ਕਾਂਗਰਸ ਪਾਰਟੀ ਦੇ ਦਸ ਸਾਲਾਂ ਦਾ ਰਾਜ ਮਲੇਰਕੋਟਲਾ ਦੇ ਸਰਵਪੱਖੀ ਵਿਕਾਸ ਦਾ ਸੁਨਹਿਰੀ ਦੌਰ: ਮਹਿਬੂਬ

author
0 minutes, 0 seconds Read

ਕਾਂਗਰਸ ਵੱਲੋਂ ਅਕਾਲੀ ਤੇ ਆਪ ਆਗੂਆਂ ਨੂੰ ਵਿਕਾਸ ਦੇ ਮੁੱਦਿਆਂ ’ਤੇ ਖੁੱਲ੍ਹੀ ਬਹਿਸ ਦੀ ਚੁਣੌਤੀ

ਮਾਲੇਰਕੋਟਲਾ, 22 ਜਨਵਰੀ (ਅਬੂ ਜ਼ੈਦ): ਸਥਾਨਕ ਕੌਰਨਟ ਕੈਫੇ ਵਿਖੇ ਕਾਂਗਰਸ ਪਾਰਟੀ ਵੱਲੋਂ ਬੁਲਾਈ  ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਲੇਰਕੋਟਲਾ ਹਾਊਸ ਦੇ ਚੀਫ ਸਪੋਕਸਪਰਸਨ ਮੁਹੰਮਦ ਅਨਵਾਰ ਮਹਿਬੂਬ ਨੇ ਸਥਾਨਕ ਕਾਂਗਰਸੀ ਆਗੂਆਂ ਸਮੇਤ ਕਿਹਾ ਕਿ ਮੈਡਮ ਰਜ਼ੀਆ ਸੁਲਤਾਨਾ ਦੇ 2007-12 ਅਤੇ 2017-22 ਤੱਕ ਕੈਬਨਿਟ ਮੰਤਰੀ ਵਜੋਂ ਦਸ ਸਾਲਾਂ ਦਾ ਰਾਜ ਭਾਗ ਮਲੇਰਕੋਟਲਾ ਦੇ ਵਿਕਾਸ ਦਾ ਸੁਨਹਿਰੀ ਦੌਰ ਰਿਹਾ ਹੈ। ਕਾਂਗਰਸੀ ਆਗੂ ਪਿਛਲੇ ਦਿਨਾਂ ਦੌਰਾਨ ਇਕ ਮਹਿਲਾ ਅਕਾਲੀ ਆਗੂ ਵੱਲੋਂ ਮਲੇਰਕੋਟਲਾ ਦੇ ਵਿਦਅਕ ਵਿਕਾਸ ਅਤੇ ਸਿਹਤ ਸਹੂਲਤਾਂ ਸਬੰਧੀ ਕੀਤੀ ਜਾ ਰਹੀ ਕਥਿਤ ਗੁਮਰਾਹਕੁਨ ਬਿਆਨਬਾਜੀ ’ਤੇ ਟਿੱਪਣੀ ਕਰ ਰਹੇ ਸਨ। ਉਨ੍ਹਾਂ ਕਾਂਗਰਸ ਸਰਕਾਰ ਵੱਲੋਂ ਮਲੇਰਕੋਟਲਾ ਅੰਦਰ ਦਸ ਸਾਲਾਂ ਦੇ ਵਿਕਾਸ ਦਾ ਪੂਰੇ ਦਸਤਾਵੇਜਾਂ ਸਮੇਤ ਬਿਉਰਾ ਪੇਸ਼ ਕਰਦਿਆਂ ਦੱਸਿਆ ਕਿ ਮਲੇਰਕੋਟਲਾ ਨੂੰ ਜ਼ਿਲ੍ਹਾ ਬਨਾਉਣ, ਘੱਟ ਗਿਣਤੀ ਕੋਟੇ ਵਿਚ ਸਰਕਾਰੀ ਮੈਡੀਕਲ  ਦੀ ਪਰਵਾਨਗੀ, ਪੰਜਾਬ ਉਰਦੂ ਅਕੈਡਮੀ ਦੀ ਸਥਾਪਨਾ, ਸਰਕਾਰੀ ਬੀਐਡ ਕਾਲਜ, ਸਰਕਾਰੀ ਵਿਮੈਨ ਕਾਲਜ ਅਤੇ ਸਰਕਾਰੀ ਕੰਨਿਆਂ ਸਕੂਲ ਦੀ ਬਹੁ ਮੰਜ਼ਲੀ ਅਧੁਨਿਕ ਇਮਾਰਤ ਵਰਗੇ ਵਿਸ਼ਾਲ ਪ੍ਰਜੈਕਟ ਮਲੇਰਕੋਟਲਾ ਨੂੰ ਮੈਡਮ ਰਜ਼ੀਆ ਸੁਲਤਾਨਾ ਦੀ ਹੀ ਦੇਣ ਹਨ। ਉਨ੍ਹਾਂ ਦੱਸਿਆ ਕਿ ਮਲੇਰਕੋਟਲਾ ’ਚ ਪੰਜਾਬ ਦੇ ਪਹਿਲੇ ਹੱਜ ਹਾਊਸ ਦੀ ਮਨਜ਼ੂਰੀ, ਬੱਸ ਅੱਡੇ ਲਈ ਅੱਠ ਕਰੋੜ ਦੀ ਮਨਜੂਰੀ, ਸਰਕਾਰੀ ਕਾਲਜ ਦੇ ਅੱਪਗ੍ਰੇਡਸਨ ਲਈ ਅਤੇ ਬੀਐਡ ਕਾਲਜ ਦੀ ਉਸਾਰੀ ਲਈ 10.5 ਕਰੋੜ ਰੁਪਏ, ਜਰਗ ਚੌਕ ਦਾ ਫਲਾਈਓਵਰ ਪੁੱਲ ਅਤੇ ਰਾਏਕੋਟ ਰੇਲਵੇ ਫਾਟਕ ਦਾ ਅੰਡਰ ਬ੍ਰਿਜ, ਸ਼ਹਿਰ ਅੰਦਰ 9 ਨਵੇਂ ਟਿਊਬਵੈਲ ਤੇ ਤਿੰਨ ਵਾਟਰ ਵਰਕਸ ਮੈਡਮ ਰਜ਼ੀਆ ਸੁਲਤਾਨਾ ਨੇ ਹੀ ਬਣਵਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੈਡਮ ਰਜ਼ੀਆ ਸੁਲਤਾਨਾ ਨੇ ਸ਼ਹਿਰ ਦੀਆਂ ਗਲੀਆਂ ਨਾਲੀਆਂ ਲਈ 100 ਕਰੋੜ ਤੋਂ ਵੱਧ ਦੀ ਰਾਸ਼ੀ, ਪਿੰਡਾਂ ਅੰਦਰ 20 ਕਮਿਊਨਟੀ ਸੈਂਟਰ, ਸਿਵਲ ਹਸਪਤਾਲ  ’ਚ ਜੱਚਾ ਬੱਚਾ ਵਾਰਡ ਤੇ ਆਕਸ਼ੀਜਨ ਪਲਾਂਟ ਅਤੇ ਸਹਿਰ ਦੇ ਹਰ ਘਰ ਤੱਕ ਸੀਵਰੇਜ ਤੇ ਵਾਟਰ ਸਪਲਾਈ ਪਾਈਪ ਲਾਈਨ ਪਾ ਕੇ ਮਲੇਰਕੋਟਲਾ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਕਾਂਗਰਸੀ ਆਗੂਆਂ ਨੇ ਦੱਸਿਆ ਕਿ ਪੰਜਾਬ ਵਿਚ ਜਿਥੇ ਸਭ ਤੋਂ ਵੱਧ 17661 ਬੁਢਾਪਾ ਤੇ ਵਿਧਵਾ ਪੈਨਸ਼ਨਾਂ ਮਲੇਰਕੋਟਲਾ ਹਲਕੇ ਅੰਦਰ ਲਾਈਆਂ ਗਈਆਂ ਉਥੇ  ਮਲੇਰਕੋਟਲਾ ’ਚ ਸਭ ਤੋਂ ਵੱਧ 27045 ਰਾਸ਼ਨ ਕਾਰਡ ਮੈਡਮ ਰਜ਼ੀਆ ਸੁਲਤਾਨਾ ਦੇ ਯਤਨਾ ਸਦਕਾ ਮਲੇਰਕੋਟਲਾ ਅੰਦਰ ਬਣਾਏ ਗਏ। ਉਨ੍ਹਾਂ ਦੱਸਿਆ ਕਿ ਮੈਡਮ ਰਜ਼ੀਆ ਸੁਲਤਾਨਾ ਦੀ ਨੂੰਹ ਬੀਬਾ ਜ਼ੈਨਬ ਅਖਤਰ ਦੇ ਪੰਜਾਬ ਵਕਫ ਬੋਰਡ ਦੀ ਚੇਅਰਪਰਸਨ ਅਤੇ ਬੇਟੀ ਬੀਬਾ ਨਿਸ਼ਾਤ ਅਖਤਰ ਦੇ ਮੈਂਬਰ ਹੁੰਦਿਆਂ ਪੰਜਾਬ ਅੰਦਰ 1975 ਤੋਂ ਬਾਅਦ ਪਹਿਲੀ ਵਾਰ ਪੰਜਾਬ ਵਕਫ਼ ਬੋਰਡ ਦੀ ਪੈਨਸ਼ਨ 300 ਰੁਪਏ ਤੋਂ ਵਧਾ ਕੇ ਇਕ ਹਜਾਰ ਰੁਪਏ ਕੀਤੀ ਗਈ ਜਦਕਿ ਹੁਣ ਸਾਲਾਂ ਤੋਂ ਲੋਕ ਪੈਨਸਨਾਂ ਉਡੀਕ ਰਹੇ ਹਨ।ਕਾਂਗਰਸੀ ਆਗੂਆਂ ਨੇ ਬਿਆਨਬਾਜੀ ਕਰ ਰਹੇ ਸਿਆਸੀ ਆਗੂਆਂ ਨੂੰ ਚੈਲੰਿਜ ਕੀਤਾ ਕਿ ਉਹ ਮਲੇਰਕੋਟਲਾ ਦੇ ਵਿਕਾਸ ਮੁੱਦੇ ’ਤੇ ਕਿਸੇ ਵੀ ਮੰਚ ਤੋਂ ਬਹਿਸ ਲਈ ਸਾਹਮਣੇ ਆਉਣ। ਕਾਂਗਰਸੀ ਨੇਤਾਵਾਂ ਨੇ ਮਹਿਲਾ ਅਕਾਲੀ ਆਗੂ ਵੱਲੋਂ ਦਲ ਬਦਲੀ ਕਰਨ ਵਾਲਿਆਂ ਬਾਰੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਬੀਬਾ ਦਾ ਆਪਣਾ ਪਰਿਵਾਰ ਪਹਿਲਾਂ ਕਾਂਗਰਸੀ, ਫਿਰ ਅਕਾਲੀ , ਫਿਰ ਆਮ ਆਦਮੀ ਪਾਰਟੀ ਅਤੇ ਹੁਣ ਮੁੜ ਅਕਾਲੀ ਨੂੰ ਚੁਣ ਕੇ ਦਲਬਦਲੀ ਦੇ ਸਾਰੇ ਰਿਕਾਰਡ ਮਾਤ ਪਾ ਰਿਹਾ ਹੈ। ਉਨ੍ਹਾਂ ਸਤ੍ਹਾਧਾਰੀ ਆਗੂਆਂ ਖਾਸ ਕਰਕੇ ਵਿਧਾਇਕ ਨੂੰ ਸਵਾਲ ਕੀਤਾ ਕਿ ਮੈਡਮ ਰਜ਼ੀਆ ਸੁਲਤਾਨਾ ਵੱਲੋਂ ਕਰੋੜਾਂ ਰੁਪਏ ਦੀ ਗਰਾਂਟ ਲਿਆ ਕੇ ਬਣਾਏ ਬਹੁ ਮੰਜ਼ਲੇ ਸਰਕਾਰੀ ਕੰਨਿਆਂ ਸਕੂਲ ਦੀ ਇਮਾਰਤ ਵਿਚ ਅਤੇ ਸਰਕਾਰੀ ਵਿਮੈਨ ਕਾਲਜ ਦੀ ਜਮਾਲਪੁਰੇ ਬਣ ਚੁੱਕੀ ਇਮਾਰਤ ਵਿਚ ਲੜਕੀਆਂ ਦੀਆਂ ਕਲਾਸਾਂ ਕਿਉਂ ਨਹੀਂ ਸ਼ੁਰੂ ਕੀਤੀਆਂ ਜਾ ਰਹੀਆਂ ?ਕਾਂਗਰਸੀ ਆਗੂਆਂ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਵੱਲੋਂ ਨਗਰ ਕੌਂਸਲ ਚੋਣਾਂ ਵਿਚ ਪਹਿਲਾਂ ‘ਅਬ ਕੀ ਬਾਰ 25 ਪਾਰ’ ਦਾ ਨਾਅਰਾ ਹੁਣ ‘ਅਬ ਕੀ ਬਾਰ 33 ਪਾਰ’ ਪੂਰੀ ਸਫਲਤਾ ਨਾਲ ਸਰ ਕੀਤਾ ਜਾਵੇਗਾ। ਇਸ ਮੌਕੇ ਸਪੋਕਸਪਰਸਨ ਮਹਿਮੂਦ ਰਾਣਾ, ਕੌਂਸਲਰ ਫਾਰੂਕ ਅਨਸਾਰੀ , ਬਲਾਕ ਪ੍ਰਧਾਨ ਅਕਰਮ ਲਿਬੜਾ, ਮਾਸਟਰ ਮੇਲਾ ਸਿੰਘ, ਫਿਰੋਜ਼ ਖਾਨ ਰੱਖਾ, ਮੁਹੰਮਦ ਨਸੀਰ ਅਤੇ ਅਦਨ ਅਲੀ ਖਾਨ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਵੀ ਮੌਜੂਦ ਸਨ।

Similar Posts

Leave a Reply

Your email address will not be published. Required fields are marked *