ਪੰਜਾਬ ਦਾ ਮੁਸਲਿਮ ਭਾਈਚਾਰਾ ਦਿੱਲੀ ਕਿਸਾਨ ਅੰਦੋਲਨ ਦੀ ਤਰ੍ਹਾਂ ਅੱਜ ਵੀ ਡੱਟਕੇ ਖੜਾ ਹੈ-ਚੌਧਰੀ ਮੁਹੰਮਦ ਬਾਬੂ
ਮਲੇਰਕੋਟਲਾ/ਐਸ.ਏ.ਐਸ. ਨਗਰ, 28 ਨਵੰਬਰ (ਬਿਉਰੋ): ਪੰਜਾਬੀ ਦੇ ਮਸ਼ਹੂਰ ਲੋਕ ਗਾਇਕ ਮੁਹੰਮਦ ਸਦੀਕ ‘ਕੁੱਪਵਾਲੇ’ ਦੇ ਮਾਰੂਫ ਗੀਤ ਦੇ ਟੱਪੇ ਗੁਨਗੁਣਾ ਰਿਹਾ 75 ਸਾਲਾ ਮਾਨਸਾ ਦਾ ਕਿਸਾਨ ਮੋਹਾਲੀ ਦੇ ਏਅਰਪੋਰਟ ਰੋਡ ਸੜਕ ਉੱਤੇ ਹੀ ਖਾਣਾ ਤਿਆਰ ਕਰ ਰਿਹਾ ਸੀ ਅਤੇ ਸਰਕਾਰਾਂ ਨੂੰ ਕੋਸ ਰਿਹਾ ਸੀ । ਅਦਾਰਾ “ਅਬੂ ਜ਼ੈਦ ਨਿਊਜ਼” ਦੀ ਟੀਮ ਇਸ ਰੌਚਕ ਮੰਜ਼ਰ ਨੂੰ ਜਾਣੇ ਬਿਨ੍ਹਾ ਕਿਵੇਂ ਰਹਿ ਸਕਦੀ ਸੀ । ਦਿੱਲੀ ਦੀਆਂ ਸਿੰਘੂ, ਟਿਕਰੀ, ਗਾਜ਼ੀਪੁਰ ਸੀਮਾਵਾਂ ਉੱਤੇ ਮਹੀਨਿਆਂ ਤੱਕ ਚੱਲੇ ਵਿਸ਼ਵ ਪ੍ਰਸਿੱਧ ਕਿਸਾਨ ਅੰਦੋਲਨ ਨੂੰ ਸਮਾਪਤ ਹੋਏ ਤਿੰਨ ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰੰਤੂ ਕੇਂਦਰ ਸਰਕਾਰ ਨੇ ਦੇਸ਼ ਦੀ ਜਨਤਾ ਨਾਲ ਵਾਅਦਾ ਖਿਲਾਫੀ ਕੀਤੀ ਹੈ । ਇਸੇ ਦੇ ਰੋਸ ਵਜੋਂ ਅੱਜ ਦੇਸ਼ ਦੇ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਵਿਖੇ ਕਿਸਾਨਾਂ ਵੱਲੋਂ ਦਿਨ ਰੋਜ਼ਾ ਰੋਸ ਪ੍ਰਦਰਸ਼ਨ ਕਰਨ ਲਈ ਧਰਨੇ ਲਗਾਏ ਗਏ ਹਨ । ਮੋਹਾਲੀ-ਚੰਡੀਗੜ ਦੀਆਂ ਬਰੂਹਾਂ ਉੱਤੇ ਲੱਗੇ ਧਰਨੇ ਵਿੱਚ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਇੱਕ ਵਫਦ ਚੌਧਰੀ ਮੁਹੰਮਦ ਬਾਬੂ, ਲਿਆਕਤ ਅਲੀ, ਮੁਹੰਮਦ ਜਮੀਲ ਐਡਵੋਕੇਟ, ਮੁਹੰਮਦ ਅਨਵਾਰ ਲਾਲਾ ਦੀ ਸਰਪ੍ਰਸਤੀ ਆਪਣੀ ਸ਼ਮੂਲੀਅਤ ਲਈ ਪਹੁੰਚਿਆ । ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਚੌਧਰੀ ਮੁਹੰਮਦ ਬਾਬੂ ਨੇ ਕਿਹਾ ਕਿ ਪੰਜਾਬ ਦਾ ਮੁਸਲਿਮ ਭਾਈਚਾਰੇ ਦੇ ਲੋਕ ਛੋਟੇ ਕਿਸਾਨ ਹਨ ਪਰੰਤੂ ਉਹ ਜਿਵੇਂ ਦਿੱਲੀ ਕਿਸਾਨ ਅੰਦੋਲਨ ‘ਚ ਚੱਟਾਨ ਵਾਂਗ ਨਾਲ ਖੜ੍ਹੇ ਸਨ ਅੱਜ ਵੀ ਉਸੇ ਤਰ੍ਹਾਂ ਕਿਸਾਨਾਂ ਨਾਲ ਡਟਕੇ ਖੜੇ ਹਨ । ਉਹਨਾਂ ਕਿਹਾ ਦੇਸ਼ ਦੀ ਕੇਂਦਰ ਸਰਕਾਰ ਕਾਰਪੋਰੇਟਾਂ ਦੇ ਲਈ ਕੰਮ ਕਰ ਰਹੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਇਸੇ ਲਈ ਕਿਸਾਨਾਂ ਨੂੰ ਕਦੇ ਦਿੱਲੀ ਅਤੇ ਕਦੇ ਚੰਡੀਗੜ੍ਹ ਵਿਖੇ ਧਰਨੇ ਲਗਾਉਣੇ ਪੈ ਰਹੇ ਹਨ । ਉਹਨਾਂ ਕਿਹਾ ਕਿ ਦਿੱਲੀ ਕਿਸਾਨ ਅੰਦੋਲਨ ਦੇ ਮਹੀਨਿਆਂ ਦੀ ਜੱਦੋ-ਜਹਿਦ ਤੋਂ ਬਾਦ ਕਿਸਾਨ ਆਗੂਆਂ ਅਤੇ ਸਰਕਾਰ ਵਿੱਚ ਸਮਝੌਤਾ ਹੋ ਗਿਆ ਅਤੇ ਕਾਲੇ ਕਾਨੂੰਨ ਰੱਦ ਕਰ ਦਿੱਤੇ ਗਏ ਅਤੇ ਫ਼ਸਲਾਂ ਉਤੇ ਐੱਮਐੱਸਪੀ ਦੀ ਗਰੰਟੀ ਦਾ ਕਾਨੂੰਨ, ਅੰਦੋਲਨ ਦੌਰਾਨ ਕਿਸਾਨਾਂ ‘ਤੇ ਹੋਏ ਪਰਚੇ ਰੱਦ ਕਰਨਾ, ਲਖੀਮਪੁਰ ਖੀਰੀ ਦੀ ਘਟਨਾ ਦਾ ਇਨਸਾਫ ਆਦਿ ਮੰਗਾਂ ਕੇਂਦਰ ਨੇ ਮੋਰਚੇ ਦੀ ਮੰਨੀਆਂ ਸਨ ਪਰੰਤੂ ਤੈਅ ਹੋਈਆਂ ਸ਼ਰਤਾਂ ਕੇਂਦਰ ਸਰਕਾਰ ਨੇ ਅੱਜ ਤੱਕ ਪੂਰੀਆਂ ਨਹੀਂ ਕੀਤੀਆਂ । ਇਸੇ ਲਈ ਅੱਜ 26 ਤੋਂ 28 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਤਿੰਨ ਦਿਨਾਂ ਲਈ ਚੰਡੀਗੜ ਦੇ ਬਾਰਡਰ ‘ਤੇ ਧਰਨਾ ਦੇ ਰਹੀਆਂ ਹਨ । ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਨਾਲ ਚੰਡੀਗੜ ਦੀ ਸਰਹੱਦ ਨੇੜੇ ਪਹੁੰਚੇ ਹਨ । ਕਿਸਾਨ ਅੰਦਲੋਨ ਦੀ ਤੀਜੀ ਵਰ੍ਹੇਗੰਢ ਦੇ ਮੌਕੇ ਉੱਤੇ ਕਿਸਾਨ ਟਰੈਕਟਰ ਟਰਾਲੀਆਂ ਰਾਹੀਂ ਚੰਡੀਗੜ ਪਹੁੰਚ ਰਹੇ ਹਨ । ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੋਰਚੇ ਦੇ ਸੱਦੇ ਉੱਤੇ 26 ਤੋਂ 28 ਨਵੰਬਰ ਤੱਕ ਸਾਰੇ ਦੇਸ਼ ਦੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ 72 ਘੰਟੇ ਲਈ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ “ਦਿੱਲੀ ਵਿਖੇ ਧਰਨੇ ਦੌਰਾਨ ਜਿਨ੍ਹਾਂ ਕਿਸਾਨਾਂ ਦੀ ਮੌਤ ਹੋਈ ਉਨ੍ਹਾਂ ਨੂੰ ਵੀ ਸਰਕਾਰ ਵੱਲੋਂ ਮੁਆਵਜ਼ਾ ਨਹੀਂ ਦਿੱਤਾ ਗਿਆ ਅਤੇ ਕਿਸਾਨਾਂ ਉੱਤੇ ਕੀਤੇ ਗਏ ਪਰਚੇ ਵੀ ਰੱਦ ਨਹੀਂ ਕੀਤੇ ਗਏ ।” ਉਨ੍ਹਾਂ ਦੱਸਿਆ ਕਿ ਕਿਸਾਨ ਪੂਰੀ ਤਿਆਰੀ ਨਾਲ ਆਏ ਹਨ । ਜਿੱਥੇ ਪੰਜਾਬ ਤੋਂ ਆਏ ਕਿਸਾਨ ਮੋਹਾਲੀ ਵਿੱਚ ਬੈਠੇ ਹਨ, ਹਰਿਆਣਾ ਤੋਂ ਆਏ ਕਿਸਾਨ ਪੰਚਕੂਲਾ ਵਿਖੇ ਧਰਨੇ ‘ਤੇ ਬੈਠੇ ਹਨ । ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਚੰਡੀਗੜ੍ਹ ਦੇ ਅੰਦਰ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਹੈ, “ਇੱਥੇ ਧਰਨੇ ਦੇ ਦਿਨ ਤਿੰਨ ਤੋਂ ਵਧਾਏ ਜਾ ਸਕਦੇ ਹਨ, ਪਰ ਧਰਨੇ ਦੀ ਸਟੇਜ ਇੱਥੇ ਹੀ ਰਹੇਗੀ।”
ਚੌਧਰੀ ਬਾਬੂ ਨੇ ਦੱਸਿਆ ਕਿ ਕਿਸਾਨ ਮੋਰਚੇ ਨੇ ਦਿੱਲੀ ਵਾਲੀਆਂ ਮੰਗਾਂ ਦੇ ਨਾਲ ਹੜਾਂ ਅਤੇ ਗੜੇਮਾਰੀ ਨਾਲ ਬਰਬਾਦ ਹੋਈਆਂ ਫਸਲਾਂ ਦਾ ਮੁਆਵਜ਼ਾ, ਚਿਪ ਵਾਲੇ ਮੀਟਰ ਨਾ ਲਾਏ ਜਾਣ, ਕਿਸਾਨ ਅੰਦਲੋਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਮਿਲਣ, ਸਬਜੀਆਂ ‘ਤੇ ਐੱਮਐੱਸਪੀ, ਮੱਕੀ ਅਤੇ ਮੂੰਗੀ ਦੀ ਖਰੀਦ ਕੀਤੀ ਜਾਵੇ, ਪਰਾਲ਼ੀ ਸਾੜਨ ਸਬੰਧੀ ਕਿਸਾਨਾਂ ਖਿਲਾਫ਼ ਦਰਜ ਕੀਤੇ ਗਏ ਕੇਸ ਰੱਦ ਕੀਤੇ ਜਾਣ ਆਦਿ ਮੰਗਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ ।



