ਦੇਸ਼ ਦੇ ਹੀਰਿਆਂ ‘ਤੇ ਅਨਮਨੁੱਖੀ ਤਸ਼ੱਦਦ ਦੇਖ ਕੇ ਹਰ ਦੇਸ਼ਵਾਸੀ ਦਾ ਦਿਲ ਬਲੂੰਧਰਿਆ ਗਿਆ-ਹਾਜੀ ਅਨਵਾਰ
ਮਲੇਰਕੋਟਲਾ/ਨਵੀਂ ਦਿੱਲੀ, 29 ਮਈ (ਬਿਉਰੋ): ਪਿਛਲੇ ਕੁਝ ਦਿਨਾਂ ਤੋਂ ਕੇਂਦਰ ਦੀ ਬੀਜੇਪੀ ਸਰਕਾਰ ਦਾ ਮਿਜਾਜ਼ ਕੁਝ ਬਦਲਿਆ ਨਜ਼ਰ ਆ ਰਿਹਾ ਹੈ । ਆਏ ਦਿਨ ਕੋਈ ਨਾ ਕੋਈ ਅਣਸੁਖਾਵੀਂ ਘਟਨਾ ਦੇਖਣ ਅਤੇ ਸੁਨਣ ਨੂੰ ਮਿਲ ਰਹੀ ਹੈ ਪਰੰਤੂ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਮੀਡੀਆ ਦੀ ਖਾਮੋਸ਼ੀ ਲੋਕਤੰਤਰ ਦੀ ਆਤਮਾ ਨੂੰ ਝੰਜੋੜ ਰਹੀ ਹੈ । 28 ਮਈ ਨੂੰ ਜਦੋਂ ਨਵੀਂ ਸੰਸਦ ਦਾ ਉਦਘਾਟਨ ਹੋ ਰਿਹਾ ਸੀ ਬਿਲਕੁਲ ਉਸੇ ਸਮੇਂ ਕੁਝ ਕੁ ਦੂਰੀ ਤੇ ਜੰਤਰ ਮੰਤਰ ਉਲੰਪਿਕ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਸੜਕਾਂ ਤੇ ਘਸੀਟ-ਘਸੀਟ ਕੇ ਗ੍ਰਿਫਤਾਰ ਕੀਤਾ ਅਤੇ ਥਾਣੇ ਲੈ ਗਏ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਤੋਂ ਮੁਸਲਿਮ ਭਾਈਚਾਰੇ ਦੇ ਵਫਦ ਨਾਲ ਮਹਿਲਾ ਪਹਿਲਵਾਨਾਂ ਦੇ ਸਮਰਥਨ ‘ਚ ਗਏ ਚੌਧਰੀ ਲਿਆਕਤ ਅਲੀ, ਹਾਜੀ ਮੁਹੰਮਦ ਅਨਵਾਰ, ਮੁਹੰਮਦ ਨਾਸਰ, ਮੁਹੰਮਦ ਜਮੀਲ ਐਡਵੋਕੇਟ, ਮੁਹੰਮਦ ਅਬਸਾਰ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ । ਉਨਾਂ ਦੱਸਿਆ ਕਿ ਦਿੱਲੀ ਦੇ ਜੰਤਰ ਮੰਤਰ ਵਿਖੇ ਪਿਛਲੇ 36 ਦਿਨਾਂ ਤੋਂ ਭਾਰਤ ਨੂੰ ਦੁਨੀਆ ‘ਚ ਵਿਸ਼ੇਸ਼ ਸਨਮਾਣ ਦਿਲਵਾਉਣ ਵਾਲੀਆਂ ਉਲੰਪਿਕ ਪਹਿਲਵਾਨ ਲੜਕੀਆਂ ਧਰਨਾ ਲਗਾ ਕੇ ਬੈਠੀਆਂ ਹਨ । ਉਨ੍ਹਾਂ ਦੀ ਮੰਗ ਹੈ ਕਿ ਭਾਰਤੀ ਕੁਸ਼ਤੀ ਸੰਘ ਦੇ ਚੇਅਰਮੈਨ ਬ੍ਰਿਜ ਭੂਸ਼ਨ ਸ਼ਰਨ ਨੂੰ ਗ੍ਰਿਫਤਾਰ ਕੀਤਾ ਜਾਵੇ । ਕਿਉਂਕਿ ਉਸ ਤੇ ਸੱਤ ਮਹਿਲਾ ਪਹਿਲਵਾਨਾਂ ਨੇ ਯੋਨ ਸੋਸ਼ਣ ਦੇ ਦੋਸ਼ ਲਗਾਏ ਹਨ ਅਤੇ ਸੁਪਰੀਮ ਕੋਰਟ ਦੇ ਦਖਲ ਤੋਂ ਬਾਦ ਪੋਸਕੋ ਐਕਟ ਸਮੇਤ ਦੋ ਪਰਚੇ ਵੀ ਦਰਜ ਕਰ ਲਏ ਹਨ ਪਰੰਤੂ ਐਨਾ ਸਮਾਂ ਬੀਤ ਜਾਣ ਤੇ ਵੀ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ।
ਉਨਾਂ ਦੱਸਿਆ ਕਿ ਜਦੋਂ ਉਹ 28 ਮਈ ਨੂੰ ਸਵੇਰੇ 8 ਵਜੇ ਪਹਿਲਵਾਨ ਭੈਣਾਂ ਦੇ ਸਮਰਥਨ ‘ਚ ਜੰਤਰ ਮੰਤਰ ਪਹੁੰਚੇ ਤਾਂ ਪੁਲਸ ਨੇ ਧਰਨਾਕਾਰੀਆਂ ਨੂੰ ਚਾਰੋਂ ਤਰਫ ਤੋਂ ਘੇਰਾਬੰਦੀ ਕੀਤੀ ਹੋਈ ਸੀ, ਪੁਲਸ ਕਿਸੇ ਨੂੰ ਵੀ ਉਨਾਂ ਕੋਲ ਜਾਣ ਨਹੀਂ ਦਿੰਦੀ ਸੀ । ਲੰਬਾ ਸਮਾਂ ਬਹਿਸ ਕਰਨ ਤੇ ਵੀ ਸਾਨੂੰ ਧਰਨਾ ਸਥਲ ਤੇ ਨਾ ਜਾਣ ਦਿੱਤਾ ਗਿਆ ਅਤੇ ਪੁਲਸ ਗ੍ਰਿਫਤਾਰ ਕਰਨ ਦੀਆਂ ਧਮਕੀਆਂ ਦੇਣ ਲੱਗੀ । ਜਦੋਂ ਅਸੀਂ ਗ੍ਰਿਫਤਾਰੀ ਦੇਣ ਲਈ ਕਿਹਾ ਤਾਂ ਪੁਲਸ ਟਾਲ ਮਟੋਲ ਕਰਨ ਲੱਗੀ । ਕੁਝ ਸਮਾਂ ਬਾਦ ਪੁਲਸ ਜੋ ਸਵੇਰ ਤੋਂ ਹੀ ਤਿਆਰ ਸੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ, ਸੰਗੀਤਾ, ਬਜਰੰਗ ਪੁਨੀਆ ਸਮੇਤ ਉਨਾਂ ਦੇ ਸਮਰਥਕਾਂ ਨੂੰ ਜਬਰਦਸਤੀ ਚੁੱਕ ਕੇ ਬਸਾਂ ਵਿੱਚ ਸੁੱਟਣ ਲੱਗੀ । ਦੇਖਦੇ ਹੀ ਦੇਖਦੇ ਧਰਨਾਕਾਰੀਆਂ ਦੇ ਟੈਂਟ ਅਤੇ ਹੋਰ ਸਮਾਨ ਚੁੱਕ ਕੇ ਧਰਨਾ ਸਥਲ ਖਾਲੀ ਕਰ ਦਿੱਤਾ ਗਿਆ । ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਦੀ ਲੜਾਈ ਲੜ ਰਹੀਆਂ ਧੀਆਂ ਤੇ ਦਿੱਲੀ ਪੁਲਸ ਵੱਲੋਂ ਬੇਤਹਾਸ਼ਾ ਜ਼ੁਲਮ ਕੀਤਾ ਗਿਆ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਦੇਸ਼ ਦੇ ਹੀਰਿਆਂ ‘ਤੇ ਅਨਮਨੁੱਖੀ ਤਸ਼ੱਦਦ ਦੇਖ ਕੇ ਹਰ ਦੇਸ਼ਵਾਸੀ ਦਾ ਦਿਲ ਬਲੂੰਧਰਿਆ ਗਿਆ ।
ਹਾਜੀ ਮੁਹੰਮਦ ਅਨਵਾਰ, ਚੌਧਰੀ ਲਿਆਕਤ ਅਲੀ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਚੀਫ ਜਸਟਿਸ ਆਫ ਇੰਡੀਆ ਨੂੰ ਅਪੀਲ ਕੀਤੀ ਕਿ ਜੰਤਰ ਮੰਤਰ ਤੇ ਹੋਏ ਅਨਮਨੁੱਖੀ ਵਰਤਾਰੇ ਦੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪੁਲਸ ਕਰਮੀਆਂ ਅਤੇ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਦੇਸ਼ ਦਾ ਨਾਮ ਚਮਕਾਉਣ ਵਾਲੀਆਂ ਬੇਟੀਆਂ ਨੂੰ ਇਨਸਾਫ ਦਿਲਵਾਉਣ ਲਈ ਬ੍ਰਿਜ ਭੂਸ਼ਨ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਦੇਸ਼ ਅੰਦਰ ਸੁਖਾਵਾਂ ਮਾਹੌਲ ਬਣਿਆ ਰਹੇ ।



