ਅੰਮ੍ਰਿਤਸਰ/ਮਲੇਰਕੋਟਲਾ, 06 ਨਵੰਬਰ (ਬਿਉਰੋ): ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਭਾਰਤ ਅੰਦਰ ਘੱਟਗਿਣਤੀਆਂ ਨਾਲ ਧੱਕਾ ਹੁੰਦਾ ਆ ਰਿਹਾ ਹੈ । ਭਾਵੇਂ ਮੁਸਲਮਾਨਾਂ ਦੇ 2002 ਨੂੰ ਗੁਜਰਾਤ ਦੇ ਗੋਧਰਾ ‘ਚ ਹੋਏ ਨਰਸੰਹਾਰ ਦੇ ਰੂਪ ਵਿੱਚ ਹੋਵੇ ਜਾਂ 1984 ਦੀ ਸਿੱਖ ਕੌਮ ਦੀ ਨਸਲਕੁਸ਼ੀ ਦੇ ਰੂਪ ਵਿੱਚ ਹੋਵੇ । ਨਸਲਕੁਸ਼ੀ ਤੋਂ ਬਾਦ ਸਬਰ ਕਰਕੇ ਜਦੋਂ ਘੱਟਗਿਣਤੀਆਂ ਦੇ ਲੋਕ ਇਨਸਾਫ ਲੈਣ ਲਈ ਅਦਾਲਤਾਂ ਦਾ ਰੁੱਖ ਕਰਦੇ ਹਨ ਤਾਂ ਉੱਥੇ ਵੀ ਉਹਨਾਂ ਨੂੰ ਨਿਰਾਸਤਾ ਹੀ ਮਿਲਦੀ ਹੈ । ਗੁਜਰਾਤ ਦਾ ਬਿਲਕਿਸ ਬਾਨੋ ਰੇਪ ਬਹੁਚਰਚਿਤ ਕੇਸ ਜਿਸ ਦੀ ਚੀਖ ਸਾਰੀ ਦੁਨੀਆ ਨੇ ਸੁਣੀ, ਦਹਾਕਿਆਂ ਦੀ ਅਦਾਲਤੀ ਕਾਰਵਾਈ ਤੋਂ ਬਾਦ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਪਰੰਤੂ ਕੁਝ ਸਮੇਂ ਬਾਦ ਹੀ ਉਹਨਾਂ ਨੂੰ ਅਦਾਲਤ ਨੇ ਛੱਡ ਦਿਤਾ । ਇਸੇ ਤਰ੍ਹਾਂ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀ ਅੱਜ ਵੀ ਜੇਲ੍ਹਾਂ ਤੋਂ ਬਾਹਰ ਦਨ-ਦਨਾਉਂਦੇ ਫਿਰਦੇ ਹਨ ਜੋ ਕਿ ਮੁਸਲਿਮ ਅਤੇ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ।
ਮੋਹਾਲੀ-ਚੰਡੀਗੜ੍ਹ ਦੀਆਂ ਬਰੂਹਾਂ ਉੱਤੇ ਕੌਮੀ ਇਨਸਾਫ ਮੋਰਚੇ ਵੱਲੋਂ ‘ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਪੱਕੇ ਧਰਨੇ ਨੂੰ 10 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰੰਤੂ ਕੇਂਦਰ ਅਤੇ ਪੰਜਾਬ ਸਰਕਾਰ ਦੇ ਕੰਨ ਉੱਤੇ ਜੂੰਅ ਨਹੀਂ ਸਰਕੀ । ਇੱਕ ਪਾਸੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋ ਕੱਢਣ ਅਤੇ ਸਿੱਖ ਕੌਮ ਨੂੰ ਬਾਣੀ ਅਤੇ ਬਾਣੇ ਨਾਲ ਜੋੜਣ ਲਈ ਕੰਮ ਕਰ ਰਹੇ ਦੁਬਈ ਤੋਂ ਪੰਜਾਬ ਆਏ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸਮੇਤ 95 ਸਾਥੀਆਂ ਨੂੰ ਖਾਸਿਲਤਾਨੀ ਸਮਰਥਕ ਕਹਿ ਗ੍ਰਿਫਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਅਤੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ ਦੂਜੇ ਪਾਸੇ ਦੇਸ਼ ਭਰ ਵਿੱਚ ਹਿੰਦੂ ਰਾਸ਼ਟਰ ਦੀ ਦੁਹਾਈ ਦੇ ਰਹੇ ਅਖੌਤੀ ਬਾਬਾ ਧਿਰੇਂਦਰ ਸ਼ਾਸਤਰੀ ਦੇਸ਼ ਭਰ ਵਿੱਚ ਮਾਹੌਲ ਖਰਾਬ ਕਰਦਾ ਫਿਰ ਰਿਹੈ, ਇਹ ਭਾਰਤ ਸਰਕਾਰ ਅਤੇ ਅਦਾਲਤਾਂ ਦਾ ਦੋਹਰਾ ਮਾਪਦੰਡ ਨਹੀਂ ਤਾਂ ਕੀ ਹੈ?
ਨਾਮੀ ਮੀਡੀਆ ਅਦਾਰੇ “ਅਜੀਤ” ਵਿੱਚ ਛਪੀ ਖਬਰ ਅਨੁਸਾਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਨੈਸ਼ਨਲ ਸਕਿਊਰਟੀ ਐਕਟ (ਐਨ.ਐਸ.ਏ.) ਅਧੀਨ ਨਜ਼ਰਬੰਦ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਅਤੇ ਸਨੇਹੀਆਂ ਵੱਲੋਂ ਪੰਜ ਤਖਤ ਸਾਹਿਬਾਨ ਵਿਖੇ ਅਰਦਾਸ ਕਰਨ ਦੀ ਮੁਹਿੰਮ ਦਾ ਆਗਾਜ਼ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰ ਕੀਤਾ ਗਿਆ । ਇਸ ਅਰਦਾਸ ਸਮਾਗਮ ਵਿੱਚ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਮਾਤਾ ਬੀਬੀ ਬਲਵਿੰਦਰ ਕੌਰ ਅਤੇ ਪਿਤਾ ਤਰਸੇਮ ਸਿੰਘ, ਬਾਬਾ ਫਤਿਹ ਸਿੰਘ ਕੇ ਜੱਥੇ ਸਿੰਘ ਮਿਸਲ ਸ਼ਹੀਦਾਂ ਦੇ ਜੱਥੇਦਾਰ ਹਰਦੀਪ ਸਿੰਘ ਖਾਲਸਾ ਸਮੇਤ ਹੋਰ ਪੰਥਕ ਆਗੂਆਂ ਅਤੇ ਸੰਗਤਾਂ ਨੇ ਵੀ ਸ਼ਮੂਲੀਅਤ ਕੀਤੀ । ਇਸ ਤੋਂ ਪਹਿਲਾਂ ਪਰਿਵਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਦੁੱਖ ਭੰਜਨੀ ਬੇਰੀ ਵਿਖੇ ਰਖਵਾਏ ਗਏ ਅਖੰਡ ਪਾਠ ਦਾ ਭੋਗ ਪਾਇਆ ਗਿਆ ।ਇਸ ਮੌਕੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਦਿੱਲੀ ਕਮੇਟੀ ਦੇ ਆਗੂ ਭਾਈ ਮਨਜੀਤ ਸਿੰਘ ਭੋਮਾ, ਫੈਡਰੇਸ਼ਨ ਪ੍ਰਧਾਨ ਕੰਵਰ ਚੜ੍ਹਤ ਸਿੰਘ, ਬਾਬਾ ਬਖਸ਼ੀਸ਼ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਿਸਾਨ ਮੋਰਚਾ ਵਾਲੇ ਜੱਗੀ ਬਾਬਾ ਹਰਦੀਪ ਸਿੰਘ ਉਰਫ ਚੜ੍ਹਤ ਸਿੰਘ ਖਾਲਸਾ, ਹਰਪਾਲ ਸਿੰਘ ਬਲੇਰ, ਭਾਈ ਰਾਜਿੰਦਰ ਸਿੰਘ ਖਾਲਸਾ, ਬਲਵੰਤ ਸਿੰਘ ਖਾਲਸਾ, ਬਾਬਾ ਫਤਿਹ ਸਿੰਘ, ਕੁਲਦੀਪ ਸਿੰਘ ਵਿਰਕ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਨੇ ਸ਼ਿਰਕਤ ਕੀਤੀ ।



