ਇਕਲੌਤੇ ਮੁਸਲਿਮ ਵਿਧਾਇਕ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦੀ ਮੰਗ ਸਮੁੱਚੇ ਪੰਜਾਬ ‘ਚ ਉੱਠੀ
ਮਲੇਰਕੋਟਲਾ, 12 ਫਰਵਰੀ (ਅਬੂ ਜ਼ੈਦ): ਮਲੇਰਕੋਟਲਾ ਹਲਕੇ ਅੰਦਰ ਰਿਵਾਇਤੀ ਪਾਰਟੀਆਂ ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ ਨੂੰ ਦਹਾਕਿਆਂ ਬਾਅਦ ਪਟਕਣੀ ਦੇ ਕੇ ਵਿਧਾਇਕ ਬਣੇ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੀ ਚਰਚਾ ਸਮੁੱਚੇ ਪੰਜਾਬ ਵਿੱਚ ਹੋ ਰਹੀ ਹੈ । ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਵਿਧਾਇਕ ਦੇ ਅਨੁਭਵ ਅਤੇ ਸੂਝਬੂਝ ਕਾਰਣ ਹੀ ਲੰਬੇ ਸਮੇਂ ਬਾਅਦ ਮਲੇਰਕੋਟਲਾ ਹਲਕੇ ਨੂੰ ਪ੍ਰਵਾਸੀ ਰਾਜਨੀਤੀ ਤੋਂ ਛੁੱਟਕਾਰਾ ਮਿਿਲਆ ਹੈ । ਪੰਜਾਬ ਮੰਤਰੀ ਮੰਡਲ ਵਿੱਚ ਕਈ ਫੇਰਬਦਲ ਤੋਂ ਬਾਅਦ ਹੁਣ ਇਕਲੌਤੇ ਮੁਸਲਿਮ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦੀ ਮੰਗ ਸਮੁੱਚੇ ਪੰਜਾਬ ਵਿੱਚ ਉੱਠਣ ਲੱਗੀ ਹੈ ਜਿਵੇਂ ਪਿਛਲੇ ਕਈ ਦਹਾਕਿਆਂ ਤੋਂ ਹਰ ਸਕਰਾਰ ਵਿੱਚ ਮਲੇਰਕੋਟਲਾ ਦੇ ਮੁਸਲਿਮ ਵਿਧਾਇਕ ਨੂੰ ਸ਼ਾਮਲ ਕੀਤਾ ਜਾਂਦਾ ਰਿਹਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਸਮਾਜਸੇਵੀ ਮੁਹੰਮਦ ਹਬੀਬ ਕੌਂਸਲਰ ਕਿਲਾ ਰਹਿਮਤਗੜ੍ਹ ਨੇ ਸਾਡੇ ਪੱਤਰਕਾਰ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ । ਉਹਨਾਂ ਕਿਹਾ ਕਿ ਸ਼ਹਿਰ ਮਲੇਰਕੋਟਲਾ ਦੇ ਲੋਕ ਵਿਧਾਇਕ ਦੀ ਕਾਰਗੁਜ਼ਾਰੀ ਤੋਂ ਬੇਹੱਦ ਖੁਸ਼ ਹਨ ਕਿਉਂਕਿ ਉਹਨਾਂ ਪਿੰਡਾਂ ਅਤੇ ਸ਼ਹਿਰ ਵਿੱਚ ਪਾਰਟੀ ਪੱਧਰ ਤੋਂ ਉੱਪਰ ਉੱਠਕੇ ਵਿਕਾਸ ਦੇ ਕੰਮਾਂ ਦੀ ਹਨੇਰੀ ਲਿਆ ਛੱਡੀ ਹੈ । ਪਰੰਤੂ ਪਾਰਟੀ ਹਾਈਕਮਾਨ ਉੱਤੇ ਸ਼ਿਕਵਾ ਜ਼ਰੂਰ ਹੈ ਕਿ ਸਾਡੇ ਹਰਮਨ ਪਿਆਰੇ ਨੇਤਾ ਨੂੰ ਸਰਕਾਰ ਦੇ ਚਾਰ ਸਾਲ ਬੀਤ ਜਾਣ ‘ਤੇ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ । ਮੁਸਲਿਮ ਘੱਟਗਿਣਤੀਆਂ ਦੇ ਮਾਮਲਿਆਂ ਦੀ ਰਹਿਬਰੀ ਕਰਨ ਲਈ ਮਲੇਰਕੋਟਲਾ ਦੇ ਇਕਲੌਤੇ ਵਿਧਾਇਕ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨਾ ਬੇਹੱਦ ਲਾਜ਼ਮੀ ਹੈ ਤਾਂ ਜੋ ਉਹ ਆਪਣੀ ਕੌਮ ਦੀਆਂ ਹੱਜ ਜਿਹੇ ਸਮੱਸਿਆਵਾਂ ਦੇ ਹੱਲ ਕਰ ਸਕਣ । ਕੌਂਸਲਰ ਮੁਹੰਮਦ ਹਬੀਬ ਨੇ ਕਿਹਾ ਕਿ ਸਾਡੇ ਵਿਧਾਇਕ ਪੀਐਚਡੀ ਤੱਕ ਪੜ੍ਹੇਲਿਖੇ, ਅਨੁਭਵੀ ਜਮੀਨੀ ਪੱਧਰ ‘ਤੇ ਲੋਕਾਂ ਨਾਲ ਜੁੜੇ ਹੋਏ ਆਗੂ ਹਨ । ਪ੍ਰੈਸ ਦੇ ਮਾਧਿਅਮ ਰਾਹੀਂ ਪਾਰਟੀ ਹਾਈਕਮਾਨ ਨੂੰ ਅਪੀਲ ਕੀਤੀ ਕਿ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਉਹਨਾਂ ਦੇ ਲੰਬੇ ਸਿਆਸੀ ਸਫਰ ਅਤੇ ਅਨੁਭਵ ਤੋਂ ਲਾਭ ਲੈਣਾ ਚਾਹੀਦਾ ਹੈ ਤਾਂ ਜੋ ਮੁਸਲਿਮ ਕੌਮ ਅਤੇ ਪੰਜਾਬ ਦੇ ਲੋਕਾਂ ਦੀ ਸੱਚੀ ਸੇਵਾ ਕਰ ਸਕਣ । ਇਸ ਮੌਕੇ ਮੁਹੰਮਦ ਰਸ਼ੀਦ, ਹਾਫਿਜ਼ ਮੁਹੰਮਦ ਯਾਮੀਨ, ਮੁਹੰਮਦ ਨਾਹਿਦ, ਮੁਹੰਮਦ ਸ਼ਰੀਫ ਵੀ ਮੌਜੂਦ ਸਨ ।
ਫੋਟੋ ਕੈਪਸ਼ਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕ ਮਲੇਰਕੋਟਲਾ ਮੁਹੰਮਦ ਜਮੀਲ ਉਰ ਰਹਿਮਾਨ ਅਤੇ ਕੌਂਸਲਰ ਮੁਹੰਮਦ ਹਬੀਬ ਦੀ ਫਾਈਲ ਫੋਟੋ ।


