ਤਹਿਸੀਲਦਾਰਾਂ ਦੀ ਇੱਕ ਦਿਨ ਦੀ ਔਚਕ ਹੜਤਾਲ ਤੋਂ ਬਾਦ ਵਾਪਸ ਖੁੱਲੇ ਤਹਿਸੀਲ ਦਫਤਰ
ਮਲੇਰਕੋਟਲਾ, 21 ਜੂਨ (ਬਿਉਰੋ): ਵਿਜੀਲੈਂਸ ਵੱਲੋਂ ਮੁੱਖ ਸਕੱਤਰ ਨੂੰ 48 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਉਤੇ ਭ੍ਰਿਸ਼ਟਾਚਾਰ ਕਰਨ ਸਬੰਧੀ ਲਿਖੇ ਪੱਤਰ ਤੋਂ ਬਾਅਦ ਹੁਣ ਪੂਰੇ ਪੰਜਾਬ ਵਿੱਚ ਉੱਥਲ ਪੁੱਥਲ ਮੱਚ ਗਈ ਹੈ । ਪੰਜਾਬ ਭਰ ਦੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਸੰਘਰਸ਼ ਦੇ ਰੋਂਅ ਵਿੱਚ ਨਜ਼ਰ ਆ ਰਹੇ ਹਨ। ਵਿਜੀਲੈਂਸ ਵੱਲੋਂ 48 ਤਹਿਸੀਲਦਾਰਾਂ ਦੀ ਲਿਸਟ ਜਨਤਕ ਕਰਨ ਤੋਂ ਬਾਦ ਪੰਜਾਬ ਭਰ ‘ਚ ਤਹਿਸੀਲਦਾਰਾਂ ਨੇ ਇੱਕ ਦਿਨ ਦੀ ਛੁੱਟੀ ਕਰਕੇ ਹੜਤਾਲ ਕਰ ਦਿੱਤੀ । ਤਹਿਸੀਲ ਦਫਤਰਾਂ ‘ਚ ਸੰਨਾਟਾ ਛਾਇਆ ਰਿਹਾ । ਜਨਤਾ ਆਪਣੇ ਰੋਜ਼ਮੱਰਾ ਦੇ ਕੰਮਾਂ ਲਈ 48 ਡਿਗਰੀ ਤਾਪਮਾਨ ‘ਚ ਦਫਤਰਾਂ ‘ਚ ਖੱਜਲ-ਖੁਆਰ ਹੁੰਦੀ ਰਹੀ । ਭ੍ਰਿਸ਼ਟਚਾਰ ਨੂੰ ਲੈ ਕੇ ਪੱਤਰ ਸਾਹਮਣੇ ਆਉਣ ਤੋਂ ਬਾਅਦ ਅੱਜ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਨੇ ਅਚਨਚੇਤ ਹੜਤਾਲ ਦਾ ਐਲਾਨ ਕੀਤਾ ਸੀ । ਭਾਵੇਂਕਿ ਅੱਜ 22 ਜੂਨ ਨੂੰ ਤਹਿਸੀਲ ਦਫਤਰ ਆਮ ਵਾਂਗ ਖੁੱਲ ਗਏ ਹਨ ਪਰੰਤੂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਵੱਲੋਂ ਅਗਲਾ ਪ੍ਰੋਗਰਾਮ ਦੇਣਾ ਅਜੇ ਬਾਕੀ ਹੈ । ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਇਕ ਪੱਤਰ ਸਾਹਮਣੇ ਆਇਆ ਵਿੱਚ ਜਿਸ ਵਿੱਚ ਵਿਜੀਲੈਂਸ ਵੱਲੋਂ 48 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੇ ਨਾਮ ਮੁੱਖ ਸਕੱਤਰ ਨੂੰ ਭੇਜੇ ਗਏ ਸਨ ਜੋ ਅਰਜੀ ਨਵੀਸਾ ਜਾਂ ਹੋਰ ਨਿੱਜੀ ਵਿਅਕਤੀਆਂ ਦੇ ਰਾਹੀਂ ਰਿਸ਼ਵਤ ਲੈਂਦੇ ਹਨ। ਇਸ ਮੁੱਖ ਸਕੱਤਰ ਵੱਲੋਂ ਮਾਲ ਵਿਭਾਗ ਨੂੰ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਸੀ ।
ਵਿਜੀਲੈਂਸ ਵੱਲੋਂ 48 ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ, ਵਸੀਕਾ ਨਵੀਸਾਂ ਅਤੇ ਹੋਰ ਪ੍ਰਾਈਵੇਟ ਏਜੰਟਾਂ ਦੇ ਨਾਮ ਜਨਤਕ ਕਰਨ ਤੋਂ ਬਾਦ ਸ਼ੋਸ਼ਲ ਮੀਡੀਆ ਤੇ ਵੱਖ-ਵੱਖ ਪ੍ਰਤੀਕਰਮ ਆ ਰਹੇ ਹਨ । ਇਸ ਸਬੰਧੀ ਜਦੋਂ ਸਾਡੇ ਪੱਤਰਕਾਰ ਨੇ ਲੋਕਾਂ ਦੀ ਰਾਇ ਲਈ । ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਬਚਕਾਣੀਆਂ ਹਰਕਤਾਂ ਕਰ ਰਹੀ ਹੈ । ਪੰਜਾਬ ਦੀ ਉੱਚ ਬਿਉਰੋਕ੍ਰੇਸੀ ਵਿੱਚ ਅੱਜ ਵੀ ਅਕਾਲੀ ਦਲ ਅਤੇ ਕਾਂਗਰਸ ਸਰਕਾਰਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਜੋ ਸਰਕਾਰ ਨੂੰ ਮਿਸ ਗਾਈਡ ਕਰ ਰਹੀ ਹੈ । ਜੇਕਰ ਕੋਈ ਤਹਿਸੀਲਦਾਰ, ਨਾਇਬ ਤਹਿਸੀਲਦਾਰ ਜਾਂ ਕੋਈ ਵੀ ਅਧਿਕਾਰੀ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਸਰਕਾਰ ਕੋਲ ਅਨੇਕਾਂ ਖੁਫੀਆ ਤੰਤਰ ਮੌਜੂਦ ਹਨ, ਨਿਰਪੱਖ ਜਾਂਚ ਕਰਕੇ ਗ੍ਰਿਫਤਾਰ ਕਰ ਲੈਣਾ ਚਾਹੀਦਾ ਹੈ, ਇਸ ਤੋਂ ਇਲਾਵਾ ਜਿਵੇਂ ਕਹਾਵਤ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ ਇਸੇ ਤਰ੍ਹਾਂ ਭ੍ਰਿਸ਼ਟਾਚਾਰ ਦਾ ਨੈਟਵਰਕ ਵੀ ਦੂਰ ਤੱਕ ਜਾਂਦਾ ਹੈ ਇਸ ਦੀ ਵੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ । ਇਸ ਤਰ੍ਹਾਂ ਸ਼ਿਕਾਇਤਾਂ ਦੇ ਅਧਾਰ ਤੇ ਨਾਮ ਜਨਤਕ ਕਰਕੇ ਪਹਿਲੇ ਦਰਜੇ ਦੇ ਅਫਸਰਾਂ ਦੀ ਬਦਨਾਮੀ ਨਹੀਂ ਕਰਨੀ ਚਾਹੀਦੀ । ਦੂਜਾ ਪੰਜਾਬ ਭਰ ‘ਚ ਜੇਕਰ ਇਸੇ ਤਰ੍ਹਾਂ ਹੜਤਾਲ ਦਾ ਸਮਾਂ ਵਧਦਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਜਨਤਾ ਆਪਣੇ ਰੋਜ਼ਮੱਰਾ ਦੇ ਕੰਮਾਂ ਲਈ ਪ੍ਰੇਸ਼ਾਨ ਹੋ ਕੇ ਸੜਕਾਂ ਤੇ ਆ ਜਾਵੇਗੀ ਅਤੇ ਸਰਕਾਰ ਨੂੰ ਪਹਿਲਾਂ ਦੀ ਤਰ੍ਹਾਂ ਹੀ ਯੂਟਰਨ ਲੈਣਾ ਪਵੇਗਾ ।
ਫੋਟੋ ਕੈਪਸ਼ਨ: ਬੁੱਧਵਾਰ ਨੂੰ ਤਹਿਸੀਲ ਦਫਤਰ ਮਲੇਰਕੋਟਲਾ ਦੇ ਰਜਿਸਟਰੀ ਰੂਮ ਦੀ ਤਸਵੀਰ ।



