14 ਨਵੰਬਰ ਨੂੰ ਦਿੱਲੀ ਅਰਦਾਸ ਅਤੇ 15 ਨੂੰ “ਇਨਸਾਫ਼ ਮਾਰਚ” ਦਾ ਕੀਤਾ ਐਲਾਨ
ਲੁਧਿਆਣਾ/ਮਲੇਰਕੋਟਲਾ, 17 ਅਕਤੂਬਰ (ਬਿਉਰੋ): ਅੱਜ ਲੁਧਿਆਣਾ ਦੇ ਸ੍ਰੀ ਗੁਰੁ ਨਾਨਕ ਦੇਵ ਭਵਨ ਵਿਖੇ ਕੌਮੀ ਇਨਸਾਫ ਮੋਰਚੇ ਵੱਲੋਂ ਪੰਥਕ, ਸਮਾਜਸੇਵੀ, ਕਿਸਾਨ ਜੱਥੇਬੰਦੀਆਂ ਸਮੇਤ ਸਾਰੇ ਧਰਮਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਸਲਾਹ ਨਾਲ ਮੋਰਚੇ ਦੀ ਤਾਲਮੇਲ ਕਮੇਟੀ ਵੱਲੋਂ ਰੱਖੀਆਂ ਗਿਆ ਮਤਾ ਪਾਸ ਕੀਤਾ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਅਤੇ ਛੇਵੇਂ ਪਾਤਸ਼ਾਹ ਨੇ, ਸਮੇਂ ਦੀਆਂ ਹਕੂਮਤਾਂ ਨੂੰ ਨਾ-ਪਸੰਦ , ਜੇਲਾਂ ਵਿਚ ਬੰਦ ਆਮ ਲੋਕਾਂ ਅਤੇ ਸਿਆਸੀ ਕੈਦੀਆਂ ਨੂੰ ਰਿਹਾਅ ਕਰਵਾਇਆ ਸੀ ਅਤੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਧਰਮ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹੋਈ ਸੀ । ਸੋ ਇਸ 350 ਵੇ ਸ਼ਹੀਦੀ ਦਿਹਾੜੇ ਉਤੇ 14 ਨਵੰਬਰ ਨੂੰ ਦਿੱਲ੍ਹੀ ਜਾਣ ਵਾਲਾ “ਇਨਸਾਫ਼ ਮਾਰਚ” ਭਾਰਤ ਦੇਸ਼ ਵਿਚ ਭਾਰਤੀ ਹਕੂਮਤ ਵਲੋਂ ਸਾਰੇ ਧਰਮਾਂ – ਵਰਗਾਂ ਦੇ , ਂਸ਼ਅ ਅਤੇ ੂਅਫਅ ਅਧੀਨ ਨਜ਼ਰਬੰਦ ਸਿਆਸੀ ਕੈਦੀਆਂ ਅਤੇ ਜਿਹੜੇ ਸਜਾਵਾਂ ਭੁਗਤ ਚੁੱਕੇ ਜੇਲਾਂ ਵਿਚ ਨਜ਼ਰਬੰਦ ਕੈਦੀ ਹਨ ਨੂੰ ਇਸ ਮੁਬਾਰਕ ਮੌਕੇ, ਸਿੱਖੀ ਫਲਸਫੇ ਤੋਂ ਸੇਧ ਲੈਂਦਿਆਂ ਸਰਕਾਰ ਰਿਹਾਅ ਕਰੇ। ਇਹ ਇਨਸਾਫ਼ ਮਾਰਚ ਸਭ ਦੀ ਰਿਹਾਈ ਦੀ ਮੰਗ ਕਰੇਗਾ।
ਅੱਜ ਦੇ ਪ੍ਰੋਗਰਾਮ ਵਿੱਚ ਜਸਟਿਸ ਰਣਜੀਤ ਸਿੰਘ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਅਮੀਰ ਸਿੰਘ ਜਵੱਦੀ ਟਕਸਾਲ, ਗੁਰਦੀਪ ਸਿੰਘ ਬਠਿੰਡਾ ਯੂਨਾਈਟਡ ਅਕਾਲੀ ਦਲ, ਗੁਰਜੰਟ ਸਿੰਘ ਕੱਟੂ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅੰਤਰਰਾਸ਼ਟਰੀ ਪੰਥਕ ਦਲ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਜਤਿੰਦਰ ਸਿੰਘ ਗੋਬਿੰਦ ਬਾਗ ,ਭਾਈ ਜਸਵੰਤ ਸਿੰਘ ਚੀਮਾ ਅਕਾਲੀ ਦਲ ਵਾਰਸ ਪੰਜਾਬ ਸਮੇਤ ਆਦਿ ਧਰਮੀ ਸੰਤ ਮਹਾਂ ਪੁਰਸ਼ ਹਾਜਰ ਸਨ ।
ਅੱਜ ਦੇ ਇਸ ਪ੍ਰੋਗਰਾਮ ਵਿੱਚ ਖੁਦ ਹਾਜਰ ਹੋਏ ਕਿਸਾਨ ਆਗੂਆਂ ਵਿੱਚ ਨਿਰਭੈ ਸਿੰਘ ਢੁਡੀਕੇ, ਸੁਖਜਿੰਦਰ ਸਿੰਘ ਖੋਸਾ, ਸੁਰਜੀਤ ਸਿੰਘ ਫੂਲ, ਡਾਕਟਰ ਦਰਸ਼ਨ ਪਾਲ, ਰੁਲਦੂ ਸਿੰਘ ਮਾਨਸਾ, ਹਰਿੰਦਰ ਸਿੰਘ ਲੱਖੋਵਾਲ, ਜੰਗਵੀਰ ਸਿੰਘ ਚੌਹਾਨ, ਇੰਦਰਜੀਤ ਸਿੰਘ ਕੋਟ ਬੁੱਢਾ, ਮਾਸਟਰ ਹਰਜਿੰਦਰ ਸਿੰਘ, ਹਰਿੰਦਰ ਸਿੰਘ ਨੰਡਿਆਲੀ ਸਮੇਤ ਸੂਬਾ ਆਗੂ ਮੌਜੂਦ ਸਨ ਇਸ ਤੋਂ ਇਲਾਵਾ ਮਨਜੀਤ ਸਿੰਘ ਧਨੇਰ ਗਰੁੱਪ ਵਲੋਂ ਸੂਬਾ ਸਕਤੱਰ ਅੰਗਰੇਜ ਸਿੰਘ, ਬੂਟਾ ਸਿੰਘ ਬੁਰਜ ਗਿੱਲ ਵੱਲੋਂ ਜ਼ਿਲਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਜ਼ਿਲਾ ਸਕੱਤਰ ਤਰਸੇਮ ਸਿੰਘ ਅਤੇ ਮੁਸਲਿਮ ਭਾਈਚਾਰੇ ਵੱਲੋਂ ਮੁਹੰਮਦ ਜਮੀਲ ਐਡਵੋਕੇਟ ਅਤੇ ਚੌਧਰੀ ਸਲਾਮਦੀਨ ਨੇ ਸ਼ਿਰਕਤ ਕੀਤੀ ਕੀਤੀ ।
ਬੋਲਣ ਵਾਲੇ ਸਮੁੱਚੇ ਬੁਲਾਰਿਆਂ ਨੇ ਇਸ ਇਤਹਾਸਿਕ ਸਾਲ ਵਿੱਚ ਸਿੱਖ ਕਾਮਰੇਡ ਵਿਚਾਰ ਧਰਾਵਾਂ ਨੂੰ ਮਿਲ ਬੈਠ ਕੇ ਮਨੁੱਖੀ ਅਧਿਕਾਰਾਂ ਦੀ ਲੜਾਈ ਨੂੰ ਇਕਜੁਟਤਾ ਨਾਲ ਨੇਪਰੇ ਚੜ੍ਹਾਉਣ ਦੇ ਅਹਿਦ ਨੂੰ ਸਮੇਂ ਦੀ ਲੋੜ ਦਸਿਆ। ਇਨਸਾਫ਼ ਮਾਰਚ ਦੀ ਸਫਲਤਾ ਲਈ 25 ਤਰੀਕ ਨੂੰ ਹੋਣ ਵਾਲੀਆਂ ਜਿਲਾ ਪੱਧਰੀ ਮੀਟਿੰਗਾਂ ਨੂੰ ਕਾਮਯਾਬ ਕਰਨ ਦਾ ਕਿਸਾਨ ਅਤੇ ਧਾਰਮਿਕ ਆਗੂਆਂ ਦੀਆਂ ਸਾਂਝੀਆਂ ਜਿੰਮੇਵਾਰੀਆਂ ਲਗਾਈਆਂ ਗਈਆਂ ।
ਇਸ ਮੌਕੇ ਬਾਬਾ ਸੇਵਾ ਸਿੰਘ ਜੀ ਨੇ ਉੱਘੇ ਸਨਅਤਕਾਰ ਤਰੁਣ ਜੈਨ ਬਾਵਾ ਨੂੰ ਕਿਹਾ ਕਿ ਉਹ ਸਾਡੀ ਮੋਰਚੇ ਦੀ ਟੀਮ ਨੂੰ ਸਨਾਤਨੀ ਸੰਤਾਂ , ਜੈਨੀਆਂ ਅਤੇ ਬੋਧੀਆ ਕੋਲ ਲੈਕੇ ਜਾਣ । ਉਨਾਂ ਕਿਹਾ ਇਹ ਨਾਲ ਚਲਣਗੇ , ਸਿੱਖ ਹਰੇਕ ਨਾਲ ਖੜੇ ਹਨ ਅੱਜ ਸਿੱਖਾਂ ਨੂੰ ਸਾਰਿਆਂ ਦੀ ਲੋੜ ਹੈ । ਬਾਬਾ ਜੀ ਨੇ ਮੁਸਲਿਮ , ਇਸਾਈ ਅਤੇ ਹੋਰਾਂ ਨੂੰ ਇਸ ਮਾਰਚ ਵਿਚ ਨਾਲ ਲੈਕੇ ਚਲਣ ਦੀ ਗੱਲ ਤਸੱਲੀ ਨਾਲ ਰੱਖੀ । ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਇਨਸਾਫ਼ ਲਈ ਇੱਕਠੇ ਹੋਕੇ ਸ਼ਾਂਤਮਈ ਸੰਘਰਸ਼ ਹੀ ਇਕ ਹੱਲ ਹੈ ਸਰਕਾਰਾਂ ਸੰਜੀਦਾ ਨਹੀਂ ਹਨ। ਕਾਨੂੰਨ ਰਾਜਸੀ ਫੈਸਲਿਆਂ ਅੱਗੇ ਮਜ਼ਬੂਰ ਹੈ । ਸਮੁੱਚੇ ਸਾਥੀਆਂ ਵੱਲੋਂ ਉਮੀਦ ਜਤਾਈ ਗਈ ਕਿ ਇਹ ਸੰਘਰਸ਼ ਹੁਣ ਨੇਪਰੇ ਚੜੇਗਾ ਅਤੇ ਸਰਕਾਰ ਵੀ ਕੋਈ ਠੀਕ ਫੈਸਲਾ ਲਵੇਗੀ ।