ਰਾਜਪੁਰਾ/ਮਲੇਰਕੋਟਲਾ, 15 ਅਗਸਤ (ਬਿਉਰੋ): ਅੱਜ ਦੇਸ਼ ਭਰ ਵਿੱਚ ਜਿੱਥੇ ਅਜ਼ਾਦੀ ਦਿਹਾੜਾ ਮਨਾਇਆ ਜਾ ਰਿਹੈ ਉੱਥੇ ਹੀ ਕੌਮੀ ਇਨਸਾਫ ਮੋਰਚੇ ਦੀ ਅਗਵਾਈ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਜਾ ਰਿਹਾ ਹੈ । ਕੌਮੀ ਇਨਸਾਫ ਮੋਰਚਾ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ 7 ਜਨਵਰੀ 2023 ਤੋਂ ਲਗਾਤਾਰ ਲੱਗਾ ਹੋਇਆ ਹੋਇਆ ਹੈ । ਅੱਜ ਮੋਰਚੇ ਵੱਲੋਂ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤ ਅਤੇ ਸਰਵ ਧਰਮ ਇਨਸਾਫ ਪਸੰਦ ਲੋਕਾਂ ਲਈ ਦਿੱਤੇ ਰੋਸ ਮਾਰਚ ਦੇ ਸੱਦੇ ਤੇ ਰਾਜਪੁਰਾ ਤੋਂ ਮਨਮੋਹਨ ਸਿੰਘ, ਜਗਤਾਰ ਸਿੰਘ ਅਤੇ ਮਲਕੀਤ ਸਿੰਘ ਦੀ ਅਗਵਾਈ ‘ਚ ਵੱਡਾ ਜੱਥਾ ‘ਬੰਦੀ ਸਿੰਘ ਰਿਹਾ ਕਰੋ’, ‘ਘੱਟ ਗਿਣਤੀਆਂ ਤੇ ਜ਼ੁਲਮ ਬੰਦ ਕਰੋ’, ‘ਬੇਅਦਬੀਆਂ ਦਾ ਹਿਸਾਬ ਦਿਓ’ ਦੇ ਨਾਅਰਿਆਂ ਨਾਲ ਮੋਰਚੇ ਲਈ ਰਵਾਨਾ ਹੋਇਆ । ਇਸ ਮੌਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮਨਮੋਹਨ ਸਿੰਘ ਨੇ ਦੱਸਿਆ ਕਿ 26 ਜਨਵਰੀ ਦੀ ਤਰ੍ਹਾਂ ਹੀ ਅੱਜ ਚੰਡੀਗੜ੍ਹ ਵਿਖੇ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ ਤਾਂ ਕਿ ਗੂੰਗੀ, ਬੋਲੀ, ਅੰਨ੍ਹੀ ਸਰਕਾਰ ਤੱਕ ਆਵਾਜ਼ ਪਹੁੰਚਾਈ ਜਾ ਸਕੇ । ਉਨ੍ਹਾਂ ਕਿਹਾ ਕਿ ਮੋਰਚਾ ਲੱਗਣ ਤੋਂ ਬਾਦ ਕੌਮ ਦੇ ਯੌਧੇ ਦੋ ਬੰਦੀ ਸਿੰਘਾਂ ਨੂੰ ਪੱਕੀ ਜ਼ਮਾਨਤ ਮਿਲ ਚੁੱਕੀ ਹੈ ਅਤੇ ਕਈਆਂ ਨੂੰ ਪੈਰੋਲ ਮਿਲੀ ਹੈ । ਭਾਵੇਂ ਕਿ ਸਰਕਾਰ ਨੂੰ ਅਣਦੇਖਿਆ ਕਰ ਰਹੀ ਹੈ ਪਰੰਤੂ ਇਸ ਦੀ ਅਸਲ ਸੱਚਾਈ ਇਹ ਹੈ ਕਿ ਮੋਰਚਾ ਸਰਕਾਰ ਦੇ ਗਲੇ ਗੱਡੀ ਬਣ ਚੁੱਕਾ ਹੈ । ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਅਤੇ ਪਿਛਲੀ ਪੰਜਾਬ ਸਰਕਾਰ ਤੇ ਬੋਲਦੇ ਸਨ ਅੱਜ ਖੁਦ ਕਿਵੇਂ ਅਣਗੌਲਿਆ ਕਰ ਸਕਦੇ ਹਨ । ਉਨਾਂ ਕਿਹਾ ਕਿ ਮੋਹਾਲੀ ਦਾ ਪੰਥਕ ਮੋਰਚਾ ਸਿੱਖ ਪੰਥ ਦੀ ਆਰਪਾਰ ਦੀ ਲੜਾਈ ਹੈ ਜੋ ਹਰ ਹਾਲ ਵਿੱਚ ਜਿੱਤੀ ਜਾਵੇਗੀ ।



