ਕੌਮੀ ਇਨਸਾਫ ਮੋਰਚੇ ਦੀ ਤੀਸਰੀ ਜਿੱਤ
“ਹਾਸ਼ਮ ਫਤਿਹ ਨਸੀਬ ਉਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ”
ਮਲੇਰਕੋਟਲਾ, 21 ਸਤੰਬਰ (ਅਬੂ ਜ਼ੈਦ): “ਹਾਸ਼ਮ ਫਤਿਹ ਨਸੀਬ ਉਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ” ਜਿਹੜੀਆਂ ਕੌਮਾਂ ਹਿੰਮਤ ਰੱਖਦੀਆਂ ਹਨ ਉਨਾਂ ਨੂੰ ਭਾਵੇਂ ਦੇਰ ਨਾਲ ਹੀ ਮਿਲੇ ਜਿੱਤ ਜ਼ਰੂਰ ਮਿਲਦੀ ਹੈ । ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਤੇ 7 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀਆਂ ਅਤੇ ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਦਾ ਇਨਸਾਫ ਲੈਣ ਲਈ ਲਗਾਇਆ ਗਿਆ ਮੋਰਚਾ ਦਿਨੋਂ-ਦਿਨ ਕਾਮਯਾਬੀ ਦੀਆਂ ਬੁਲੰਦੀਆਂ ਵੱਲ ਵਧ ਰਿਹਾ ਹੈ । ਮੋਰਚਾ ਲੱਗੇ ਨੂੰ 254 ਦਿਨ ਹੋ ਚੁੱਕੇ ਹਨ, ਭਾਵੇਂ ਕਿ ਸਰਕਾਰ ਮੋਰਚੇ ਨੂੰ ਅਣਗੌਲਿਆ ਕਰ ਰਹੀ ਹੈ ਪਰੰਤੂ ਮੋਰਚਾ ਪੰਜਾਬ ਸਰਕਾਰ ਅਤੇ ਕੇਂਦਰ ਲਈ ਜੀਅ ਦਾ ਜਿੰਜਾਲ ਬਣਿਆ ਹੋਇਆ ਹੈ । ਸ਼ੋਸ਼ਲ ਮੀਡੀਆ ਨੇ ਵਿਸ਼ਵ ਭਰ ਵਿੱਚ ਭਾਰਤੀ ਕਾਨੂੰਨ ਦੇ ਦੋਹਰੇ ਮਾਪਦੰਡ ਦਾ ਭਾਂਡਾ ਭੰਨ ਦਿੱਤਾ ਹੈ, ਭਾਰਤ ਅੰਦਰ ਘੱਟਗਿਣਤੀਆਂ ‘ਤੇ ਹੋ ਰਹੇ ਜ਼ੁਲਮ ਅੱਜ ਪੂਰਾ ਵਿਸ਼ਵ ਦੇਖ ਰਿਹਾ ਹੈ । ਮੋਰਚਾ ਲੱਗਣ ਤੋਂ ਬਾਦ ਅੱਜ ਤੀਜੇ ਬੰਦੀ ਸਿੰਘ ਭਾਈ ਸ਼ਮਸ਼ੇਰ ਸਿੰਘ ਖਾਲਸਾ ਨੂੰ ਪੱਕੀ ਜ਼ਮਾਨਤ ਮਿਲ ਗਈ ਹੈ ਅਤੇ ਕਈਆਂ ਨੂੰ ਪੈਰੋਲ ਦਾ ਰਸਤਾ ਖੁੱਲ ਗਿਆ ਹੈ । ਭਾਈ ਸ਼ਮਸ਼ੇਰ ਸਿੰਘ ਦੇ ਜੇਲ ਤੋਂ ਬਾਹਰ ਆਉਣ ‘ਤੇ ਕੌਮੀ ਇਨਸਾਫ ਮੋਰਚਾ ਵੱਲੋਂ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਗੁਰਜੰਟ ਸਿੰਘ, ਬਾਬਾ ਰਾਜਾ ਰਾਜ ਸਿੰਘ ਅਤੇ ਸਿੱਖ ਕੌਮ ਵੱਲੋਂ ਹਾਰਦਿਕ ਸਵਾਗਤ ਕੀਤਾ ਗਿਆ । ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਸੰਗਤਾਂ ਜੇਲ ਦੇ ਬਾਹਰ ਉਹਨਾਂ ਦੇ ਆਉਣ ਦਾ ਇੰਤਜਾਰ ਕਰ ਰਹੇ ਸਨ । ਭਾਈ ਸ਼ਮਸ਼ੇਰ ਸਿੰਘ ਦੀ ਰਿਹਾਈ ਸ਼ਾਮ ਵੇਲੇ ਹੋਈ, ਕੌਮ ਨੇ ਜੈਕਾਰਿਆਂ ਨਾਲ ਪੂਰਾ ਮੋਹਾਲੀ-ਚੰਡੀਗੜ੍ਹ ਗੂੰਜਣ ਲਗਾ ਦਿੱਤਾ । ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਮੋਰਚਾ ਜਿਵੇਂ ਜਿਵੇਂ ਲੰਬਾ ਹੋ ਰਿਹਾ ਹੈ ਓਨਾ ਹੀ ਜਿੱਤ ਵੱਲ ਵਧ ਰਿਹਾ ਹੈ । ਮੋਰਚਾ ਲੱਗਣ ਤੋਂ ਬਾਦ ਅੱਜ ਤਿੰਨ ਬੰਦੀ ਸਿੰਘਾਂ ਦੀ ਪੱਕੀ ਜਮਾਨਤ ਤੇ ਰਿਹਾਈ ਹੋ ਚੁੱਕੀ ਹੈ ਅਤੇ ਬਾਕੀ ਸਿੰਘ ਵੀ ਜਲਦੀ ਸਾਡੇ ਵਿੱਚ ਹੋਣਗੇ । ਸਰਕਾਰਾਂ ਮੋਰਚੇ ਨੂੰ ਖਤਮ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ ਪਰੰਤੂ ਵਾਹਿਗੁਰੂ ਦੀ ਕਿਰਪਾ ਨਾਲ ਮੋਰਚਾ ਚੜ੍ਹਦੀ ਕਲਾ ਵਿੱਚ ਹੈ । ਇਸ ਤੋਂ ਬਾਦ ਭਾਈ ਸ਼ਮਸ਼ੇਰ ਸਿੰਘ ਦਾ ਆਪਣੇ ਇਲਾਕੇ ਰਾਜਪੁਰਾ ਦੇ ਗਗਨ ਚੌਂਕ ਪਹੁੰਚਣ ‘ਤੇ ਮਨਮੋਹਨ ਸਿੰਘ, ਇੰਦਰਜੀਤ ਸਿੰਘ, ਗੁਰਦਿੱਤ ਸਿੰਘ, ਕੁਲਬੀਰ ਸਿੰਘ, ਹਰਪ੍ਰੀਤ ਸਿੰਘ ਅਤੇ ਸਾਥੀਆਂ ਨੇ ਭਰਵਾਂ ਸਵਾਗਤ ਕੀਤਾ ।



