ਯੋਗੀ ਦੀ ਯੂਪੀ ‘ਚ ਗੰਡਾਗਰਦੀ ਦਾ ਨੰਗਾ ਨਾਚ, ਕਾਨੂੰਨ ਵਿਵਸਥਾ ਚਰਮਰਾਈ

author
0 minutes, 4 seconds Read

ਅਤੀਕ ਅਹਿਮਦ ਤੇ ਉਸ ਦੇ ਭਰਾ ਦਾ ਕੈਮਰਿਆਂ ਦੇ ਸਾਹਮਣੇ ਹੀ ਗੋਲ਼ੀਆਂ ਮਾਰ ਕੇ ਕਤਲ

ਪ੍ਰਯਾਗਰਾਜ/ਮਲੇਰਕੋਟਲਾ, 16 ਅਪ੍ਰੈਲ (ਬਿਉਰੋ): ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ਸਾਬਕਾ ਸੰਸਦ ਮੈਂਬਰ ਅਤੇ ਬਾਹੁਬਲੀ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦਾ ਪੁਲਿਸ ਕਸਟਡੀ ‘ਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਸੂਬਾ ਪੁਲਿਸ ਨੇ ਇਸ ਕਤਲ ਦੀ ਪੁਸ਼ਟੀ ਕੀਤੀ ਹੈ । ਬੀਬੀਸੀ ਦੀ ਰਿਪੋਰਟ ਦੇ ਹਵਾਲੇ ਨਾਲ ਪੁਲਿਸ ਮੁਤਾਬਕ, ਹਮਲਾਵਰ ਪੱਤਰਕਾਰ ਬਣ ਕੇ ਆਏ ਸਨ ਅਤੇ ਤਿੰਨ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਹਮਲਾਵਰਾਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ । ਅਤੀਕ ਅਹਿਮਦ ਉੱਤਰ ਪ੍ਰਦੇਸ਼ ਤੋਂ ਪੰਜ ਵਾਰ ਵਿਧਾਇਕ ਤੇ ਇੱਕ ਵਾਰ ਸਾਂਸਦ ਰਹੇ ਹਨ । ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪ੍ਰਯਾਗਰਾਜ ਦੇ ਪੁਲਿਸ ਕਮਿਸ਼ਨਰ ਰਮਿਤ ਸ਼ਰਮਾ ਨੇ ਕਿਹਾ, “ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਨੂੰ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੈਡੀਕਲ ਲਈ ਲਿਜਾਇਆ ਜਾ ਰਿਹਾ ਸੀ । ਇਸੇ ਦੌਰਾਨ ਇਹ ਘਟਨਾ ਵਾਪਰੀ ਹੈ।”

ਪੁਲਿਸ ਕਮਿਸ਼ਨਰ ਅਨੁਸਾਰ, “ਪੱਤਰਕਾਰ ਅਤੀਕ ਅਹਿਮਦ ਅਤੇ ਉਸ ਦੇ ਭਰਾ ਨਾਲ ਗੱਲ ਕਰ ਰਹੇ ਸਨ, ਇਸੇ ਦੌਰਾਨ ਪੱਤਰਕਾਰ ਬਣ ਕੇ ਆਏ ਹਮਲਾਵਰਾਂ ਨੇ ਅਚਾਨਕ ਗੋਲ਼ੀਆਂ ਚਲਾ ਦਿੱਤੀਆਂ । ਤਿੰਨੋਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।”

ਇਹ ਹਮਲਾ ਕੈਮਰਿਆਂ ਵਿੱਚ ਕੈਦ ਹੋ ਗਿਆ ਹੈ ਅਤੇ ਇਸ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ।

ਇਨ੍ਹਾਂ ਵੀਡੀਓਜ਼ ਵਿੱਚ ਅਤੀਕ ਅਤੇ ਉਸ ਦੇ ਭਰਾ ਅਸ਼ਰਫ਼ ਦੁਆਲੇ ਸੁਰੱਖਿਆ ਦਾ ਘੇਰਾ ਦਿਖਾਈ ਦਿੰਦਾ ਹੈ ਪਰ ਫਿਰ ਅਚਾਨਕ ਹਮਲਾਵਰ ਅਤੀਕ ਦੇ ਬਿਲਕੁਲ ਨੇੜੇ ਆ ਕੇ ਉਸ ਦੇ ਸਿਰ ਵਿੱਚ ਗੋਲ਼ੀ ਮਾਰਦਾ ਹੈ ਅਤੇ ਫਿਰ ਉਸ ਦੇ ਭਰਾ ‘ਤੇ ਵੀ ਗੋਲ਼ੀਆਂ ਚਲਾਈਆਂ ਜਾਂਦੀਆਂ ਹਨ । ਇਸ ਦੌਰਾਨ ਪੁਲਿਸ ਵੱਲੋਂ ਕੋਈ ਕਾਰਵਾਈ ਹੁੰਦੀ ਨਹੀਂ ਦਿਖਾਈ ਦੇ ਰਹੀ । ਅਤੀਕ ਅਹਿਮਦ ਅਤੇ ਅਸ਼ਰਫ ਡਾਕਟਰੀ ਜਾਂਚ ਲਈ ਕੋਲਵਿਨ ਹਸਪਤਾਲ ਲਿਆਂਦਾ ਜਾ ਰਿਹਾ ਸੀ, ਜਦੋਂ ਇਹ ਹਮਲਾ ਹੋਇਆ। ਪੱਤਰਕਾਰਾਂ ਦੇ ਰੂਪ ਵਿੱਚ ਆਏ ਹਮਲਾਵਰਾਂ ਨੇ ਹਸਪਤਾਲ ਦੇ ਬਿਲਕੁਲ ਨੇੜੇ ਪੁਲਿਸ ਦੇ ਘੇਰੇ ‘ਚ ਚੱਲ ਰਹੇ ਅਤੀਕ ਅਤੇ ਅਸ਼ਰਫ ‘ਤੇ ਨੇੜਿਓਂ ਗੋਲ਼ੀਆਂ ਚਲਾਈਆਂ ਅਤੇ ਉਸ ਦੀ ਮੌਤ ਤੋਂ ਬਾਅਦ ਧਾਰਮਿਕ ਨਾਅਰੇਬਾਜ਼ੀ ਕੀਤੀ । ਪੁਲਿਸ ਅਨੁਸਾਰ, ਇਸ ਘਟਨਾ ਵਿੱਚ ਇੱਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਇਆ ਹੈ ਅਤੇ ਇੱਕ ਪੱਤਰਕਾਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ । ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਉੱਚ ਪੱਧਰੀ ਬੈਠਕ ਕੀਤੀ ਹੈ ਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦਾ ਵੀ ਐਲਾਨ ਕੀਤਾ ਗਿਆ ਹੈ । ਇਸ ਹਮਲੇ ਤੋਂ ਬਾਅਦ ਪੁਲਿਸ ਨੇ ਹਸਪਤਾਲ ਦੇ ਆਲੇ-ਦੁਆਲੇ ਦੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਹੈ।

ਕਤਲ ਕਿਵੇਂ ਹੋਇਆ?

ਅਤੀਕ ਅਹਿਮਦ ਨੂੰ ਪੁਲੀਸ ਸੁਰੱਖਿਆ ਹੇਠ ਕਾਰ ਵਿੱਚੋਂ ਬਾਹਰ ਕੱਢ ਕੇ ਡਾਕਟਰੀ ਜਾਂਚ ਲਈ ਲੈ ਕੇ ਜਾਇਆ ਜਾ ਰਿਹਾ ਸੀ। ਅਤੀਕ ਅਤੇ ਉਸ ਦੇ ਭਰਾ ਦੇ ਹੱਥ ਹੱਥਕੜੀਆਂ ਨਾਲ ਬੰਨ੍ਹੇ ਹੋਏ ਸਨ । ਪੱਤਰਕਾਰ ਅਤੀਕ ਅਤੇ ਉਸ ਦੇ ਭਰਾ ਨਾਲ ਗੱਲ ਕਰ ਰਹੇ ਸਨ, ਜਦੋਂ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ । ਤੇਜ਼ੀ ਨਾਲ ਵਾਪਰੇ ਘਟਨਾਕ੍ਰਮ ‘ਚ ਦੋਵੇਂ ਭਰਾ ਮਾਰੇ ਗਏ ।

ਇਸ ਘਟਨਾ ਦੀ ਵੀਡੀਓ ‘ਚ ਅਤੀਕ ਆਪਣੇ ਭਰਾ ਨਾਲ ਪੁਲਿਸ ਵਾਲਿਆਂ ਵਿਚਾਲੇ ਤੁਰਦਾ ਨਜ਼ਰ ਆ ਰਿਹਾ ਹੈ। ਇੱਕ ਪੱਤਰਕਾਰ ਅਤੀਕ ਨੂੰ ਸਵਾਲ ਕਰਦਾ ਹੈ, ਜਿਵੇਂ ਹੀ ਉਹ ਬੋਲਣਾ ਸ਼ੁਰੂ ਕਰਦਾ ਹੈ ਤਾਂ ਕੈਮਰੇ ਦੇ ਸਾਹਮਣੇ ਇਕ ਪਿਸਤੌਲ ਦਿਖਾਈ ਦਿੰਦੀ ਹੈ। ਅਤੀਕ ਨੇ ਬੇਹੱਦ ਨੇੜਿਓਂ ਗੋਲ਼ੀ ਮਾਰੀ ਗਈ । ਠੀਕ ਉਸੇ ਸਮੇਂ ਇੱਕ ਗੋਲੀ ਅਸ਼ਰਫ਼ ਨੂੰ ਲੱਗੀ । ਇਸ ਤੋਂ ਬਾਅਦ ਤੇਜ਼ ਗੋਲੀਬਾਰੀ ਹੋਈ। ਦੋਵੇਂ ਭਰਾ ਜ਼ਮੀਨ ‘ਤੇ ਡਿੱਗ ਪਏ । ਜਿਸ ਸਮੇਂ ਦੋਵਾਂ ਦਾ ਕਤਲ ਹੋਇਆ, ਉਸ ਸਮੇਂ ਅਤੀਕ ਅਹਿਮਦ ਦੇ ਵਕੀਲ ਵਿਜੇ ਮਿਸ਼ਰਾ ਵੀ ਘਟਨਾ ਸਥਾਨ ਦੇ ਨੇੜੇ ਹੀ ਮੌਜੂਦ ਸਨ ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, “ਅਤੀਕ ਅਹਿਮਦ ਅਤੇ ਅਸ਼ਰਫ਼ ਨੂੰ ਕਾਰ ‘ਚੋਂ ਬਾਹਰ ਕੱਢ ਕੇ ਲੈ ਕੇ ਜਾਇਆ ਜਾ ਰਿਹਾ ਸੀ, ਉਦੋਂ ਹੀ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਗੋਲ਼ੀ ਚਲਾਉਣ ਵਾਲਿਆਂ ਨੂੰ ਪੁਲਿਸ ਨੇ ਉਸੇ ਸਮੇਂ ਕਾਬੂ ਕਰ ਲਿਆ। ਹਫੜਾ-ਦਫੜੀ ਮਚ ਗਈ।”

ਦੋ ਦਿਨ ਪਹਿਲਾਂ ਪੁੱਤਰ ਦਾ ਐਨਕਾਊਂਟਰ

ਜ਼ਿਕਰਯੋਗ ਹੈ ਕਿ ਅਤੀਕ ਅਤੇ ਉਸ ਦੇ ਭਰਾ ‘ਤੇ ਹੋਏ ਇਸ ਹਮਲੇ ਤੋਂ ਦੋ ਦਿਨ ਪਹਿਲਾਂ, ਵੀਰਵਾਰ ਨੂੰ ਅਤੀਕ ਅਹਿਮਦ ਦੇ ਪੁੱਤਰ ਅਸਦ ਅਤੇ ਉਨ੍ਹਾਂ ਦੇ ਸਾਥੀ ਗੁਲਾਮ ਮੁਹੰਮਦ ਨੂੰ ਝਾਂਸੀ ਵਿੱਚ ਉੱਤਰ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਦੁਆਰਾ ਕਥਿਤ ਤੌਰ ‘ਤੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ । ਅਸਦ, ਅਤੀਕ ਦਾ ਤੀਜਾ ਪੁੱਤਰ ਸੀ । ਅਸਦ ਅਤੇ ਗੁਲਾਮ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਹੀ ਪ੍ਰਯਾਗਰਾਜ ‘ਚ ਹੋਇਆ।

Similar Posts

Leave a Reply

Your email address will not be published. Required fields are marked *