‘ਸਫਾਈ ਈਮਾਨ ਦਾ ਅੱਧਾ ਹਿੱਸਾ ਹੈ’-ਹਦੀਸ
ਜੁਮੇ ਤੱਕ ਡੰਪ ਨਾ ਚੁੱਕਿਆ ਤਾਂ ਰੋਡ ਜਾਮ ਕਰਨ ਦੀ ਚੇਤਾਵਨੀ
ਮਾਲੇਰਕੋਟਲਾ, 08 ਅਪ੍ਰੈਲ (ਅਬੂ ਜ਼ੈਦ): ਇਸਲਾਮ ਦਾ ਬੁਨਿਆਦੀ ਸਿਧਾਂਤ ਹੈ ਕਿ ‘ਸਫਾਈ ਈਮਾਨ ਦਾ ਅੱਧਾ ਹਿੱਸਾ ਹੈ’ ਪਰੰਤੂ ਮਲੇਰਕੋਟਲਾ ਸ਼ਹਿਰ ਜੋ ਕਿ ਪੰਜਾਬ ਵਿੱਚੋਂ ਇਕਲੌਤਾ ਮੁਸਲਿਮ ਬਹੁਲ ਇਲਾਕਾ ਹੈ । ਇੱਥੋਂ ਦੇ ਵਿਧਾਇਕ, ਵੱਖ-ਵੱਖ ਅਦਾਰਿਆਂ ਦੇ ਚੇਅਰਮੈਨ, ਨਗਰ ਕੌਂਸਲ ਪ੍ਰਧਾਨ, ਦਰਜਨਾਂ ਕੌਂਸਲਰ ਮੁਸਲਿਮ ਸਮਾਜ ਵਿੱਚੋਂ ਹੀ ਹਨ ਜੋ ਇਸ ਬਾਰੇ ਬਾਖੂਬੀ ਜਾਣਦੇ ਵ ੀਹਨ ਪਰੰਤੂ ਫਿਰ ਵੀ ਕੁਝ ਮਹੀਨਿਆਂ ਤੋਂ ਮਲੇਰਕੋਟਲਾ ਗੰਦ ਦਾ ਢੇਰ ਬਣਦਾ ਜਾ ਰਿਹਾ ਹੈ । ਲੰਬੇ ਸਮੇਂ ਤੋਂ ਮਤੋਈ ਰੋਡ ਉੱਤੇ ਵੱਡਾ ਕੂੜੇ ਦਾ ਡੰਪ ਲੱਗਾ ਸੀ ਜਿਸ ਕਾਰਣ ਉਸ ਇਲਾਕੇ ਦੇ ਲੋਕਾਂ ਦਾ ਜੀਵਨ ਦੁਸ਼ਵਾਰ ਹੋ ਗਿਆ ਅਤੇ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ, ਪ੍ਰਸ਼ਾਸਨ ਨੇ ਦੋ ਮਹੀਨੇ ਦਾ ਸਮਾਂ ਲੈ ਕੇ ਧਰਨਾ ਖਤਮ ਕਰਵਾਇਆ ਸੀ । ਉਸ ਤੋਂ ਬਾਅਦ ਖੰਨਾ ਰੋਡ ਜਮਾਲਪੁਰਾ, ਕਿਲਾ ਰਹਿਮਤਗੜ੍ਹ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਗੰਦ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਸਨ ।
ਮਲੇਰਕੋਟਲਾ ਨੂੰ ਦਿੱਲੀ ਮੁੱਖ ਮਾਰਗ ਜੀਟੀ ਰੋਡ ਨਾਲ ਜੋੜਣ ਵਾਲੇ ਸਥਾਨਕ ਖੰਨਾ ਰੋਡ ’ਤੇ ਸਥਿਤ ਬੋਦਲੇ ਸਾਹਿਬ ਕਬਰਸਤਾਨ ਦੇ ਨਜ਼ਦੀਕ ਲੱਗੇ ਗੰਦਗੀ ਦੇ ਵੱਡੇ ਡੰਪ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਇਲਾਕਾ ਨਿਵਾਸੀਆਂ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ । ਸਭ ਤੋਂ ਵੱਡੀ ਸ਼ਰਮਨਾਕ ਗੱਲ ਇਹ ਦੇਖਣ ਨੂੰ ਮਿਲੀ ਕਿ ਅਮਨ ਦਾ ਸ਼ਹਿਰ, ਹਾਅ ਦਾ ਨਾਅਰਾ ਦੀ ਧਰਤੀ ਮਲੇਰਕੋਟਲਾ ਨੂੰ ਆਪਣੇ ਪ੍ਰਸ਼ਾਸਨ ਦੇ ਖਿਲਾਫ ਅਬਾਦੀ ਖੇਤਰ ਵਿੱਚੋਂ ਕੂੜਾ ਹਟਾਉਣ ਲਈ ਧਰਨਾ ਲਗਾਉਣਾ ਪੈ ਰਿਹਾ ਹੈ ਜਦੋਂਕਿ ਇਹ ਤਾਂ ਨਗਰ ਕੌਂਸਲ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ । ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਨਾ ਤਾਂ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਕੋਈ ਆਗੂ ਇੱਥੇ ਪਹੁੰਚਿਆ ਅਤੇ ਨਾ ਹੀ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਧਰਨਾਕਾਰੀਆਂ ਦੀ ਸਾਰ ਲਈ। ਧਰਨੇ ’ਤੇ ਬੈਠੇ ਲੋਕਾਂ ਵਿੱਚ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਜ਼ਮੀਨੀ ਪੱਧਰ ‘ਤੇ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਅੱਜ ਤੀਜੇ ਦਿਨ ਵੀ ਕਿਸੇ ਵਿਧਾਇਕ, ਅਹੁਦੇਦਾਰ ਜਾਂ ਪਾਰਟੀ ਵਰਕਰ ਨੇ ਧਰਨਾਕਾਰੀਆਂ ਨਾਲ ਮੁਲਾਕਾਤ ਕਰਨਾ ਮੁਨਾਸਿਬ ਨਹੀਂ ਸਮਝਿਆ। ਇਸੇ ਤਰ੍ਹਾਂ ਨਗਰ ਕੌਂਸਲ ਜਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਮੌਕੇ ‘ਤੇ ਨਹੀਂ ਪਹੁੰਚਿਆ, ਜਿਸ ਕਾਰਨ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਹੈ।
ਸਮਾਜਸੇਵੀ ਪਰਵੇਜ਼ ਅਲੀ ਖਾਨ ਅਤੇ ਸੈਫ਼ੀ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਬਰਸਤਾਨ ਦੇ ਬਿਲਕੁਲ ਨੇੜੇ, ਸਕੂਲ ਦੇ ਬਿਲਕੁਲ ਸਾਹਮਣੇ ਕੂੜੇ ਦਾ ਡੰਪ ਹੋਣ ਕਾਰਨ ਜਿੱਥੇ ਆਲੇ-ਦੁਆਲੇ ਭਿਆਨਕ ਬਦਬੂ ਫੈਲੀ ਹੋਈ ਹੈ, ਉੱਥੇ ਹੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਸੱਟ ਵੱਜ ਰਹੀ ਹੈ। ਗੰਦਗੀ ਕਾਰਨ ਇਲਾਕੇ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਕਈ ਵਾਰ ਅਪੀਲ ਕੀਤੀ ਗਈ, ਪਰ ਕੋਈ ਸੁਣਵਾਈ ਨਹੀਂ ਹੋਈ। ਅੱਜ ਧਰਨਾਕਾਰੀਆਂ ਨੇ ਸਰਬਸੰਮਤੀ ਨਾਲ ਇੱਕ ਅਹਿਮ ਫੈਸਲਾ ਲੈਂਦਿਆਂ ਪ੍ਰਸ਼ਾਸਨ ਨੂੰ ਆਖ਼ਰੀ ਚਿਤਾਵਨੀ ਦਿੱਤੀ ਹੈ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ 10 ਅਪ੍ਰੈਲ ਤੱਕ ਇਸ ਡੰਪ ਦਾ ਕੋਈ ਪੱਕਾ ਹੱਲ ਨਾ ਕੱਢਿਆ ਗਿਆ ਅਤੇ ਕੋਈ ਜ਼ਿੰਮੇਵਾਰ ਅਧਿਕਾਰੀ ਮੌਕੇ ‘ਤੇ ਨਾ ਪਹੁੰਚਿਆ, ਤਾਂ ਉਹ ਤਿੱਖਾ ਕਦਮ ਚੁੱਕਣ ਲਈ ਮਜਬੂਰ ਹੋਣਗੇ।
ਪਰਵੇਜ਼ ਖਾਂ ਅਤੇ ਸੈਫ਼ੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਇੱਥੇ ਆਉਣਾ ਗਵਾਰਾ ਨਹੀਂ ਕਰਦਾ, ਤਾਂ ਉਹ 10 ਅਪ੍ਰੈਲ ਨੂੰ ਜੁਮੇ ਦੀ ਨਮਾਜ਼ ਤੋਂ ਬਾਅਦ ਸੜਕ ਜਾਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਜਾਂ ਅਣਸੁਖਾਵੀਂ ਘਟਨਾ ਦੀ ਜ਼ਿੰਮੇਵਾਰੀ ਸਿੱਧੇ ਤੌਰ ‘ਤੇ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪ੍ਰਸ਼ਾਸਨ ਇਸ ਗੰਭੀਰ ਮਸਲੇ ਦਾ ਹੱਲ ਕੱਢਦਾ ਹੈ ਜਾਂ ਫਿਰ 10 ਅਪ੍ਰੈਲ ਨੂੰ ਸ਼ਹਿਰ ਨਿਵਾਸੀਆਂ ਨੂੰ ਵੱਡੇ ਜਾਮ ਦਾ ਸਾਹਮਣਾ ਕਰਨਾ ਪਵੇਗਾ।


