ਚੰਡੀਗੜ੍ਹ/ਮਲੇਰਕੋਟਲਾ, 02 ਅਪ੍ਰੈਲ (ਬਿਉਰੋ): ਭਾਰਤ ਅੰਦਰ ਆਈਪੀਐਲ-2023 ਦਾ ਆਗਾਜ਼ ਹੋ ਚੁੱਕਾ ਹੈ ਜਿਸ ਨੇ ਵਿਸ਼ਵ ਭਰ ਦੇ ਖੇਡ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ । ਮੀਡੀਆ ਨੇ ਦੇਸ਼ ਦੇ ਬੇਰੋਜਗਾਰੀ, ਗਿਰ ਰਹੀ ਅਰਥ ਵਿਵਸਥਾ, ਭ੍ਰਿਸ਼ਟਾਚਾਰ, ਸੰਪਰਦਾਇਕ ਦੰਗੇ, ਭੁੱਖਮਰੀ ਦੇ ਮੁੱਦੇ ਛੱਡਕੇ ਸਪੋਰਟਸ ਐਂਕਰ ਬਣ ਗਏ ਹਨ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਖੇਡ ਨੂੰ ਪ੍ਰਫੁੱਲਤ ਕਰਨ ਲਈ ਕਵਰੇਜ ਕਰਨੀ ਜਰੂਰੀ ਹੈ ਪਰੰਤੂ ਦੇਸ਼ ਦੇ ਬਾਕੀ ਮੁੱਦਿਆ ਨਾਲ ਵੀ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ ।
ਅਰਸ਼ਦੀਪ ਸਿੰਘ ਦੀ ਗੇਂਦਬਾਜ਼ੀ ਨੇ ਇਸ ਤਰ੍ਹਾਂ ਸੰਭਾਲਿਆ ਪੰਜਾਬ ਕਿੰਗਜ਼ ਦਾ ਮੋਰਚਾ
ਆਈਪੀਐੱਲ ਦੇ ਸ਼ਨੀਵਾਰ ਨੂੰ ਹੋਏ ਮੈਚਾਂ ਵਿੱਚ ਇੱਕ ਪਾਸੇ ਅਰਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਪ੍ਰਸ਼ੰਸਾ ਹੋ ਰਹੀ ਹੈ ਤੇ ਦੂਜੇ ਪਾਸੇ ਮਾਰਕ ਵੁਡ ਦੀ ਸ਼ਾਨਦਾਰ ਖੇਡ ਨੂੰ ਸਰਾਹਿਆ ਜਾ ਰਿਹਾ ਹੈ ।
ਇਹ ਮੈਚ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਤੇ ਲਖਨਊ ਸੁਪਰ ਜਾਇੰਟਸ ਅਤੇ ਦਿੱਲੀ ਕੈਪਿਟਲ ਵਿਚਕਾਰ ਸਨ ।
ਪੰਜਾਬ ਕਿੰਗਜ਼ ਦਾ ਕਮਾਲ
ਸ਼ਨੀਵਾਰ ਨੂੰ ਮੋਹਾਲੀ ‘ਚ ਖੇਡੇ ਗਏ ਮੈਚ ‘ਚ ਮੋਰਚਾ ਪੰਜਾਬ ਕਿੰਗਜ਼ ਨੇ ਫਤਿਹ ਕੀਤਾ ।
ਮੀਂਹ ਕਾਰਨ ਪ੍ਰਭਾਵਿਤ ਹੋਏ ਇਸ ਮੈਚ ਦਾ ਫੈਸਲਾ ਡਕਵਰਥ ਲੁਈਸ ਤਰੀਕੇ ਨਾਲ ਹੋਇਆ ਅਤੇ ਪੰਜਾਬ ਦੀ ਟੀਮ ਨੇ ਕੋਲਕਾਤਾ ਨਾਈਟ ਰਾਈਡਰਜ਼ ‘ਤੇ ਸੱਤ ਦੌੜਾਂ ਨਾਲ ਜਿੱਤ ਦਰਜ ਕੀਤੀ । ਕੋਲਕਾਤਾ ਨੂੰ ਹਾਰ ਦਾ ਸੁਆਦ ਚਖਾਉਣ ‘ਚ ਵੱਡਾ ਯੋਗਦਾਨ ਰਿਹਾ ਅਰਸ਼ਦੀਪ ਸਿੰਘ ਦਾ। ਉਨ੍ਹਾਂ ਨੇ ਸਿਰਫ਼ 19 ਦੌੜਾਂ ਦੇ ਕੇ 3 ਵਿਕਟਾਂ ਝਟਕੀਆਂ ।
ਜ਼ਿਕਰਯੋਗ ਹੈ ਕਿ ਮੋਹਾਲੀ ਵਿਖੇ ਹੋਏ ਪਹਿਲੇ ਮੈਚ ਦੌਰਾਨ “ਕੌਮੀ ਇਨਸਾਫ ਮੋਰਚੇ” ਵੱਲੋਂ ਇੱਕ ਵਿਸ਼ਾਲ ਜੱਥੇ ਨਾਲ ਸਿੰਬੋਲਿਕ ਰੋਸ ਪ੍ਰਦਰਸ਼ਨ ਕੀਤਾ ਗਿਆ । ਜਿਸ ਵਿੱਚ ਭਾਰਤ ਅੰਦਰ ਸਿੱਖਾਂ ਸਮੇਤ ਘੱਟ ਗਿਣਤੀਆਂ ਤੇ ਹੋ ਰਹੇ ਪੱਖਪਾਤੀ ਰਵੱਈਏ ਦਾ ਵਿਰੋਧ ਕੀਤਾ ਗਿਆ । ਦਹਾਕਿਆਂ ਤੋਂ ਜੇਲ੍ਹਾਂ ‘ਚ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਤੇ ਦਬਾਅ ਬਣਾਉਣ ਲਈ ਉਪਰਾਲਾ ਕੀਤਾ ਗਿਆ । ਮੌਚ ਦੌਰਾਨ ਇੱਕ ਸਿੱਖ ਨੌਜਵਾਨ ਵੱਲੋਂ ਆਪਣੀ ਟੀਸ਼ਰਟ ਲਹਿਰਾਈ ਗਈ ਜਿਸ ਤੇ ਬੰਦੀ ਸਿੰਘਾਂ ਨੂੰ ਰਿਹਾ ਕਰੋ ਹੋਇਆ ਲਿਖਿਆ ਸੀ, ਉਸ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ।



