ਮਲੇਰਕੋਟਲਾ, 07 ਫਰਵਰੀ (ਬਿਉਰੋ): 7 ਜਨਵਰੀ 2023 ਤੋਂ ਮੋਹਾਲੀ-ਚੰਡੀਗੜ੍ਹ ਦੀਆਂ ਬਰੂਹਾਂ ਤੇ “ਕੌਮੀ ਇਨਸਾਫ ਮੋਰਚਾ” ਵੱਲੋਂ ਦਹਾਕਿਆਂ ਤੋਂ ਜੇਲ੍ਹਾਂ ‘ਚ ਬੰਦ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ‘ਬੰਦੀ ਸਿੰਘਾਂ’ ਦੀ ਰਿਹਾਈ ਲਈ ਪੱਕਾ ਧਰਨਾ ਜੈਕਾਰਿਆਂ ਦੀਆਂ ਗੂੰਜਾਂ ਨਾਲ ਚੜ੍ਹਦੀ ਕਲਾ ‘ਚ ਚੱਲ ਰਿਹਾ ਹੈ । ਜਿਸ ਵਿੱਚ ਪੰਜਾਬ ਤੋਂ ਇਲਾਵਾ ਵੱਖ-ਵੱਖ ਸੂਬਿਆਂ ਅਤੇ ਦੇਸ਼ ਵਿਦੇਸ਼ ਤੋਂ ਦੇ ਹੱਕ ਸੱਚ ਤੇ ਪਹਿਰਾ ਦੇਣ ਵਾਲੇ ਲੋਕ ਲਗਾਤਾਰ ਸ਼ਾਮਲ ਹੋ ਰਹੇ ਹਨ । ਇਸੇ ਤਰ੍ਹਾਂ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਵੀ ਪਹਿਲੇ ਦਿਨ ਤੋਂ ਕੌਮੀ ਇਨਸਾਫ ਮੋਰਚੇ ਦਾ ਹਿੱਸਾ ਬਣੇ ਹੋਏ ਹਨ ਜੋ ਹਰ ਹਫਤੇ ਮਿੱਠੇ ਚੌਲਾਂ ਦਾ ਲੰਗਰ ਜਾ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣੀ ਹਾਜ਼ਰੀ ਲਗਵਾਉਂਦੇ ਰਹਿੰਦੇ ਹਨ ।
ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਚੌਧਰੀ ਲਿਆਕਤ ਅਲੀ (ਬਨਭੌਰੇ ਵਾਲੇ) ਅਤੇ ਮੁਹੰਮਦ ਜਮੀਲ ਐਡਵੋਕੇਟ ਨੇ ਮੋਰਚੇ ਦੇ ਬਾਪੂ ਗੁਰਚਰਨ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ, ਬਲਵਿੰਦਰ ਸਿੰਘ, ਮਨਮੋਹਨ ਸਿੰਘ ਸਮੇਤ ਸਮੂਹ ਪ੍ਰਬੰਧਕਾਂ ਨੂੰ ਮੀਂਹ-ਹਨੇਰੀ, ਝੱਖੜ ਦੇ ਚਲਦਿਆਂ ਸੰਗਤਾਂ ਨੂੰ ਜੋੜਕੇ ਰੱਖਣ ਅਤੇ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਮੁਬਾਰਕਬਾਦ ਦਿੱਤੀ । ਉਨ੍ਹਾਂ ਅੱਗੇ ਕਿਹਾ ਕਿ ਵੱਡੀ ਗਿਣਤੀ ਨਿਹੰਗ ਸਿੰਘ ਜੱਥੇਬੰਦੀਆਂ ਦੇ ਆਗੂ ਅਤੇ ਸਿੰਘ ਲਗਾਤਾਰ ਮੋਰਚੇ ਲਈ ਢਾਲ ਬਣਕੇ ਰਾਖੀ ਕਰ ਰਹੇ ਹਨ ਉਹ ਵੀ ਵਧਾਈ ਦੇ ਪਾਤਰ ਹਨ । ਹਜ਼ਾਰਾਂ ਦੀ ਗਿਣਤੀ ‘ਚ ਸੰਗਤ ਰੋਜ਼ਾਨਾ ਮੋਰਚੇ ‘ਚ ਆਪਣੀ ਹਾਜ਼ਰੀ ਲਗਵਾਉਣ ਲਈ ਆ ਰਹੀ ਹੈ, ਕੱਲ ਯਾਨੀ 6 ਅਪ੍ਰੈਲ ਨੂੰ ਸਮੂਹ ਕਿਸਾਨ ਯੂਨੀਅਨਾਂ ਵੱਲੋਂ ਸੈਂਕੜੇ ਟਰੈਕਟਰ-ਟਰਾਲੀਆਂ, ਗੱਡੀਆਂ ਦਾ ਜੱਥਾ ਲੈ ਕੇ ਮੋਰਚੇ ਵਿੱਚ ਸ਼ਿਰਕਤ ਕੀਤੀ ਗਈ ਅਤੇ ਹਜ਼ਾਰਾਂ ਦੀ ਗਿਣਤੀ ਸੰਗਤਾਂ ਨੇ ਰਾਤ ਨੂੰ ਵੀ ਉੱਥੇ ਹੀ ਕਿਆਮ ਕੀਤਾ ।ਸੰਗਤਾਂ ਦੇ ਖਾਣ-ਪਾਨ ਅਤੇ ਰਿਹਾਇਸ਼ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ।
ਉਨ੍ਹਾਂ ਮੋਰਚੇ ‘ਚ ਆਪਣੇ ਸਾਥੀਆਂ ਸਮੇਤ ਡਟੇ ਤਰਨਾ ਦਲ ਦੇ ਮੁੱਖੀ ਬਾਬਾ ਰਾਜਾ ਰਾਜ ਸਿੰਘ ਨਾਲ ਹੋਈ ਮੁਲਾਕਾਤ ਬਾਰੇ ਗੱਲ ਕਰਦਿਆਂ ਦੱਸਿਆ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਲਗਾਇਆ ਗਿਆ ਧਰਨਾ ਕੋਈ ਆਮ ਨਹੀਂ ਬਲਿਕ ਪੰਥਕ ਮੋਰਚਾ ਹੈ । ਹਰ ਸਿੰਘ ਇੱਥੇ ਬੜੀ ਹੀ ਸ਼ਰਧਾ ਨਾਲ ਆਪਣਾ ਯੋਗਦਾਨ ਪਾ ਰਿਹਾ ਹੈ । ਉਨਾਂ ਕਿਹਾ ਕਿ ਸਰਕਾਰਾਂ ਸਿੰਘਾਂ ਨੂੰ ਜਿਨ੍ਹਾਂ ਵੀ ਦਬਾਉਣ ਦੀ ਕੋਸ਼ਿਸ਼ ਕਰਨਗੀਆਂ ਉਨਾਂ ਵਿੱਚ ਊਰਜਾ ਵਧਦੀ ਜਾਵੇਗੀ ।
ਐਡਵੋਕੇਟ ਜਮੀਲ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਅਜਿਹੇ ਪੰਥਕ ਮਸਲਿਆਂ ਤੇ ਸਿੱਖਾਂ ਦਾ ਸਬਰ ਨਾ ਪਰਖਿਆ ਜਾਵੇ ਬਲਿਕ ਬਿਨ੍ਹਾਂ ਦੇਰੀ ਕੀਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਠੋਸ ਕਦਮ ਚੁੱਕੇ ਜਾਣ । ਦੁਨੀਆ ਭਰ ਦਾ ਮੀਡੀਆ ਕੌਮੀ ਇਨਸਾਫ ਮੋਰਚੇ ਦੀ ਕਵਰੇਜ਼ ਕਰ ਰਿਹਾ ਹੈ, ਜਿਨ੍ਹਾਂ ਵੀ ਮੋਰਚਾ ਲੰਬਾ ਚੱਲੇਗਾ ਵਿਸ਼ਵ ਭਰ ਵਿੱਚ ਦੇਸ਼ ਦੀ ਸਾਖ ਖਰਾਬ ਹੁੰਦੀ ਜਾਵੇਗੀ । ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ‘ਚ ਘੱਟ ਗਿਣਤੀਆਂ ਸਿੱਖ ਅਤੇ ਮੁਸਲਿਮ ਭਾਈਚਾਰਿਆਂ ਨਾਲ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ ਪਰੰਤੂ ਸਰਕਾਰਾਂ, ਅਦਾਲਤਾਂ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ, ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ । ਬੰਦੀ ਸਿੰਘਾਂ ਤੋਂ ਇਲਾਵਾ ਮੁਸਲਿਮ ਵਰਗ ਦੇ ਵਿਸ਼ਵ ਪੱਧਰੀ ਇਸਲਾਮਿਕ ਸਕਾਲਰ ਮੌਲਾਨਾ ਕਲੀਮ ਸਿੱਦੀਕੀ, ਉਮਰ ਗੌਤਮ, ਪੱਤਰਕਾਰ ਸਿੱਦੀਕ ਕੱਪਨ, ਜੇਐਨਯੂ ਵਿਦਿਆਰਥੀ ਨੇਤਾ ਉਮਰ ਖਾਲਿਦ ਸਮੇਤ ਸੈਂਕੜੇ ਕਸ਼ਮੀਰੀ ਨੌਜਵਾਨਾਂ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ । ਦੇਸ਼ ਅੰਦਰ ਸੰਵਿਧਾਨ ਦਾ ਰਾਜ ਹੋਣਾ ਚਾਹੀਦਾ ਹੈ । ਕਾਨੂੰਨ ਦੀ ਨਜ਼ਰ ‘ਚ ਹਰ ਨਾਗਰਿਕ ਇੱਕ ਸਮਾਨ ਹੈ । ਸਰਕਾਰਾਂ ਨੂੰ ਅਜਿਹੇ ਨਾਜ਼ੁਕ ਮਸਲਿਆਂ ਵਿੱਚ ਸਿਆਸਤ ਨਹੀਂ ਕਰਨੀ ਚਾਹੀਦੀ । ਉਨਾਂ ਅੱਗੇ ਕਿਹਾ ਕਿ ਲੋਕਾਂ ਦੀ ਸ਼ਕਤੀ ਦੇ ਰੋਹ ਸਾਹਮਣੇ ਸਰਕਾਰਾਂ ਜ਼ਿਆਦਾ ਦੇਰ ਨਹੀਂ ਟਿਕ ਸਕਦੀਆਂ ।



