉਤਰਾਧਿਕਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਲਈ ਫਰੀਡਮ ਫਾਈਟਰ ਭਲਾਈ ਬੋਰਡ ਬਣਾਕੇ ਚੇਅਰ ਸਥਾਪਤ ਕੀਤੀ ਜਾਵੇ, ਨੌਕਰੀਆਂ ਵਿੱਚ ਰਾਖਵਾਂਕਰਨ ਜੋ 5 ਫੀਸਦੀ ਤੋਂ ਘਟਾਕੇ ਇੱਕ ਫੀਸਦੀ ਕਰ ਦਿੱਤਾ ਹੈ ਉਸਨੂੰ ਮੁੜ 5 ਫੀਸਦੀ ਕੀਤਾ ਜਾਵੇ, ਉਤਰਾਖੰਡ ਦੀ ਤਰਜ ‘ਤੇ ਫਰੀਡਮ ਫਾਈਟਰ ਦੇ ਵਾਰਸਾਂ ਨੂੰ ਪੈਨਸ਼ਨ ਲਗਾਈ ਜਾਵੇ, ਫਰੀਡਮ ਫਾਈਟਰ ਦੇ ਪਰਿਵਾਰਾਂ ਨੂੰ ਰਾਸ਼ਟਰੀ ਪਰਿਵਾਰ ਘੋਸ਼ਿਤ ਕੀਤਾ ਜਾਵੇ, ਪੰਜਾਬ ਸਕਰਾਰ ਵੱਲੋਂ ਪੁੱਡਾ ਅਤੇ ਗਮਾਡਾ ਆਦਿ ਵਿੱਚ ਜੋ ਪਲਾਟ ਦਿੱਤੇ ਜਾਂਦੇ ਹਨ ਉਹਨਾਂ ਦਾ ਲਾਭ ਉਹਨਾਂ ਦੇ ਵਾਰਸਾਂ ਨੂੰ ਵੀ ਦਿੱਤਾ ਜਾਵੇ ਕਿਉਂਕਿ ਅਜ਼ਾਦੀ ਘੁਲਾਟੀਆਂ ਦੀ ਪਹਿਚਾਣ ਸਿਰਫ ਵਾਰਸਾਂ ਨਾਲ ਹੀ ਬਾਕੀ ਹੈ, ਸਿਆਸੀ ਪਾਰਟੀਆਂ ਦੀ ਨੁਮਾਇੰਦਗੀ ਵਾਂਗ ਜ਼ਿਲ੍ਹਾ ਸ਼ਿਕਾਇਤ ਕਮੇਟੀਆਂ, ਐਡਵਾਈਜ਼ਰੀ ਕਮੇਟੀ, ਜ਼ਿਲ੍ਹਾ ਪਰੀਸ਼ਦ ਆਦਿ ਵਿੱਚ ਫਰੀਡਮ ਪਰਿਵਾਰਾਂ ਨੂੰ ਨੁਮਾਇੰਦਗੀ ਆਦਿ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਮੰਗ ਪੱਤਰ ਭੇਜਿਆ ਹੈ । ਇਸ ਮੌਕੇ ਪਰੇਮ ਜੀਤ ਸਿੰਘ ਖੁਰਦ ਜ਼ਿਲਾ ਪ੍ਰਧਾਨ, ਮੁਹੰਮਦ ਅਸਲਮ ਪ੍ਰੈਸ ਸਕੱਤਰ ਸਮੇਤ ਸੰਸਥਾ ਦੇ ਮੈਂਬਰ ਵੀ ਮੌਜੂਦ ਸਨ ।



