ਹਿਬਾਨਾਮਾ ਬੰਦ ਕਰਕੇ ਮੁਸਲਿਮ ਭਾਈਚਾਰੇ ਦੇ ਹੱਕ ਮਾਰੇ ਜਾ ਰਹੇ ਨੇ-ਮੁਹੰਮਦ ਜਮੀਲ ਐਡਵੋਕੇਟ
ਮਲੇਰਕੋਟਲਾ, 09 ਅਪ੍ਰੈਲ (ਅਬੂ ਜ਼ੈਦ): ਪੰਜਾਬ ਦੀ ਅਕਾਲੀ ਦਲ ਬਾਦਲ ਸਰਕਾਰ ਵੱਲੋਂ 2008 ‘ਚ ਪੱਛੜ ਚੁੱਕੀ ਮੁਸਲਿਮ ਘੱਟਗਿਣਤੀ ਨੂੰ ਕੁਝ ਰਾਹਤ ਦੇਣ ਲਈ ਆਪਣੀ ਅਚੱਲ ਜਾਇਦਾਦ ਦਾ ਹਿਬਾਨਾਮਾ ਕਰਨ ਲਈ ਅਸ਼ਟਾਮ ਡਿਊਟੀ ਵਿੱਚ ਛੋਟ ਦਿੱਤੀ ਸੀ ਜੋ 17 ਸਾਲਾਂ ਤੋਂ ਲਗਾਤਾਰ ਚੱਲਦੀ ਆ ਰਹੀ ਹੈ । ਪਰੰਤੂ ਮਾਰਚ 2022 ਜਦੋਂ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਲਗਾਤਾਰ ਮੁਸਲਿਮ ਭਾਈਚਾਰੇ ਦੇ ਹੱਕਾਂ ਉੱਤੇ ਹਮਲੇ ਕੀਤੇ ਜਾ ਰਹੇ ਹਨ । ‘ਆਪ’ ਨੇ ਸੱਤਾ ‘ਚ ਆਉਣ ਤੋਂ ਕੁਝ ਮਹੀਨੇ ਬਾਦ ਹੀ ਮਲੇਰਕੋਟਲਾ ‘ਚ ਹਿਬਾਨਾਮਾ ਬੰਦ ਕਰ ਦਿੱਤਾ ਸੀ ਜੋ 06-11-2023 ਨੂੰ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੇ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਦੋਬਾਰਾ ਚਾਲੂ ਕੀਤਾ । ਹੁਣ ਅਗਸਤ 2024 ਤੋਂ ਮੁੜ ਹਿਬਾਨਾਮਾ ਦੇ ਇੰਤਕਾਲ ਬੰਦ ਪਏ ਹਨ, ਗਰੀਬ, ਮਜ਼ਦੂਰ, ਮਿਹਨਤਕਸ਼ ਲੋਕ ਹਿਬਾਨਾਮਾ ਕਰਵਾਉਣ ਲਈ ਪਟਵਾਰੀਆਂ ਦੇ ਦਫਤਰਾਂ ਦੇ ਚੱਕਰ ਕੱਟ ਰਹੇ ਹਨ, ਯਾਨੀ ‘ਆਪ’ ਦੇ 3 ਸਾਲ ਦੇ ਕਾਰਜਕਾਲ ਵਿੱਚ ਹਿਬਾਨਾਮਾ ਕਰੀਬ 25 ਮਹੀਨੇ ਤੱਕ ਬੰਦ ਰਿਹਾ ਹੈ ਜਦੋਂਕਿ ਪਿਛਲੀਆਂ ਸਰਕਾਰਾਂ ਵਿੱਚ ਦਹਾਕਿਆਂ ਤੋਂ ਚਲਦਾ ਰਿਹਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਮਲੇਰਕੋਟਲਾ ਦੇ ਮੁੱਢਲੇ ਮੈਂਬਰ ਮੁਹੰਮਦ ਸ਼ਰੀਫ ਕਾਕੜਾ, ਮੁਹੰਮਦ ਜਮੀਲ ਐਡਵੋਕੇਟ, ਹਾਜੀ ਮੁਹੰਮਦ ਬਾਬੂ ਢੋਟ ਅਤੇ ਚੌਧਰੀ ਲਿਆਕਤ ਅਲੀ ਬਨਭੌਰਾ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ ।
ਉਹਨਾਂ ਕਿਹਾ ਕਿ ਹਿਬਾਨਾਮਾ ਦੇ ਇੰਤਕਾਲ ਚਾਲੂ ਕਰਵਾਉਣ ਸਬੰਧੀ ਸਥਾਨਕ ਲੋਕਾਂ ਨੇ ਕਈ ਵਾਰ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਅਤੇ ਡਿਪਟੀ ਕਮਿਸ਼ਨਰ ਨੂੰ ਗੁਹਾਰ ਲਗਾਈ ਪਰੰਤੂ ਕੋਈ ਹੱਲ ਨਾ ਨਿਕਲਿਆ । ਇਸੇ ਕਾਰਣ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦੇ ਵਫਦ ਵੱਲੋਂ ਮੁੱਖ ਮੰਤਰੀ ਦਫਤਰ ਧੂਰੀ ਵਿਖੇ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਮੁਸਲਿਮ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਜਿਵੇਂ ਪੰਜਾਬ ਦੇ ਇਕਲੌਤੇ ਮੁਸਲਿਮ ਵਿਧਾਇਕ ਨੂੰ ਕੈਬਿਨਟ ਮੰਤਰੀ ਬਣਾਉਣਾ, ਮੈਡੀਕਲ ਕਾਲਜ ਬਣਾਉਣ ਲਈ ਸੰਜੀਦਗੀ ਨਾਲ ਕੰਮ ਕਰਨਾ, ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨਾ ਆਦਿ ਮਾਮਲਿਆਂ ਸਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕੀਤੀ ਗਈ । ਇਸ ਮੌਕੇ ਵਫਦ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਰਾਜਵੰਤ ਸਿੰਘ ਘੁੱਲੀ ਚੇਅਰਮੈਨ ਮਾਰਕੀਟ ਕਮੇਟੀ ਧੁਰੀ ਨੂੰ ਪਾਰਟੀ ਵੱਲੋਂ ਦਿੱਤੇ ਸਨਮਾਨ ਲਈ ਮੁਬਾਰਕਬਾਦ ਦਿੱਤੀ ਗਈ ਅਤੇ ਹਿਬਾਨਾਮਾ ਦੇ ਮਸਲੇ ਸਬੰਧੀ ਜਾਣੂ ਕਰਵਾਇਆ ਜਿਸ ‘ਤੇ ਉਹਨਾਂ ਭਰੋਸਾ ਦਿਲਵਾਇਆ ਕਿ ਮੁੱਖ ਮੰਤਰੀ ਸਾਹਿਬ ਦੇ ਧਿਆਨ ‘ਚ ਲਿਆਕੇ ਇਸ ਮਸਲੇ ਦਾ ਪੁਖਤਾ ਹੱਲ ਕੱਢਿਆ ਜਾਵੇਗਾ ।
ਫੋਟੋ ਕੈਪਸ਼ਨ: ਮੁਸਲਿਮ ਭਾਈਚਾਰੇ ਦਾ ਵਫਦ ਧੂਰੀ ਵਿਖੇ ਪਾਰਟੀ ਦੇ ਸੀਨੀਅਰ ਆਗੂ ਰਾਜਵੰਤ ਸਿੰਘ ਘੁੱਲੀ ਚੇਅਰਮੈਨ ਮਾਰਕੀਟ ਕਮੇਟੀ ਨੂੰ ਮੁਬਾਰਕਬਾਦ ਦੇਣ ਉਪਰੰਤ ।



