ਦੁਨੀਆ ਭਰ ਦੇ 200 ਕਰੋੜ ਮੁਸਲਮਾਨਾਂ ਦੇ ਜ਼ਖਮ ਹਰੇ ਕੀਤੇ
ਮਲੇਰਕੋਟਲਾ, 04 ਫਰਵਰੀ (ਬਿਉਰੋ): ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ‘ਭਾਰਤ ਰਤਨ’ ਦੇਣ ਲਈ ਲਾਲ ਕ੍ਰਿਸ਼ਨ ਅਡਵਾਨੀ ਸਾਬਕਾ ਉੱਪ ਪ੍ਰਧਾਨ ਮੰਤਰੀ ਦਾ ਨਾਮ ਐਲਾਨਿਆ ਗਿਆ ਹੈ ।’ਭਾਰਤ ਰਤਨ’ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ । ਇਹ ਸਨਮਾਨ ਅਸਧਾਰਣ ਅਤੇ ਸਰਵਉੱਚ ਸੇਵਾਵਾਂ ਦੇਣ ਵਾਲੇ ਨੂੰ ਦਿੱਤਾ ਜਾਂਦਾ ਹੈ । ਇਹ ਸਨਮਾਨ ਰਾਜਨੀਤੀ, ਕਲਾ, ਸਾਹਿਤ, ਵਿਗਿਆਨ ਦੇ ਖੇਤਰ ਵਿੱਚੋਂ ਕਿਸੇ ਵਿਚਾਰਕ, ਵਿਗਿਆਨਕ, ਉਦਯੋਗਪਤੀ, ਲੇਖਕ ਅਤੇ ਸਮਾਜਸੇਵੀ ਨੂੰ ਦਿੱਤਾ ਜਾਂਦਾ ਹੈ । ਜਿਸਨੂੰ ਇਹ ਪੁਰਸਕਾਰ ਮਿਲਦਾ ਹੈ ਉਸ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਅਨੇਕਾਂ ਸਹੂਲਤਾਂ ਅਤੇ ਭੱਤੇ ਜਿਵੇਂ ਟੈਕਸ ਮਾਫੀ, ਮੁਫਤ ਹਵਾਈ, ਟਰੇਨ, ਬਸ ਸਫਰ, ਦੂਜੇ ਸੂਬੇ ਵਿੱਚ ਜਾਣ ‘ਤੇ ਰਾਜ ਨਾਇਕ ਦਾ ਦਰਜਾ, ਸੰਸਦ ਵਿੱਚ ਜਾਣ ਦੀ ਆਗਿਆ, ਸੁਤੰਤਰ ਦਿਵਸ, ਗਣਤੰਤਰ ਦਿਵਸ ਸਮਾਗਮਾਂ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸਨਮਾਨ ਦਿੱਤਾ ਜਾਂਦਾ ਹਨ । ਸੰਵਿਧਾਨ ਦੇ ਅਨੁਛੇਦ 18(1) ਦੇ ਅਨੁਸਾਰ ਇਸ ਸਨਮਾਨ ਨੂੰ ਆਪਣੇ ਨਾਮ ਤੋਂ ਪਹਿਲਾਂ ਜਾਂ ਬਾਦ ਵਿੱਚ ਨਹੀਂ ਜੋੜਿਆ ਜਾ ਸਕਦਾ ਪਰੰਤੂ ਅਜਿਹੀਆਂ ਹਸਤੀਆਂ ਆਪਣਾ ਬਾਇਓਡਾਟਾ, ਲੈਟਰਹੈਡ ਜਾਂ ਵਿਜ਼ਟਿੰਗ ਕਾਰਡ ਵਗੈਰਾ ਉੱਤੇ ਇਹ ਲਿਖ ਸਕਦੇ ਹਨ । ਭਾਰਤ ਰਤਨ ਦੇਣ ਦੀ ਸ਼ੁਰੂਆਤ 2 ਜਨਵਰੀ 1954 ਨੂੰ ਤਤਕਾਲੀਨ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸ਼ਾਦ ਨੇ ਕੀਤੀ ਸੀ । ਇਹ ਸਨਮਾਨ ਸਭ ਤੋਂ ਪਹਿਲਾਂ ਅਜ਼ਾਦ ਭਾਰਤ ਦੇ ਪਹਿਲੇ ਗਵਰਨਰ ਜਨਰਲ ਚੱਕਰਵਰਤੀ ਰਾਜਗੋਪਾਲਾਚਾਰੀ, ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਅਤੇ ਅਤੇ ਵਿਗਿਆਨੀ ਡਾ. ਚੰਦਰ ਸ਼ੇਖਰ ਵੈਂਕਟ ਰਮਨ ਨੂੰ 1954 ਵਿੱਚ ਦਿੱਤਾ ਗਿਆ ਸੀ । 1955 ਵਿੱਚ ਮਰਨ ਤੋਂ ਬਾਦ ਵੀ ਭਾਰਤ ਰਤਨ ਦੇਣ ਦੀ ਸੁਵਿਧਾ ਕੀਤੀ ਹੈ । ਇੱਕ ਸਾਲ ਵਿੱਚ ਸਿਰਫ ਤਿੰਨ ਭਾਰਤ ਰਤਨ ਹੀ ਦਿੱਤੇ ਜਾਂਦੇ ਹਨ । ਹੁਣ ਤੱਕ ਕੁਲ 48 ਲੋਕਾਂ ਨੂੰ ਭਾਰਤ ਰਤਨ ਸਨਮਾਨ ਦਿੱਤਾ ਗਿਆ ਹੈ । ਆਖਰੀ ਵਾਰ ਇਹ ਸਨਮਾਨ ਸਾਲ 2019 ਵਿੱਚ ਦਿੱਤਾ ਗਿਆ ਸੀ । ਉਦੋਂ ਤੋਂ ਕਈ ਲੋਕਾਂ ਨੂੰ ਆਪਣੇ-ਆਪਣੇ ਖੇਤਰ ‘ਚ ਵੱਡਮੁੱਲਾ ਯੋਗਦਾਨ ਪਾਉਣ ਦੇ ਲਈ ਇਹ ਸਨਮਾਨ ਦਿੱਤਾ ਜਾ ਚੁੱਕਾ ਹੈ । ਇਸ ਪੁਰਸਕਾਰ ਦਾ ਦੇਸ਼ ਅਤੇ ਦੁਨੀਆ ਵਿੱਚ ਵਿਸ਼ੇਸ਼ ਮਹੱਤਵ ਹੈ । ਅੱਜਤੱਕ ਇਸ ਦੀ ਚੋਣ ਜਾਂ ਨਾਮਜ਼ਦਗੀ ਉੱਤੇ ਕੋਈ ਸਵਾਲ ਨਹੀਂ ਹੋਇਆ ।
ਪਰੰਤੂ 2024 ਲਈ ਨਾਮਜ਼ਦ ਲਾਲ ਕ੍ਰਿਸ਼ਨ ਅਡਵਾਨੀ ਦੇ ਨਾਮ ਨੇ ਮੁਸਲਿਮ ਜਗਤ ਦੇ 200 ਕਰੋੜ ਮੁਸਲਮਾਨਾਂ ਦੇ ਹਿਰਦੇ ਬਲੂੰਧਰ ਦਿੱਤੇ ਹਨ । ਇਹ ਨਾ ਕੇਵਲ ਦੇਸ਼ ਦੇ ਸਭ ਤੋਂ ਵੱਡੇ ਪੁਰਸਕਾਰ ‘ਭਾਰਤ ਰਤਨ’ ਦਾ ਅਪਮਾਨ ਹੈ ਬਲਿਕ ਕੌਮਾਂਤਰੀ ਪੱਧਰ ਉੱਤੇ ਭਾਰਤ ਦੀ ਇਮੇਜ਼ ਨੂੰ ਵੀ ਧੂਮਿਲ ਕਰੇਗਾ । ਅਡਵਾਨੀ ਦਾ ਨਾਮ ਅਨੇਕਾਂ ਹਿੰਸਕ ਮਾਮਲਿਆਂ ਨਾਲ ਜੁੜਿਆ ਹੋਇਆ ਹੈ ਕਿ ਅਜਿਹੇ ਪੁਰਸਕਾਰ ਬਾਰੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਅਡਵਾਨੀ ਦੀ ਰਥ ਯਾਤਰਾ ਜਿੱਥੇ-ਜਿੱਥੇ ਵੀ ਗਈ ਉੱਥੇ ਧਾਰਮਿਕ ਦੰਗੇ ਹੋਏ, ਨਿਰਦੋਸ਼ ਮੁਸਲਮਾਨਾਂ ਦਾ ਖੁਨ ਬਹਾਇਆ ਗਿਆ । ਬਾਬਰੀ ਮਸਜਿਦ ਢਾਹੁਣ ਦੇ ਕੇਸ ਵਿੱਚ ਅਡਵਾਨੀ ਦਾ ਨਾਮ ਮੁੱਖ ਦੋਸ਼ੀ ਵਜੋਂ ਸ਼ਾਮਲ ਸੀ । ਅਦਾਲਤ ਨੇ ਮੰਨਿਆ ਸੀ ਕਿ ਮਸਜਿਦ ਢਾਹੀ ਗਈ ਪਰੰਤੂ ਬਾਦ ਵਿੱਚ ਮਸਜਿਦ ਦੀ ਥਾਂ ‘ਤੇ ਰਾਮ ਮੰਦਰ ਬਣਾਉਣ ਦਾ ਗੈਰ ਸੰਵਿਧਾਨਕ ਫੈਸਲਾ ਦੇ ਦਿੱਤਾ ਅਤੇ ਮਸਜਿਦ ਢਾਹੁਣ ਵਾਲੇ ਦੋਸ਼ੀਆਂ ਨੂੰ ਵੀ ਬਰੀ ਦਿੱਤਾ । ਇਸ ਫੈਸਲੇ ਨੇ ਭਾਰਤੀ ਨਿਆਂਪਾਲਿਕਾ ਦਾ ਜਨਾਜ਼ਾ ਕੱਢ ਦਿੱਤਾ । ਦੁਨੀਆ ਨੂੰ ਦੱਸ ਦਿੱਤਾ ਕਿ ਅਸੀਂ ਭਾਰਤੀ ਮੁਸਲਮਾਨਾਂ ਨਾਲ ਕੀ ਕਰ ਰਹੇ ਹਾਂ । ਇਸ ਤੋਂ ਬਾਦ ਮੁਸਲਮਾਨਾਂ ਦੇ ਜ਼ਖਮ ਤਾਜ਼ੇ ਕਰਨ ਲਈ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਦੇ ਮੁੱਖ ਦੋਸ਼ੀ ਐਲ.ਕੇ. ਅਡਵਾਨੀ ਨੂੰ ਭਾਰਤ ਰਤਨ ਦੇਣ ਦਾ ਐਲਾਨ ਕਰ ਦਿੱਤਾ । ਇਸ ਤੋਂ ਇਲਾਵਾ ਅਡਵਾਨੀ ਦੀ ਭਾਰਤ ਲਈ ਕੋਈ ਵਿਗਿਆਨਕ, ਸਮਾਜਿਕ, ਵਿੱਦਿਅਕ ਜਾਂ ਆਰਥਿਕ ਦੇਣ ਨਹੀਂ ਹੈ । ਭਾਵੇਂਕਿ ਮੁਸਲਮਾਨਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਪਰੰਤੂ ਭਵਿੱਖ ‘ਚ ਭਾਰਤ ਕੌਮਾਂਤਰੀ ਭਾਈਚਾਰੇ ਅੱਗੇ ਇਹਨਾਂ ਵਧੀਕੀਆਂ ਲਈ ਲਾਜਵਾਬ ਹੋਵੇਗਾ ।



