ਇੰਤਜ਼ਾਰ ਦੀ ਘੜੀਆ ਖਤਮ, ਆ ਗਿਆ ! ਫੁੱਟਬਾਲ ਦਾ ਮਹਾਂਕੁੰਭ
ਮਲੇਰਕੋਟਲਾ, 22 ਅਕਤੂਬਰ (ਅਬੂ ਜ਼ੈਦ): ਆਖਰ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ । ਖੇਡ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ‘ਫੁੱਟਬਾਲ ਦਾ ਮਹਾਂਕੁੰਭ’ ਕਿਲਾ ਰਹਿਮਤਗੜ੍ਹ ਦੇ ਮਿਨੀ ਸਟੇਡਿਅਮ ਵਿੱਚ ਸਟਾਰ ਇੰਪੈਕਟ ਪ੍ਰਾਈਵੇਟ ਲਿਮਟਡ ਵੱਲੋਂ ਚਲਾਈ ਜਾ ਰਹੀ “ਅਲ ਕੌਸਰ ਅਕੈਡਮੀ” ਵੱਲੋਂ ਡੇ-ਨਾਈਟ ਫੁੱਟਬਾਲ ਟੂਰਨਾਮੈਂਟ ਦਾ ਸ਼ਾਹਾਨ ਆਗਾਜ਼ 24 ਅਕਤੂਬਰ ਤੋਂ ਹੋ ਰਿਹਾ ਹੈ ਜੋ 27 ਅਕਤੂਬਰ ਤੱਕ ਚੱਲੇਗਾ । ਇਸ ਟੂਰਨਾਮੈਂਟ ਵਿੱਚ ਪਿਛਲੇ ਸਾਲਾਂ ਦੀ ਤਰ੍ਹਾਂ ਦੇਸ਼ ਦੇ ਨਾਮਵਰ ਖਿਡਾਰੀ ਅਤੇ ਟੀਮਾਂ ਹਿੱਸਾ ਲੈ ਰਹੀਆਂ ਹਨ । ਆਰਸੀਐਫ ਕਪੂਰਥਲਾ, ਵਾਈਐਫਸੀ ਖਾਦ ਊਨਾ, ਦਿੱਲੀ ਐਫਸੀ, ਪੰਜਾਬ ਪੁਲਸ, ਬ੍ਰਾਦਰਜ਼ ਯੂਨਾਈਟਡ ਐਫਸੀ ਜੈਪੁਰ, ਕਿਸਾਨ ਫੋਰਡ ਐਫਸੀ, ਫਰੀਦਕੋਟ ਐਫਸੀ, ਯੂਨਾਈਟਡ ਯੂਐਸਏ ਐਫਸੀ, ਦਲਵੀਰ ਅਕੈਡਮੀ ਪਟਿਆਲਾ, ਨਾਮਧਾਰੀ ਐਫਸੀ, ਅਲਕੌਸਰ ਐਫਏ ਦੀਆਂ ਟੀਮਾਂ ਮੁੱਖ ਆਕਰਸ਼ਨ ਰਹਿਣਗੀਆਂ ਜਿਹਨਾਂ ਵਿੱਚ ਕੌਮਾਂਤਰੀ ਪੱਧਰ ਦੇ ਖਿਡਾਰੀ ਆਪਣੀ ਖੇਡ ਪ੍ਰਤੀਭਾ ਦੇ ਜੌਹਰ ਦਿਖਾਉਣਗੇ । ਟੂਰਨਾਮੈਂਟ ਵਿੱਚ ਜੇਤੂ ਰਹਿਣ ਵਾਲੀ ਟੀਮ ਨੂੰ 1,01,000 ਰੁਪਏ ਨਕਦ ਪ੍ਰਵੇਜ਼ ਖਾਨ ਇੰਡੀਅਨ ਮਹਿਕ ਗਰੁੱਪ ਆਫ ਹੋਟਲਜ਼ (ਅਰਮੀਨੀਆ) ਅਤੇ ਉੱਪ ਜੇਤੂ ਟੀਮ ਨੂੰ 71,000 ਰੁਪਏ ਨਕਦ (ਤੁਰਕਿਸ਼ ਬੁਰਯਾਨ) ਇਨਾਮ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ । ਮੈਚਾਂ ਦਾ ਸਮਾਂ ਸ਼ਾਮ 5 ਵਜੇ ਤੋਂ ਰਾਤ 12 ਵਜੇ ਤੱਕ ਹੋਵੇਗਾ ।
ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਸਾਬਕਾ ਕੈਬਿਨਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ ਸੰਗਰੂਰ ਅਤੇ ਪ੍ਰਧਾਨਗੀ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵਿਧਾਇਕ ਮਲੇਰਕੋਟਲਾ ਹੋਣਗੇ । ਦੁਬਈ ਦੇ ਬਿਜ਼ਨਸਮੈਨ ਡਾ. ਬੂ ਅਬਦੁੱਲਾ ਚੇਅਰਮੈਨ ਬੂ ਅਬਦੁੱਲਾ ਇਨਵੈਸਟਮੈਂਟ ਗਰੁੱਪ ਅਤੇ ਸ. ਇੰਦਰਜੀਤ ਸਿੰਘ ਮੁੰਡੇ ਐਮਡੀ ਕੇਐਸ ਐਗਰੋ ਪ੍ਰਾ. ਲਿਮਟਡ ਵਿਸ਼ੇਸ਼ ਮਹਿਮਾਨ ਵਜੋਂ ਤਸ਼ਰੀਫ ਲਿਆਉਣਗੇ । ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਡੇ-ਨਾਈਟ ਟੂਰਨਾਮੈਂਟ ਵਿੱਚ ਖਚਾਖਚ ਭਰੇ ਮਿਨੀ ਸਟੇਡਿਅਮ ਵਿੱਚ ਹਜ਼ਾਰਾਂ ਦੀ ਗਿਣਤੀ ਖੇਡ ਪ੍ਰੇਮੀਆਂ ਨੇ ਮੈਚਾਂ ਦਾ ਆਨੰਦ ਲਿਆ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਸੀ । ਪ੍ਰੈਸ ਦੇ ਮਾਧਿਅਮ ਰਾਹੀਂ ਇਸ ਸ਼ਾਨਦਾਰ ਖੇਡ ਮੇਲੇ ਦੇ ਰੌਚਕ ਮੈਚਾਂ ਦਾ ਆਨੰਦ ਮਾਨਣ ਲਈ ਪ੍ਰਬੰਧਕ “ਅਲ ਕੌਸਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.)” ਵੱਲੋਂ ਦੇਸ਼ ਵਿਦੇਸ਼ ਦੇ ਖੇਡ ਪ੍ਰੇਮੀਆਂ ਨੂੰ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਗਿਆ ਹੈ ਅਤੇ ਦੂਰ ਦਰਾਜ ਦੇ ਲੋਕਾਂ ਦੀ ਸਹੂਲਤ ਲਈ ਟੂਰਨਾਮੈਂਟ ਦਾ ਲਾਈਵ ਟੈਲੀਕਾਸਟ ਵੀ ਕੀਤਾ ਜਾਵੇਗਾ ।



