ਕੌਮੀ ਇਨਸਾਫ ਮੋਰਚੇ ‘ਚ ਸੰਗਤ ਦੀ ਆਮਦ ਵਧਣ ਲੱਗੀ
ਮੁਹਾਲੀ/ਮਲੇਰਕੋਟਲਾ, 22 ਜੁਲਾਈ (ਬਿਉਰੋ): ਚੰਡੀਗੜ੍ਹ-ਮੁਹਾਲੀ ਦੀਆਂ ਬਰੂਹਾਂ ‘ਤੇ ਸਾਢੇ ਅਠਾਰਾਂ ਮਹੀਨੇ ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਲੱਗੇ ਮੋਰਚੇ ‘ਚ ਸੰਗਤ ਦੀ ਆਮਦ ਲਗਾਤਾਰ ਵੱਧ ਰਹੀ ਹੈ । ਪ੍ਰਬੰਧਕਾਂ ਵੱਲੋਂ ਪਿੰਡ-ਪਿੰਡ ਜਾ ਕੇ ਸਿੱਖ ਸੰਗਤ ਦੇ ਅਵੇਸਲੇਪਣ ਨੂੰ ਦੂਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ । ਇਸੇ ਲੜੀ ਤਹਿਤ ਅੱਜ ਫਿਰੋਜ਼ਪੁਰ ਤੋਂ ਭਾਈ ਬਲਵਿੰਦਰ ਸਿੰਘ ਦੋ ਬੱਸਾਂ ਸਮੇਤ ਕਈ ਗੱਡੀਆਂ ਦਾ ਵਿਸ਼ਾਲ ਕਾਫਲਾ ਲੈ ਕੇ ਮੋਰਚੇ ਵਿੱਚ ਹਾਜ਼ਰੀ ਲਗਵਾਉਣ ਲਈ ਪਹੁੰਚੇ । ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਵਫਦ ਨੇ ਵੀ ਮੋਰਚੇ ਵਿੱਚ ਹਾਜ਼ਰੀ ਲਗਾਈ ਅਤੇ ਭਰੋਸਾ ਦਿਲਵਾਇਆ ਕਿ ਜੋ ਵੀ ਸੇਵਾ ਮੋਰਚੇ ਵੱਲੋਂ ਲਗਾਈ ਜਾਵੇਗੀ ਉਹ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਿਆਂ ਦਿਲੋ-ਜਾਨ ਨਾਲ ਪੂਰੀ ਕਰਨਗੇ । ਕੌਮੀ ਇਨਸਾਫ ਮੋਰਚੇ ਵਿੱਚ ਪ੍ਰਬੰਧਕ ਬਲਜੀਤ ਸਿੰਘ ਭਾਉ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਪਹੁੰਚੀ ਸੰਗਤ ਦਾ ਹਾਰਦਿਕ ਸਵਾਗਤ ਕਰਦਿਆਂ ਧੰਨਵਾਦ ਕੀਤਾ । ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਕੌਮ ਦੇ ਹੀਰਿਆਂ ਦੀ ਕਦਰ ਕਰਨਾ ਸਾਡਾ ਸਮੁੱਚੀ ਸੰਗਤ ਦੀ ਜ਼ਿੰਮੇਵਾਰੀ ਹੈ ਜਿਹਨਾਂ ਆਪਣੇ ਪਰਿਵਾਰ, ਕੰਮਕਾਜ ਕੌਮ ਦੀ ਚੜ੍ਹਦੀ ਕਲਾ ਲਈ ਤਿਆਗ ਦਿੱਤੀ ਅਤੇ ਕੌਮ ਦੀ ਡਿਗਦੀ ਪੱਗ ਸੰਭਾਲੀ । ਉਹਨਾਂ ਕਿਹਾ ਕਿ ਭਾਈ ਬਲਵਿੰਦਰ ਸਿੰਘ ਦਾ ਸੰਗਤ ਨੂੰ ਲਾਮਬੰਦ ਕਰਨ ਦਾ ਉਪਰਾਲਾ ਸ਼ਲਾਘਾਯੋਗ ਹੈ । ਭਾਉ ਬਲਜੀਤ ਸਿੰਘ ਨੇ ਦੱਸਿਆ ਕਿ ਮੋਰਚੇ ਵੱਲੋਂ 15 ਅਗਸਤ ਨੂੰ ਚੰਡੀਗੜ੍ਹ ਦੇ ਸੈਕਟਰ-17 ‘ਚ ਸਵੇਰੇ 11 ਵਜੇ ਨੀਲਮ ਥਇਏਟਰ ਦੇ ਸਾਹਮਣੇ ਮਾਰਕੀਟ ਗਰਾਉਂਡ ਵਿੱਚ ਵੱਡੀ ਇਕੱਤਰਤਾ ਕੀਤੀ ਜਾ ਰਹੀ ਹੈ ਜਿਸ ਵਿੱਚ ਗਵਰਨਰ ਹਾਊਸ ਵੱਲ ਕੂਚ ਕੀਤਾ ਜਾਵੇਗਾ । ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ 15 ਅਗਸਤ ਨੂੰ ਹਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੋਰਚੇ ਵਿੱਚ ਹਾਜ਼ਰੀ ਲਗਵਾਓ । ਜ਼ਿਕਰਯੋਗ ਹੈ ਕਿ ਮੋਰਚੇ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ 31 ਮੈਂਬਰੀ ਜੱਥਾ ਰੋਜ਼ਾਨਾ ਮੋਰਚੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਤੱਕ ਜਾਂਦਾ ਹੈ । ਜਿੱਥੇ ਵੀ ਰਸਤੇ ਵਿੱਚ ਪੁਲਸ ਵੱਲੋਂ ਰੋਕਿਆ ਜਾਂਦਾ ਹੈ ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰ ਕੇ ਵਾਪਸ ਆ ਜਾਂਦਾ ਹੈ ।
ਫੋਟੋ ਕੈਪਸ਼ਨ: ਕੌਮੀ ਇਨਸਾਫ ਮੋਰਚੇ ‘ਚ ਪੁੱਜੀ ਸੰਗਤ ਦਾ ਸਵਾਗਤ ਕਰਦੇ ਹੋਏ ਭਾਉ ਬਲਜੀਤ ਸਿੰਘ ਅਤੇ ਹੋਰ ।



