ਦੇਸ਼ ਦੀਆਂ ਘੱਟਗਿਣਤੀਆਂ ‘ਤੇ ਕੀਤਾ ਜਾ ਰਿਹਾ ਜ਼ੁਲਮ, ਤਸ਼ੱਦਦ ਬੰਦ ਕੀਤਾ ਜਾਵੇ-ਐਡਵੋਕੇਟ ਮੁਹੰਮਦ ਜਮੀਲ
ਐਸਏਐਸ ਨਗਰ/ਮਲੇਰਕੋਟਲਾ, 09 ਸਤੰਬਰ (ਬਿਉਰੋ): ‘ਕੌਮੀ ਇਨਸਾਫ ਮੋਰਚਾ’ ਦੀ ਅਗਵਾਈ ‘ਚ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਤੇ 07 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ, ਬੰਦੀ ਸਿੰਘਾਂ ਦੀ ਰਿਹਾਈ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਮੋਰਚਾ ਲੱਗਾ ਹੋਇਆ ਹੈ । ਇਸ ਪੰਥਕ ਮੋਰਚੇ ਵਿੱਚ ਸਮਾਜਸੇਵੀ ਕਾਰਕੁੰਨ, ਹਿਊਮਨ ਰਾਈਟਸ ਐਕਟੀਵਿਸਟ, ਜਾਗਦੇ ਜ਼ਮੀਰ ਵਾਲੇ ਵੱਖ-ਵੱਖ ਧਰਮਾਂ ਦੇ ਲੋਕਾਂ ਸਮੇਤ ਦੇਸ਼-ਵਿਦੇਸ਼ ਤੋਂ ਸਿੱਖ ਸੰਗਤਾਂ ਹਾਜ਼ਰੀ ਲਗਵਾਉਣ ਲਈ ਆ ਰਹੀਆਂ ਹਨ । ਅੱਜ ਮੋਰਚੇ ਵਿੱਚ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦੇ ਮੁਹੰਮਦ ਜਮੀਲ ਐਡਵੋਕੇਟ, ਲਿਆਕਤ ਅਲੀ ਅਤੇ ਸ਼ਮਸ਼ਾਦ ਅਲੀ ਵੱਲੋਂ ਸਮੋਸਿਆਂ ਦਾ ਲੰਗਰ ਲਗਾਕੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਗਿਆ । ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਪ੍ਰਬੰਧਕ ਮਨਮੋਹਨ ਸਿੰਘ ਨੇ ਜਿੱਥੇ ਜੱਥੇ ਦਾ ਨਿੱਘਾ ਸਵਾਗਤ ਕੀਤ ਉੱਥੇ ਹੀ ਪੰਜਾਬ ਦੇ ਸਮੂਹ ਮੁਸਲਿਮ ਭਾਈਚਾਰੇ ਦਾ ਮੋਰਚੇ ਵਿੱਚ ਲਗਾਤਰ ਹਾਜ਼ਰੀ ਲਗਵਾਉਣ ਅਤੇ ਲੰਗਰ ਸੇਵਾ ਕਰਨ ਲਈ ਧੰਨਵਾਦ ਵੀ ਕੀਤਾ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਮੁਹੰਮਦ ਜਮੀਲ ਕਿਹਾ ਕਿ ਉਹ 7 ਜਨਵਰੀ ਤੋਂ ਹੀ ਮੋਰਚੇ ਵਿੱਚ ਮਿੱਠੇ ਚੌਲ, ਸਮੋਸੇ ਅਤੇ ਫਲਾਂ ਦੇ ਲੰਗਰ ਦੀ ਸੇਵਾ ਨਿਭਾ ਰਹੇ ਹਨ । ਐਡਵੋਕੇਟ ਮੁਹੰਮਦ ਜਮੀਲ ਨੇ ਕਿਹਾ ਕਿ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝ ਸਦੀਆਂ ਪੁਰਾਣੀ ਹੈ ਜਿਸ ਨੂੰ ਇਤਿਹਾਸ ਦੇ ਪੰਨਿਆਂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਨਬੀ ਖਾਂ, ਭਾਈ ਗਨੀ ਖਾਂ, ਸਾਈਂ ਮੀਆਂ ਮੀਰ ਵੱਲੋਂ ਸ੍ਰੀ ਹਰਮਿੰਦਰ ਸਾਹਿਬ ਦਾ ਨੀਂਹ ਪੱਥਰ ਰੱਖਣਾ, ਨਵਾਬ ਸ਼ੇਰ ਮੁਹੰਮਦ ਖਾਨ ਵੱਲੋਂ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਲਈ ਹਾਅ ਦਾ ਨਾਅਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਮੁਸਲਮਾਨਾਂ ਦੀ ਬਾਣੀ ਸ਼ਾਮਲ ਕਰਨ ਸਮੇਤ ਅਨੇਕਾਂ ਰੂਪਾਂ ‘ਚ ਦੇਖਿਆ ਜਾ ਸਕਦਾ ਹੈ । ਐਡਵੋਕੇਟ ਮੁਹੰਮਦ ਜਮੀਲ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਸੂਬਾ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਮੁਸਲਿਮ, ਸਿੱਖ ਅਤੇ ਹੋਰ ਘੱਟਗਿਣਤੀਆਂ ‘ਤੇ ਕੀਤੇ ਜਾ ਰਹੇ ਜ਼ੁਲਮ, ਤਸ਼ੱਦਦ ਬੰਦ ਕੀਤਾ ਜਾਵੇ, ਕੌਮੀ ਇਨਸਾਫ ਮੋਰਚੇ ਵੱਲੋਂ ਲਗਾਏ ਗਏ ਧਰਨੇ ‘ਚ ਸੜਕਾਂ ਤੇ ਰੁਲ ਰਹੀ ਜਨਤਾ ਦੀ ਆਵਾਜ਼ ਸੁਣੀ ਜਾਵੇ ਅਤੇ ਇਸ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣ ।



