ਨੌਜਵਾਨਾਂ ਨਸ਼ੇ ਤਿਆਗੋ, ਅੰਮ੍ਰਿਤ ਛਕੋ ਅਤੇ ਤਿਆਰ-ਬਰ-ਤਿਆਰ ਸਿੰਘ ਸਜੋ- ਭਾਈ ਅੰਮ੍ਰਿਤਪਾਲ ਸਿੰਘ

author
0 minutes, 8 seconds Read

ਮਲੇਰਕੋਟਲਾ, 10 ਜੁਲਾਈ (ਬਿਉਰੋ): ਅਜੋਕਾ ਦੌਰ ਸੋਸ਼ਲ ਮੀਡੀਆ ਦਾ ਹੈ । ਵੱਡੇ ਟੀਵੀ ਚੈਨਲਾਂ, ਮੀਡੀਆ ਸੰਸਥਾਨਾਂ ਤੇ ਜਨਤਾ ਦਾ ਭਰੋਸਾ ਉੱਠ ਚੁੱਕਿਆ ਹੈ, ਜੇਕਰ ਕੋਈ ਪਾਠਕ ਚੈਨਲ ‘ਤੇ ਖਬਰ ਦੇਖ ਲਵੇ ਤਾਂ ਪੁਸ਼ਟੀ ਕਰਨ ਲਈ ਸੋਸ਼ਲ ਮੀਡੀਆ ਤੇ ਕਰਨੀ ਪੈਂਦੀ ਹੈ । ਪਿਛਲੇ ਦਿਨੀਂ ਪੰਜਾਬ ਅੰਦਰ ਭਾਈ ਅੰਮਿਤਪਾਲ ਸਿੰਘ ਅਤੇ ਉਸਦੇ ਸਾਥੀ ਸਿੰਘਾਂ ਦੀ ਨਾਟਕੀ ਢੰਗ ਨਾਲ ਕੀਤੀ ਗਈ ਗ੍ਰਿਫਤਾਰੀ ਮੌਕੇ ਮੀਡੀਆ ਨੇ ਫੇਕ ਨਿਊਜ਼ ਦਿਖਾਕੇ ਆਪਣੀ ਬਚੀ-ਖੁਚੀ ਈਮੇਜ਼ ਵੀ ਖਤਮ ਕਰ ਲਈ । ਆਖਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜਿਸ ਦੀ ਦੇਸ਼ ਵਿਦੇਸ਼ ਵਿੱਚ ਵੱਸਦੀ ਸਿੱਖ ਸੰਗਤ ਨੇ ਪੰਜਾਬ ਸਰਕਾਰ ਨੂੰ ਖੂਬ ਲਾਹਨਤਾਂ ਪਾਈਆਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਫੜ-ਫੜ ਕੇ ਅਸਾਮ ਭੇਜਿਆ ਜਾ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਲਿਖੀ ਇੱਕ ਚਿੱਠੀ ਖੂਬ ਵਾਇਰਲ ਹੋ ਰਹੀ ਜਿਸ ਵਿੱਚ ਸਾਰੇ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਲਿਖਿਆ ਗਿਆ ਹੈ । ਇਸ ਖਤ ਰਾਹੀਂ ਮਨੁੱਖੀ ਹੱਕਾਂ ਦੇ ਘੜੰਮ ਚੌਧਰੀ ਕੌਮਾਂਤਰੀ ਭਾਈਚਾਰੇ ਨੂੰ ਵੀ ਸ਼ਿਕਵਾ ਕੀਤਾ ਗਿਆ ਹੈ ਕਿ ਜਦੋਂ ਭਾਰਤੀ ਸਟੇਟ ਵੱਲੋਂ ਸਿੱਖਾਂ ਤੇ ਘੋਰ ਅੱਤਿਆਚਾਰ ਹੋ ਰਿਹਾ ਹੈ ਤਾਂ ਕੋਈ ਨਹੀਂ ਬੋਲ ਰਿਹਾ । ਸਿੱਖ ਕੌਮ ਨੂੰ ਆਪਣੀ ਹੋਂਦ ਨੂੰ ਬਚਾਉਣ ਲਈ ਸੰਦੇਸ਼ ਦਿੱਤਾ ਗਿਆ ਹੈ ਕਿ ਨੌਜਵਾਨਾਂ ਨੂੰ ਨਸ਼ੇ ਛੱਡਕੇ ਆਪਣੇ ਧਰਮ ਨਾਲ ਜੁੜਨਾ ਚਾਹੀਦਾ ਹੈ । ਉਨਾਂ ਇਹ ਵੀ ਲਿਖਿਆ ਹੈ ਕਿ ਸਿੱਖ ਕੌਮ ਨੂੰ ਆਪਸੀ ਵਖਰੇਵੇਂ ਅਤੇ ਵਿਚਾਰਕ ਮੱਤਭੇਦ ਭੁਲਾਕੇ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਚਾਹੀਦੈ ਤਾਂ ਜੋ ਕੌਮੀ ਘਰ ਬਣਾ ਸਕਣ ਜਿੱਥੇ ਖਾਲਸਾ ਅਜ਼ਾਦੀ ਦਾ ਨਿੱਘ ਮਾਣ ਸਕੇ ।

ਭਾਈ ਅਮ੍ਰਿੰਤਪਾਲ ਸਿੰਘ ਵੱਲੋਂ ਲਿਖੀ ਚਿੱਠੀ

ਸਿੱਖ ਕੌਮ ਦੇ ਅਣਥੱਕ ਸੇਵਾਦਾਰ, ਰਾਜਸੀ ਮੰਜ਼ਿਲ ਨੂੰ ਸਮਰਪਿਤ ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹੀਦੀ ਦੀ ਖਬਰ ਸਾਨੂੰ ਜੇਲ੍ਹ ‘ਚ ਪਹੁੰਚੀ ਹੈ । ਦੋਹਾਂ ਸਿੰਘਾਂ ਦੀ ਸਿੱਖ ਪੰਥ ਲਈ ਘਾਲਣਾ ਅਤੇ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ । ਸੰਘਰਸ਼ ਦੇ ਸਾਥੀਆਂ ਦਾ ਵਿਛੋੜਾ ਅਸਹਿ ਅਤੇ ਅਕਹਿ ਹੁੰਦਾ ਹੈ । ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਨਾਲ ਸਾਡੀ ਕੌਮੀ ਸਾਂਝ ਦੇ ਨਾਲ-ਨਾਲ  ਨਿੱਜੀ ਸਾਂਝ ਸੀ । ਉਨ੍ਹਾਂ ਦੇ ਪਿਤਾ ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਦੀ ਸ਼ਹਾਦਤ, ਸਿੱਖ ਸੰਘਰਸ਼ ਦੌਰਾਨ ਹੋਈ ਹੈ । ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਨੂੰ ਸਿੱਖਾਂ ਦੇ ਰਾਜਸੀ ਨਿਸ਼ਾਨੇ ਲਈ ਸਮਰਪਿਤ ਹੋਣ ਅਤੇ ਅਡੋਲ ਰਹਿਣ ਕਾਰਣ ਹਿੰਦ ਹਕੂਮਤ ਨੇ ਸ਼ਹੀਦ ਕੀਤਾ ਹੈ ।

ਸ਼ਹੀਦ ਭਾਈ ਅਵਤਾਰ ਸਿੰਘ ਖੰਡੀ ਦੀ ਸ਼ਹੀਦੀ ਨੂੰ ਧੁੰਦਲਾ ਕਰਨ ਲਈ ਹਿੰਦ ਹਕੂਮਤ ਨੇ ਉਨ੍ਹਾਂ ਦੀ ਸ਼ਹਾਦਤ ਨੂੰ ਬੀਮਾਰੀ ਕਾਰਣ ਹੋਈ ਮੌਤ ਵਜੋਂ ਪੇਸ਼ ਕੀਤਾ ਹੈ । ਜਿਵੇਂ ਕਿ ਸ਼ਹੀਦ ਭਾਈ ਸੰਦੀਪ ਸਿੰਘ (ਦੀਪ ਸਿੱਧੂ) ਦੀ ਸ਼ਹਾਦਤ ਨੂੰ ‘ਸੜਕ ਦੁਰਘਟਨਾ’ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ । ਇਸ ਮੌਕੇ ਹਕੂਮਤ ਦੇ ਇਨ੍ਹਾਂ ਕੋਝੇ ਯਤਨਾਂ ਦੇ ਬਾਵਜੂਦ ਸਿੱਖ ਕੌਮ ਦੀ ਸਮੂਹਿਕ ਚੇਤਨਾ ਨੇ ਉਨਾਂ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਦਿੱਤਾ ਸੀ । ਇਸੇ ਤਰ੍ਹਾਂ ਬਿਨ੍ਹਾਂ ਕਿਸੇ ਸ਼ੰਕੇ ਤੋਂ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਨੂੰ ਕੌਮੀ ਸ਼ਹੀਦ ਦਾ ਦਰਜਾ ਸਿੱਖ ਕੌਮ ਦੇਵੇ । ਕੌਮ ਇਸ ਗੱਲ ‘ਤੇ ਵਚਨਬੱਧ ਹੋਵੇ ਕਿ ਇਨ੍ਹਾਂ ਸਿੰਘਾਂ ਦਾ ਡੁੱਲਿਆ ਲਹੂ ਕਦੇ ਅਜਾਈਂ ਨਹੀਂ ਜਾਵੇਗਾ । ਸਾਡੀ ਨਸਲ ਦਰ ਨਸਲ ਅਜ਼ਾਦੀ ਲਈ ਸੰਘਰਸ਼ ਕਰਦੀ ਰਹੇਗੀ । ਖੋਰੇ ਹਕੂਮਤ ਨੂੰ ਇਸ ਗੱਲ ਦਾ ਭਰਮ ਹੈ ਕਿ ਇਸ ਤਰ੍ਹਾਂ ਪੰਥ ਵਿੱਚੋਂ ਸੰਘਰਸੀ ਨੌਜਵਾਨਾਂ ਨੂੰ ਚੁਣ-ਚੁਣ ਕੇ ਸ਼ਹੀਦ ਕਰਨ ਨਾਲ ਸਿੱਖਾਂ ਵਿੱਚੋਂ ਰਾਜਸੀ ਚੇਤਨਾ ਮੁੱਕ ਜਾਵੇਗੀ । ਇਤਿਹਾਸ ਗਵਾਹ ਹੈ ਕਿ ਸ਼ਹਾਦਤਾਂ ਨੇ ਸੰਘਰਸ਼ ਨੂੰ ਹਮੇਸ਼ਾਂ ਬਲ ਬਖਸ਼ਿਆ ਹੈ । ਸ਼ਹੀਦਾਂ ਦੇ ਲਹੂ ਨਾਲ ਕੌਮ ਦੀ ਮਿੱਟੀ ਜ਼ਰਖੇਜ਼ ਹੁੰਦੀ ਰਹੇਗੀ, ਜਿਸ ਨਾਲ ਹੋਰ ਸੂਰਮੇ ਪੈਦਾ ਹੁੰਦੇ ਰਹਿਣਗੇ ।

ਇਹ ਭਰਮ ਜੋ ਹਿੰਦੁਸਤਾਨ ਦੀ ਹਕੂਮਤ ਨੂੰ ਹੋਇਐ, ਇਹ ਕਿਸੇ ਵੇਲੇ ਮੁਗਲਾਂ, ਦੁਰਾਨੀਆਂ ਤੇ ਅੰਗਰੇਜ਼ ਹਕੂਮਤ ਨੂੰ ਵੀ ਰਿਹਾ ਸੀ । ਇਸ ਭਰਮ ਨੇ ਉਨ੍ਹਾਂ ਦੇ ਪਾਪੀ ਰਾਜ ਦੀਆਂ ਜੜਾਂ ਪੁੱਟ ਦਿੱਤੀਆਂ ਸਨ । 1978 ਦੀ ਵਿਸਾਖੀ ਤੋਂ ਬਾਅਦ ਉੱਠੇ ਸਿੱਖ ਸੰਘਰਸ਼ ਨੂੰ ਕੁਚਲਣ ਲਈ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਰਕੇ ਸਿੱਖਾਂ ਦੀ ਰਾਜਸੀ ਤਾਕਤ ਦੇ ਸੋਮੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰਕੇ ਅਤੇ ਸੰਘਰਸ਼ ਦੇ ਨਾਇਕ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਨੂੰ ਸ਼ਹੀਦ ਕਰਕੇ ਹਿੰਦ ਹਕੂਮਤ ਨੂੰ ਭਰਮ ਸੀ ਕਿ ਸਿੱਖਾਂ ਨੂੰ ਦਬਾਇਆ ਜਾ ਸਕਦਾ ਹੈ ਪਰ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਵਹਿਸ਼ੀ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ ।

ਗੁਰੂ ਸਿਧਾਂਤ ਮੁਤਾਬਕ ਹਥਿਆਰਬੰਦ ਸੰਘਰਸ਼ ਸਿੱਖਾਂ ਵਾਸਤੇ ਆਖਰੀ ਰਾਹ ਹੁੰਦਾ ਹੈ । ਅਜੋਕੇ ਵਿੱਚ ਬੇਇਨਸਾਫੀ, ਜਬਰ ਦੇ ਖਿਲਾਫ ਅਤੇ ਰਾਜਸੀ ਅਜ਼ਾਦੀ ਲਈ ਅਸੀਂ ਸ਼ਾਂਤਮਈ ਸੰਘਰਸ਼ ਕਰ ਰਹੇ ਹਾਂ । ਇਸ ਦੇ ਬਾਵਜੂਦ ਹਕੂਮਤ ਸਾਡਾ ਸ਼ਿਕਾਰ ਖੇਡਣ ‘ਤੇ ਉਤਾਰੂ ਹੈ । ਕੌਮ ਦੇ ਹੀਰਿਆਂ ਵਰਗੇ ਨੌਜਵਾਨਾਂ ਨੂੰ ਚੁਣ-ਚੁਣ ਕੇ ਸਾਜ਼ਿਸ਼ਾਨਾਂ ਤਰੀਕੇ ਨਾਲ ਸ਼ਹੀਦ ਕੀਤਾ ਜਾ ਰਿਹਾ ਹੈ । ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਕੌਮੀ ਘਰ ਲਈ ਤਤਪਰ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਹਕੂਮਤ ਦੀਆਂ ਚਾਲਾਂ ਤੋਂ ਸੁਚੇਤ ਰਹਿਕੇ, ਸੰਘਰਸ਼ ਨੂੰ ਹੋਰ ਬੁਲੰਦੀਆਂ ‘ਤੇ ਲਿਜਾਇਆ ਜਾਵੇ ।

ਭਾਰਤ ‘ਚ ਹੋਈ ਸਿੱਖ ਨਸਲਕੁਸ਼ੀ ‘ਤੇ ਉਸ ਦੇ ਨਤੀਜੇ ਵਜੋਂ ਸਿੱਖਾਂ ਦੀ ਪੰਜਾਬ ‘ਚੋਂ ਹਿਜਰਤ ਜਾਰੀ ਹੈ । ਇਸ ਦੀ ਦੋਸ਼ੀ ਭਾਰਤੀ ਸਟੇਟ ਨੂੰ ਦੁਨੀਆ ਦੇ ਕਟਹਿਰੇ ਵਿੱਚ ਸਿੱਖ ਕਾਰਕੁੰਨ ਖੜਾ ਕਰ ਰਹੇ ਹਨ । ਜਿਹੜੇ ਮੁਲਕ ਆਪਣੇ ਆਪ ਨੂੰ ਮਨੁੱਖੀ ਹੱਕਾਂ ਦੇ ਅਲੰਬਰਦਾਰ ਅਖਵਾਉਂਦੇ ਹਨ, ਉਨਾਂ ਦੇ ਨੱਕ ਹੇਠ ਭਾਰਤੀ ਖੁਫੀਆ ਏਜੰਸੀਆਂ ਸਿੱਖ ਕਾਰਕੁੰਨਾਂ ਦੇ ਲਹੂ ਨਾਲ ਖੇਡ ਰਹੀਆਂ ਹਨ । ਕੀ ਇਨਾਂ ਮੁਲਕਾਂ ਦੀ ਇਸ ਮਸਲੇ ‘ਤੇ ਚੁੱਪੀ ਹਿੰਦ ਹਕੂਮਤ ਨੂੰ ਖਾਮੋਸ਼ ਸਹਿਮਤੀ ਨਹੀਂ ਦੇ ਰਹੀ? ਕੀ ਇਹ ਮੁਲਕ ਆਪਣੇ ਆਰਥਿਕ ਹਿਤਾਂ ਦੀ ਪੂਰਤੀ ਲਈ ਮਨੁੱਖੀ ਅਧਿਕਾਰਾਂ ਦੀ ਬਲੀ ਦਿੰਦੇ ਰਹਿਣਗੇ?

ਸੋ ਸਿੱਖਾਂ ਲਈ ਗੁਰੂ ਸਾਹਿਬ ਤੋਂ ਬਿਨਾਂ ਕੋਈ ਵਾਲੀ ਨਹੀਂ ਤੇ ਆਪਣੇ ਰਾਜ ਭਾਗ ਬਿਨਾਂ ਸਿੱਖਾਂ ਦੇ ਘਾਣ ਦਾ ਰੁਕਣਾ ਅਸੰਭਵ ਹੈ । ਸਿੱਖਾਂ ਦੇ ਰਾਜਸੀ ਸੂਰਜ ਨੂੰ ਚੜਣੋਂ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ । ਅਫਜ਼ਲ ਅਹਿਸਨ ਰੰਧਾਵਾ ਦੀ ਲਿਖੀ ਤੀਜੇ ਘੱਲੂਘਾਰੇ ਬਾਰੇ ਕਵਿਤਾ ਦੇ ਲਫਜ਼ ਹਨ: “ਮੇਰਾ ਡੁੱਬਿਆ ਸੂਰਜ ਚੜ੍ਹੇਗਾ, ੳੜਕੇ ਮੁੱਕੇਗੀ ਰਾਤ” ਜੁਲਮ ਦੀ ਰਾਤ ਮੁੱਕ ਜਾਵੇਗੀ ਤੇ ਫਿਰ ਅਜ਼ਾਦੀ ਦਾ ਸੂਰਜ ਉਦੇ ਹੋਵੇਗਾ” ਜਿਸ ਨੂੰ ਲੋਕਾਈ ਵੇਖੇਗੀ । ਇਸ ਤਾਂਘ ਨਾਲ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਜਿਉਂਦੇ ਰਹੇ ਤੇ ਸਾਡੇ ਚੇਤਿਆਂ ਵਿੱਚ ਸਦਾ-ਸਦਾ ਜਿਉਂਦੇ ਰਹਿਣਗੇ । ਸ਼ਹੀਦਾਂ ਦੀ ਮਾਲਾ ਦੇ ਇਨ੍ਹਾਂ ਸੁੱਚੇ ਮੋਤੀਆਂ ਨੂੰ ਸਿਜਦਾ ਕਰਦੇ ਹਾਂ । ਇਨ੍ਹਾਂ ਸਿੰਘਾਂ ਦੇ ਪਰਿਵਾਰ, ਖਾਲਸਾ ਪੰਥ ਦੇ ਆਪਣੇ ਪਰਿਵਾਰ ਹਨ । ਜਿਨ੍ਹਾਂ ਦਾ ਖਿਆਲ ਰੱਖਣਾ ਸਾਡਾ ਸਭ ਦਾ ਫਰਜ਼ ਹੈ ।

ਆਖਰ ਵਿੱਚ ਸਿੱਖ ਪੰਥ ਦੇ ਚਰਨਾਂ ‘ਚ ਸਨਿਮਰ ਬੇਨਤੀ ਕਰਦੇ ਹਾਂ ਕਿ ਆਪਣੇ ਰਾਜ ਭਾਗ ਲਈ ਜਿੱਥੇ ਅਸੀਂ ਗੁਰੂ ਸਾਹਿਬ ਤੋਂ ਦੋਵੇਂ ਵਕਤ ਬਖਸ਼ਿਸ਼ ਮੰਗਦੇ ਹਾਂ, ਉੱਥੇ ਹੀ ਇਸ ਪਾਵਨ ਮਕਸਦ ਲਈ ਯਤਨਸ਼ੀਲ ਰਹਿਣਾ ਹੀ ਸ਼ਹੀਦਾਂ ਨੂੰ ਅਸਲ ਪ੍ਰਣਾਮ ਹੋਵੇਗਾ । ਗੁਰੂ ਸਾਹਿਬ ਫਤਹਿ ਬਖਸ਼ਣਗੇ, ਇਹ ਸਾਡਾ ਅਟੱਲ ਨਿਸ਼ਚਾ ਹੈ । ਆਖਰ ‘ਚ ਸਿੱਖ ਨੌਜਵਾਨੀ ਤੱਕ ਸੰਦੇਸ਼ ਹੈ ਕਿ:

ਨਸ਼ੇ ਤਿਆਗੋ, ਅੰਮ੍ਰਿਤ ਛਕੋ ਅਤੇ ਤਿਆਰ-ਬਰ-ਤਿਆਰ ਸਿੰਘ ਸਜੋ ।

ਗੁਰੂ ਪੰਥ ਦੇ ਦਾਸ: ਭਾਈ ਅੰਮਿਤਪਾਲ ਸਿੰਘ ਤੇ ਸਾਥੀ ਸਿੰਘ ਡਿਬਰੂਗੜ੍ਹ ਜੇਲ੍ਹ, ਅਸਾਮ

ਕੈਪਸ਼ਨ: ਭਾਈ ਅਮ੍ਰਿੰਤਪਾਲ ਸਿੰਘ ਖਾਲਸਾ ਦੀ ਪੁਰਾਣੀ ਤਸਵੀਰ ਅਤੇ ਜੇਲ੍ਹ ‘ਚੋਂ ਲਿਖੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਚਿੱਠੀ ।

Similar Posts

Leave a Reply

Your email address will not be published. Required fields are marked *