ਕੇਂਦਰ ਘੁਮੰਡ ਛੱਡਕੇ ਦੇਸ਼ ਦੇ ਕਿਸਾਨਾਂ ਨਾਲ ਦਿਲ ਖੋਲ੍ਹਕੇ ਗੱਲਬਾਤ ਕਰ ਉਹਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰੇ-ਐਡਵੋਕੇਟ ਮੁਹੰਮਦ ਜਮੀਲ

author
0 minutes, 1 second Read

ਸ਼ੰਭੂ/ਮਲੇਰਕੋਟਲਾ, 23 ਫਰਵਰੀ (ਬਿਉਰੋ): ਕਿਸਾਨ ਅੰਦੋਲਨ 2.0 ਨੇ ਪੂਰੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ । ਕਿਸੇ ਦੇਸ਼ ਦੀ ਸੰਸਦ ਵਿੱਚ ਇਸ ਦੀ ਚਰਚਾ ਹੋ ਰਹੀ ਹੈ ਅਤੇ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਵੱਡੇ ਆਗੂ ਇਸ ਅੰਦੋਲਨ ਵਿੱਚ ਕਿਸਾਨਾਂ ਉੱਤੇ ਹੋ ਰਹੇ ਤਸ਼ੱਦਦ ਲਈ ਭਾਰਤ ਦੀ ਸਰਕਾਰ ਦੀ ਆਲੋਚਨਾ ਕਰ ਰਹੀ ਹੈ, ਵਿਸ਼ਵ ਦੇ ਵੱਡੇ ਮੀਡੀਆ ਅਦਾਰੇ ਇਸ ਅੰਦੋਲਨ ਨੂੰ ਕਵਰ ਕਰਕੇ ਆਪਣੇ ਅਖਬਾਰਾਂ, ਚੈਨਲਾਂ ਅਤੇ ਸ਼ੋਸਲ ਮੀਡੀਆ ਰਾਹੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਨ ਕਿ ਕਿਵੇਂ ਭਾਰਤ ਦੀ ਸਰਕਾਰ ਆਪਣੇ ਹੀ ਨਾਗਰਿਕਾਂ ਉੱਤੇ ਗੋਲੀਆਂ, ਅੱਥਰੂ ਗੈਸ ਦੇ ਗੋਲੇ, ਮੋਰਟਾਰ ਵਰਗੇ ਯੰਤਰ ਵਰਤਕੇ ਅੰਦੋਲਨ ਨੂੰ ਕੁਚਲਣਾ ਚਾਹੁੰਦੀ ਹੈ । ਇਸ ਅੰਦੋਲਨ ਵਿੱਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਕਿਸਾਨ ਜ਼ਖਮੀ ਹੋ ਚੁੱਕੇ ਹਨ ਜਿਹਨਾਂ ਦਾ ਇਲਾਜ ਨੇੜਲੇ ਹਸਪਤਾਲਾਂ ਵਿੱਚ ਚੱਲ ਰਿਹਾ ਹੈ । ਕਿਸਾਨ ਅੰਦੋਲਨ ਦੇ ਮੁੱਖ ਚਿਹਰੇ ਜਗਜੀਤ ਸਿੰਘ ਡੱਲੇਵਾਲ ਖੁਦ ਅੱਥਰੂ ਗੈਸ ਦੇ ਪ੍ਰਭਾਵ ਨਾਲ ਬੀਮਾਰ ਹੋ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਜੇਰੇ ਇਲਾਜ ਹਨ । ਅੱਜ ਕਿਸਾਨਾਂ ਦੇ ‘ਦਿੱਲੀ ਕੂਚ” ਨੂੰ 11 ਦਿਨ ਬੀਤ ਚੁੱਕੇ ਹਨ, ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਹੀ ਕੰਕਰੀਟ ਦੀਆਂ ਦੀਵਾਰਾਂ, ਕਿੱਲਾਂ ਅਤੇ ਵੱਖ-ਵੱਖ ਕਿਸਮ ਦੀਆਂ ਰੋਕਾਂ ਲਗਾਕੇ ਰੋਕਿਆ ਹੋਇਆ ਹੈ । ਦੇਸ਼ ਅੰਦਰ ਅੇਨੀ ਉੱਥਲ-ਪੁੱਥਲ ਹੋ ਚੁੱਕੀ ਹੈ ਪਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਿਲਕੁਲ ਖਾਮੋਸ਼ ਬੈਠੇ ਤਮਾਸ਼ਾ ਦੇਖ ਰਹੇ ਹਨ । ਮਾਮੂਲੀ ਘਟਨਾ ਉੱਤੇ 24 ਘੰਟੇ ਸਟੋਰੀਆਂ ਕਰਨ ਵਾਲਾ ਗੋਦੀ ਮੀਡੀਆ ਮੂੂੰਹ ਵਿੱਚ ਦਹੀ ਜਮਾਕੇ ਬੈਠਾ ਹੈ, ਜੋ ਕਿ ਦੇਸ਼ ਦੇ ਲੋਕਤੰਤਰ ਲਈ ਵੱਡੇ ਖਤਰੇ ਦੇ ਸੰਕੇਤ ਹਨ ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਦੇ ਸਮਰਥਨ ਲਈ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦੇ ਮੁਹੰਮਦ ਜਮੀਲ਼ ਐਡਵੋਕੇਟ, ਚੌਧਰੀ ਮੁਹੰਮਦ ਅਰਸ਼ਦ, ਚੌਧਰੀ ਲਿਆਕਤ ਅਲੀ ਬਨਭੌਰੇਵਾਲੇ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਦੇਸ਼ ਦਾ ਸੰਵਿਧਾਨ ਹਰ ਨਾਗਰਿਕ ਨੂੰ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਦਿੰਦਾ ਹੈ ਪਰੰਤੂ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਲੋਕਤੰਤਰ ਦਾ ਘਾਣ ਕਰਕੇ ਕਿਸਾਨ ਪ੍ਰਦਰਸ਼ਨਕਾਰੀਆਂ ਉੱਤੇ ਜ਼ੁਲਮ ਕਰ ਰਹੀਆਂ ਹਨ । ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਨੂੰ ਦਬਾਇਆ ਜਾ ਰਿਹਾ ਹੈ । ਪੱਤਰਕਾਰਾਂ, ਕਿਸਾਨ ਆਗੂਆਂ ਅਤੇ ਕਿਸਾਨ ਅੰਦੋਲਨ ਦੇ ਹੱਕ ‘ਚ ਆਵਾਜ਼ ਬੁਲੰਦ ਕਰਨ ਵਾਲਿਆਂ ਦੇ ਪੇਜ਼ ਅਤੇ ਖਾਤੇ ਬੰਦ ਕੀਤੇ ਜਾ ਰਹੇ ਹਨ । ਟਵਿਟਰ (ਐਕਸ)  ਨੇ ਦੱਸਿਆ ਹੈ ਕਿ ਭਾਰਤ ਦੀ ਮੋਦੀ ਸਰਕਾਰ ਕਿਵੇਂ ਉਸ ਨੂੰ ਪ੍ਰਦਰਸ਼ਨਕਾਰੀਆਂ ਦੇ ਖਾਤੇ ਬਲੌਕ ਕਰਨ ਲਈ ਮਜ਼ਬੂਰ ਕਰ ਰਹੀ ਹੈ, ਜਿਸ ਨਾਲ ਟਵਿੱਟਰ ਨੇ ਅਸਹਿਮਤੀ ਜਤਾਈ ਹੈ । ਟਵਿੱਟਰ ਦੇ ਮਾਲਕ ਐਲਨ ਮਸਕ ਨੇ ਕਿਹਾ ਹੈ ਕਿ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਸਭ ਨੂੰ ਹੋਣੀ ਚਾਹੀਦੀ ਹੈ । ਇਸ ਘਟਨਾ ਨੇ ਵਿਸ਼ਵ ਭਰ ਵਿੱਚ ਭਾਰਤ ਦੀ ਹੇਠੀ ਹੋਈ ਹੈ । ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਦੇ ਕਿਸਾਨਾਂ ਨਾਲ ਦਿਲ ਖੋਲ੍ਹਕੇ ਗੱਲਬਾਤ ਕੀਤੀ ਜਾਵੇ ਅਤੇ ਉਹਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕੀਤੀਆਂ ਜਾਣ ।

ਫੋਟੋ ਕੈਪਸ਼ਨ: ਸ਼ੰਭੂ ਬਾਰਡਰ ਉੱਤੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਨਾਲ ਮੁਸਲਿਮ ਵਫਦ ਦੀ ਯਾਦਗਾਰੀ ਤਸਵੀਰ ।

Similar Posts

Leave a Reply

Your email address will not be published. Required fields are marked *