ਦੇਸ਼ ਵਿਦੇਸ਼ ਦੀ ਸਿੱਖ ਸੰਗਤ ਅਤੇ ਜਾਗਦੀ ਜ਼ਮੀਰ ਵਾਲੇ ਕੌਮੀ ਇਨਸਾਫ ਮੋਰਚੇ ‘ਚ ਪਹੁੰਚਣ-ਬਾਪੂ ਗੁਰਚਰਨ ਸਿੰਘ

author
0 minutes, 3 seconds Read

ਕੌਮ ਦੀ ਅਣਖ ਅਤੇ ਹੋਂਦ ਦਾ ਆਖਰੀ ਮੋਰਚਾ ਹੈ-ਬਾਬਾ ਰਾਜਾ ਰਾਜ ਸਿੰਘ

ਮੋਹਾਲੀ/ਮਲੇਰਕੋਟਲਾ, 04 ਅਗਸਤ (ਬਿਉਰੋ): ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਇੱਕ ਪਟੀਸ਼ਨ ਦੀ ਸੁਣਵਾਈ ਕਰਦਿਆਂ 17 ਅਗਸਤ ਤੱਕ ਮੋਹਾਲੀ-ਚੰਡੀਗੜ੍ਹ ਦੀਆਂ ਬਰੂਹਾਂ ‘ਤੇ ਕੌਮੀ ਇਨਸਾਫ ਮੋਰਚੇ ਵੱਲੋਂ ਲਗਾਏ ਗਏ ਧਰਨੇ ਨੂੰ ਖਾਲੀ ਕਰਵਾਉਣ ਲਈ ਕਿਹਾ ਹੈ । ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆ ਮੋਰਚੇ ਦੇ ਮੁੱਖ ਪ੍ਰਬੰਧਕ ਬਾਪੂ ਗੁਰਚਰਨ ਸਿੰਘ ਨੇ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਹਰਮਨ ਸਿਧੂ ਨਾਮ ਦੇ ਵਿਅਕਤੀ ਨੇ ਪਟੀਸ਼ਨ ਦਾਇਰ ਕੀਤੀ ਜਿਸ ਵਿੱਚ ਉਸ ਨੇ ਰਸਤੇ ਖਾਲੀ ਕਰਵਾਉਣ ਲਈ ਅਪੀਲ ਕੀਤੀ ਸੀ । ਜਿਸ ਦੀ ਸੁਣਵਾਈ ‘ਚ ਮਾਣਯੋਗ ਅਦਾਲਤ ਨੇ ਰਸਤੇ ਖਾਲੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ ਅਤੇ ਨਾਲ ਹੀ ਸਰਕਾਰ ਨੂੰ ਵੀ ਪੁਛਿਆ ਹੈ ਕਿ ਐਨੇ ਲੰਬੇ ਸਮੇਂ ਤੋਂ ਇਸ ਧਰਨੇ ਦਾ ਕੋਈ ਹੱਲ ਕਿਉਂ ਨਹੀਂ ਕੀਤਾ ਗਿਆ । ਉਨਾਂ ਕਿਹਾ ਕਿ ਅਸੀਂ ਕੋਈ ਰਸਤਾ ਨਹੀਂ ਰੋਕਿਆ ਬਲਿਕ 7 ਜਨਵਰੀ ਨੂੰ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਅਰਦਾਸ ਕਰਕੇ ਚੰਡੀਗੜ੍ਹ ਗਰਵਰਨ ਹਾਊਸ ਲਈ ਰਵਾਨਾ ਹੋਏ ਸੀ ਪਰੰਤੂ ਪੁਲਸ ਪ੍ਰਸ਼ਾਸਨ ਨੇ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਇੱਥੇ ਬੈਰੀਗੇਟ ਲਗਾ ਕੇ ਰੋਕ ਲਿਆ । ਉਨ੍ਹਾਂ ਕਿਹਾ ਕਿ ਅਸੀਂ ਸੰਵਿਧਾਨ ਦੇ ਅਨੁਸਾਰ ਆਪਣੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਨਿਆਂ ਦੀ ਮੰਗ ਕਰ ਰਹੇ ਹਾਂ । ਸੰਵਿਧਾਨ ਅਨੁਸਾਰ ਤਾਂ ਬੰਦੀ ਸਿੰਘਾਂ ਨੂੰ ਵੀ ਰਿਹਾ ਕਰਨਾ ਬਣਦਾ ਹੈ । ਮੋਰਚੇ ਦੀਆਂ ਮੰਗਾਂ ‘ਬੰਦੀ ਸਿੰਘਾਂ ਦੀ ਰਿਹਾਈ’, ਬੇਅਦਬੀਆਂ ਦਾ ਇਨਸਾਫ, ਬਹਿਬਲ ਕਲਾਂ ਅਤੇ ਕੋਟਕਪੂਰਾ ਦਾ ਇਨਸਾਫ ਦੇ ਦਿੱਤਾ ਜਾਵੇ ਤਾਂ ਅਸੀਂ ਧਰਨਾ ਸਮਾਪਤ ਕਰ ਦੇਵਾਂਗੇ ।

ਇਸੇ ਸਬੰਧ ‘ਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਦਲ ਪੰਥ ਅਰਬਾਂ ਖਰਬਾਂ ਦੇ ਮੁੱਖੀ ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਸਰਕਾਰਾਂ ਨੇ ਸ਼ੁਰੂ ਤੋਂ ਹੀ ਘੱਟਗਿਣਤੀਆਂ ਤੇ ਜ਼ੁਲਮ ਕੀਤੇ ਹਨ । ਉਸਨੂੰ ਰਾਹਗੀਰਾਂ ਦੇ ਆਉਣ ਜਾਣ ‘ਚ ਆ ਰਹੀ ਕਠਿਨਾਈ ਤਾਂ ਦਿਖ ਰਹੀ ਹੈ ਪਰੰਤੂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਜੋ 30-30 ਸਾਲ ਤੋਂ ਜੇਲ੍ਹਾਂ ‘ਚ ਬੰਦ ਹਨ ਉਨਾਂ ਦਾ ਦਰਦ ਨਹੀਂ ਦਿਖ ਰਿਹਾ । ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜੇਕਰ ਬਲ ਦਾ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਨਤੀਜੇ ਚੰਗੇ ਨਹੀਂ ਹੋਣਗੇ । ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਫੌਜਾਂ ਬੰਦੀ ਸਿੰਘਾਂ ਦੀ ਰਿਹਾਈ ਹੋਣ ਤੱਕ ਡਟੇ ਰਹਿਣਗੇ ਭਾਵੇਂ ਸਰਕਾਰ ਇਸ ਮੋਰਚੇ ਨੂੰ ਵੀ ਬਹਿਬਲ ਕਲਾਂ ਅਤੇ ਕੋਟਕਪੂਰਾ ਬਣਾ ਦੇਵੇ । ਉਨ੍ਹਾਂ ਕਿਹਾ ਕਿ ਪੁਲਸ ਆਪਣੇ ਬੈਰੀਕੇਡ ਚੁੱਕ ਲਵੇ ਤਾਂ ਕਿ ਅਸੀਂ ਵੀ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਕੋਠੀ ‘ਚ ਜਾ ਕੇ ਧਰਨਾ ਦੇਈਏ । ਪ੍ਰੈਸ ਦੇ ਮਾਧਿਅਮ ਰਾਹੀਂ ਬਾਬਾ ਰਾਜਾ ਰਾਜ ਸਿੰਘ ਨੇ ਆਪਣੀ ਅਵੇਸਲੀ ਹੋ ਚੁੱਕੀ ਕੌਮ ਨੂੰ ਅਪੀਲ ਕੀਤੀ ਕਿ ਆਪਣੇ ਕੰਮਕਾਜ ਵਿੱਚੋਂ ਸਮਾਂ ਕੱਢਕੇ ਖਾਸਕਰ ਪੁਆਧ ਇਲਾਕੇ ਦੀ ਸਿੱਖ ਸੰਗਤ ਮੋਰਚੇ ਵਿੱਚ ਪਹੁੰਚੇ । ਉਨਾਂ ਕਿਹਾ ਕਿ ਇਹ ਅਣਖ ਅਤੇ ਹੋਂਦ ਦਾ ਪੰਥਕ ਮੋਰਚਾ ਸਿੱਖ ਕੌਮ ਦਾ ਆਖਰੀ ਮੋਰਚਾ ਹੈ ਜੇਕਰ ਅਸੀਂ ਇਸ ਮੋਰਚੇ ਦੀ ਹਿਫਾਜ਼ਤ ਨਾ ਕਰ ਸਕੇ ਤਾਂ ਇਸ ਤੋਂ ਬਾਦ ਸਰਕਾਰਾਂ ਨੇ ਸਾਨੂੰ ਕਦੇ ਵੀ ਇਨਸਾਫ ਨਹੀਂ ਦੇਣਾ ।

Similar Posts

Leave a Reply

Your email address will not be published. Required fields are marked *