ਵਾਰਿਸ ਪੰਜਾਬ ਪਾਰਟੀ ਇਕਲੌਤੀ ਪੰਜਾਬ ਹਿਤੈਸ਼ੀ, 2027 ‘ਚ ਸਰਕਾਰ ਬਣਾਉਣ ਜਾ ਰਹੀ ਐ-ਬਾਪੂ ਤਰਸੇਮ ਸਿੰਘ
ਮਲੇਰਕੋਟਲਾ, 07 ਦਸੰਬਰ (ਅਬੂ ਜ਼ੈਦ): ਅੱਜ ਸਥਾਨਕ ਗਰੇਵਾਲ ਚੌਂਕ ਵਿਖੇ “ਅਕਾਲੀ ਦਲ ਵਾਰਿਸ ਪੰਜਾਬ ਦੇ” ਪਾਰਟੀ ਵੱਲੋਂ ਆਪਣਾ ਜ਼ਿਲ੍ਹਾ ਦਫਤਰ ਖੋਲਿਆ ਗਿਆ । ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਐਮਪੀ ਖਡੂਰ ਸਾਹਿਬ ਦੇ ਬਾਪੂ ਤਰਸੇਮ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਰਸਮੀ ਤੌਰ ‘ਤੇ ਰੀਬਨ ਕੱਟਕੇ ਦਫਤਰ ਦਾ ਉਦਘਾਟਨ ਕੀਤਾ, ਜਸਵੀਰ ਸਿੰਘ ਡਰੋਲੀ ਅਬਜ਼ਰਵਰ ਮਲੇਰਕੋਟਲਾ ਉਹਨਾਂ ਦੇ ਨਾਲ ਮੌਜੂਦ ਰਹੇ । ਪੰਜ ਮੈਂਬਰੀ ਕਮੇਟੀ ਵੱਲੋਂ ਐਡਵੋਕੇਟ ਗੁਰਮੁਖ ਸਿੰਘ ਟਿਵਾਣਾ ਸਾਬਕਾ ਪ੍ਰਧਾਨ ਬਾਰ ਕੌਂਸਲ, ਜੱਥੇਦਾਰ ਗੁਰਦੇਵ ਸਿੰਘ ਸੰਗਾਲਾ, ਡਾ. ਮੇਹਰਦੀਨ ਬਿੰਜੋਕੀ, ਹਰਮੀਤ ਸਿੰਘ ਸਰਪੰਚ, ਜਸਵੀਰ ਸਿੰਘ ਕਾਕਾ ਵੱਲੋਂ ਹਾਜ਼ਰੀਨ ਦਾ ਦਫਤਰ ਉਦਘਾਟਨ ਸਮਾਗਮ ਵਿੱਚ ਪੁੱਜਣ ‘ਤੇ ਹਾਰਦਿਕ ਸਵਾਗਤ ਕੀਤਾ ਗਿਆ ।
ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਇਕਲੌਤੀ ਪੰਜਾਬ ਹਿਤੈਸ਼ੀ ਪਾਰਟੀ ਹੈ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾ ਸਕਦੀ ਹੈ । 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਡੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ । ਪੰਜਾਬ ਦੀ ਜਨਤਾ ਰਿਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੀ ਹੈ ਅਤੇ ਇੱਕ ਲੋਕ ਪੱਖੀ ਸਰਕਾਰ ਲਿਆਉਣ ਲਈ ਪੱਬਾਂ ਭਾਰ ਹੋ ਚੁੱਕੀ ਹੈ । ਸਮੁੱਚੇ ਪੰਜਾਬ ਵਿੱਚੋਂ ਅਕਾਲੀ ਦਲ ਵਾਰਿਸ ਪੰਜਾਬ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉਹਨਾਂ ਕਿਹਾ ਕਿ ਪਾਰਟੀ ਦੀ ਸਰਕਾਰ ਆਉਣ ‘ਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਸੰਜੀਦਗੀ ਨਾਲ ਕੰਮ ਕੀਤਾ ਜਾਵੇਗਾ । ਹਰ ਧਰਮ, ਜਾਤ, ਲੰਿਗ, ਨਸਲ ਅਤੇ ਖਿਤੇ ਦੇ ਲੋਕਾਂ ਨੂੰ ਸਨਮਾਨ ਦਿੱਤਾ ਜਾਵੇਗਾ । ਮੁਸਲਿਮ ਵਰਗ ਦੀਆਂ ਵਕਫ ਜਾਇਦਾਦਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਸਰਕਾਰ ਆਉਣ ‘ਤੇ ਮੁਸਲਿਮ ਵਰਗ ਦੇ ਆਗੂਆਂ ਨਾਲ ਮਸ਼ਵਰੇ ਕਰਕੇ ਹਰ ਮਸਲੇ ਦਾ ਪੁਖਤਾ ਹੱਲ ਕੀਤਾ ਜਾਵੇਗਾ ।



