ਅਜ਼ਾਦੀ ਮਹਾਉਤਸਵ ਮੌਕੇ ਕੌਮੀ ਇਨਸਾਫ ਮੋਰਚੇ ਵੱਲੋਂ ਮਨਾਇਆ ਗਿਆ ਕਾਲਾ ਦਿਵਸ

author
0 minutes, 2 seconds Read

ਮੋਹਾਲੀ ‘ਚ ਨੌਜਵਾਨਾਂ ਦਾ ਉਮੜਿਆ ਜਨ ਸੈਲਾਬ

ਮੋਹਾਲੀ/ਮਲੇਰਕੋਟਲਾ, 15 ਅਗਸਤ (ਬਿਉਰੋ): ਅੱਜ 15 ਅਗਸਤ ਨੂੰ ਜਦੋਂ ਦੇਸ਼ ਦਾ ਸਰਕਾਰੀ ਤੰਤਰ ਅਜ਼ਾਦੀ ਦਾ ਮਹਾਉਤਸਵ  ਮਨਾ ਰਿਹਾ ਹੈ ਉਥੇ ਹੀ ਜਿਸ ਕੌਮ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਉਹ ਕੌਮ ਸੜਕਾਂ ਤੇ ਰੁਲ ਰਹੀ ਹੈ । ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਤੇ ਲੱਗੇ 7 ਮਹੀਨੇ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀਆਂ, ਬਹਿਬਲ ਕਲਾਂ ਅਤੇ ਕੋਟਕਪੂਰਾ ਦੀਆਂ ਘਟਨਾਵਾਂ ਦੇ ਇਨਸਾਫ ਲੈਣ ਲਈ ਲੱਗੇ ਮੋਰਚੇ ਵੱਲੋਂ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਅਜ਼ਾਦੀ ਦਿਹਾੜਾ ਮਨਾਉਣ ਦੀ ਬਜਾਏ ਕਾਲਾ ਦਿਵਸ ਮਨਾਇਆ ਗਿਆ । ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੀ ਸੰਗਤ, ਕਿਸਾਨ ਯੂਨੀਅਨਾਂ ਨੇ ਕਾਲੀਆਂ ਝੰਡੀਆਂ ਨਾਲ ਮੋਹਾਲੀ ਅਤੇ ਚੰਡੀਗੜ੍ਹ ਨੂੰ ਹੱਥਾਂ ਪੈਰਾਂ ਦੀਆਂ ਪਾ ਦਿੱਤੀਆਂ । ਵਾਈਪੀਐਸ ਚੌਂਕ ਤੋਂ ਰੋਸ ਮਾਰਚ ਵਿੱਚ ਸਭ ਤੋਂ ਅੱਗੇ ਪੰਜ ਪਿਆਰੇ, ਫਿਰ ਮਹਾਪੁਰਸ਼ਾਂ ਦਾ ਜੱਥਾ, ਪ੍ਰਬੰਧਕ ਅਤੇ ਸੰਗਤ ਨੂੰ ਤਰਤੀਬ ਦਿੱਤੀ ਗਈ । ਮੋਰਚੇ ਤੋਂ ਅਰਦਾਸ ਕਰਕੇ ਮਰਿਆਦਾ ‘ਚ ਚੰਡੀਗੜ੍ਹ ਲਈ ਰਵਾਨਾ ਹੋਇਆ । ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਜੇਕਰ ਭਾਰਤ ਅੰਦਰ ਅਜ਼ਾਦੀ ਦੇਖਣੀ ਹੋਵੇ ਤਾਂ ਮੋਹਾਲੀ ਵਿਖੇ 7 ਮਹੀਨੇ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਾ ਮੋਰਚਾ, ਮਨੀਪੁਰ ਦੀ ਤਾਜ਼ਾ ਘਟਨਾ, ਹਰਿਆਣਾ ਦੇ ਮੇਵਾਤ ਦੀ ਘਟਨਾ, ਯੂਪੀ ‘ਚ ਮੁਸਲਿਮ ਅਤੇ ਦਲਿਤਾਂ ਦੀ ਹੋ ਹਰੀ ਲਿੰਚਿੰਗ, ਬੇਰੋਜਗਾਰੀ, ਭੁੱਖਮਰੀ, ਮਹਿੰਗਾਈ, ਸਰਕਾਰੀ ਸੰਸਥਾਵਾਂ ਦਾ ਨਿੱਜੀਕਰਨ, ਘੱਟਗਿਣਤੀਆਂ ਤੇ ਹੋ ਰਹੇ ਹਮਲੇ ਆਦਿ ਘਟਨਾਵਾਂ ਤੋਂ ਸਾਫ ਦੇਖੀ ਜਾ ਸਕਦੀ ਹੈ ਕਿ ਇੱਥੇ ਕੌਣ ਅਜ਼ਾਦ ਹੈ । 15 ਅਗਸਤ 1947 ਜਦੋਂ ਸਾਰਾ ਦੇਸ਼ ਅਜ਼ਾਦ ਹੋਇਆ ਉਸ ਸਮੇਂ ਪੰਜਾਬ ਦੇ ਟੁੱਕੜੇ ਕੀਤੇ ਗਏ, ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦੀਆਂ ਰੂਹਾਂ ਵੰਡੀਆਂ ਗਈਆਂ, ਲੱਖਾਂ ਮੁਸਲਿਮ, ਹਿੰਦੂ, ਸਿੱਖਾਂ ਦਾ ਕਤਲੇਆਮ ਹੋਇਆ, ਸਿੱਖਾਂ ਦੇ ਨਨਕਾਣਾ ਲਹਿੰਦੇ ਪੰਜਾਬ ‘ਚ ਰਹਿ ਗਿਆ ਆਦਿ ਘਟਨਾਵਾਂ ਨੇ ਅੱਜ ਦੇ ਦਿਨ ਨੂੰ ਜਸ਼ਨ ਲਈ ਨਹੀਂ ਬਲਿਕ ਕਾਲੇ ਸਮੇਂ ਦੀ ਯਾਦ ਬਣਾ ਦਿੱਤਾ ਹੈ । ਇਸ ਮੌਕੇ ਮੌਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਮੁੱਖ ਪ੍ਰਬੰਧਕ ਪਾਲ ਸਿੰਘ ਫਰਾਂਸ, ਪੰਥ ਖਾਲਸਾ ਅਰਬਾਂ ਖਰਬਾਂ ਦੇ ਮੁੱਖੀ ਬਾਬਾ ਰਾਜਾ ਰਾਜ ਸਿੰਘ, ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ, ਭਾਈ ਹਰਦੀਪ ਸਿੰਘ ਖਾਲਸਾ, ਬਲਵਿੰਦਰ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ, ਜਸਕਰਣ ਸਿੰਘ ਕਾਹਨ ਸਿੰਘ ਵਾਲਾ, ਕਿਸਾਨ ਮੋਰਚੇ ਦਾ ਚਰਚਿਤ ਚੇਹਰਾ ਜੱਗੀ ਬਾਬਾ, ਪ੍ਰਸਿੱਧ ਸਮਾਜਸੇਵੀ ਭਾਨਾ ਸਿੱਧੂ ਸਮੇਤ ਵੱਡੀਆਂ ਸਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।

Similar Posts

Leave a Reply

Your email address will not be published. Required fields are marked *