ਆਮ ਆਦਮੀ ਪਾਰਟੀ ਲਈ ਆਖਰੀ ਸਮੈਸਟਰ ਹੋਵੇਗਾ ਚੁਨੌਤੀਆਂ ਭਰਿਆ

author
0 minutes, 0 seconds Read

ਜੇਕਰ ਇਕਲੌਤੇ ਮੁਸਲਿਮ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਨੂੰ ਮੰਤਰੀ ਨਾ ਬਣਾਇਆ ਤਾਂ ਸ਼ੁਰੂ ਕੀਤਾ ਜਾਵੇਗਾ ਦੇਸ਼ ਵਿਆਪੀ ਸੰਘਰਸ਼-ਮੁਹੰਮਦ ਜਮੀਲ ਐਡਵੋਕੇਟ

ਮਲੇਰਕੋਟਲਾ, 11 ਜਨਵਰੀ (ਬਿਉਰੋ): ਪੰਜਾਬ ਦੇ ਰਿਵਾਇਤੀ ਸਿਸਟਮ ਨੂੰ ਪਟਕਣੀ ਦੇ ਕੇ ਪਹਿਲੀ ਵਾਰ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੇ ਕਰੀਬ ਚਾਰ ਸਾਲ ਪੂਰੇ ਹੋ ਚੁੱਕੇ ਹਨ । ਸਿੱਖਿਆ ਦੇ ਖੇਤਰ ਅਤੇ ਸਿਹਤ ਸਹੂਲਤਾਂ ਵਿੱਚ ਜਾਦੂਈ ਬਦਲਾਅ ਲਿਆਉਣ ਦੇ ਵਾਅਦੇ ਅਤੇ ਦਾਅਵੇ ਕਰਨ ਵਾਲੀ ਪਾਰਟੀ ਆਖਰ ਰਿਵਾਇਤੀ ਪਾਰਟੀ ਦੇ ਹੀ ਸਾਂਚੇ ਵਿੱਚ ਢਲ ਗਈ ਬਲਿਕ ਕਈ ਮਾਮਲਿਆਂ ਵਿੱਚ ਤਾਂ ਉਹਨਾਂ ਤੋਂ ਵੀ ਥੱਲੇ ਗਿਰ ਗਈ । ਪੰਜਾਬ ਦੀ ਸੱਤਾ ਵਿੱਚ ਰਹੀਆਂ ਰਿਵਾਇਤੀ ਪਾਰਟੀਆਂ ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ ਨੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਰੋਕਣ ਵਿੱਚ ਅਸਫਲ ਰਹੀਆਂ, ਭ੍ਰਿਸ਼ਟਾਚਾਰ ਅਤੇ ਨਸ਼ੇ ਨੂੰ ਠੱਲ ਨਾ ਪਾ ਸਕੀਆਂ, ਪੰਜਾਬ ਦੀ ਨੌਜਵਾਨੀ ਦੇ ਪ੍ਰਵਾਸ ਨੂੰ ਰੋਕ ਨਾ ਸਕੀਆਂ, ਭਾਈ-ਭਤੀਜਾਵਾਦ ਸਮੇਤ ਅਨੇਕਾਂ ਪ੍ਰਕਾਰ ਦੀਆਂ ਬੇਨਿਯਮੀਆਂ ਵੱਡੇ ਪੱਧਰ ‘ਤੇ ਕੀਤੀਆਂ । ਇਸੇ ਲਈ ਪੰਜਾਬ ਦੀ ਜਨਤਾ ਨੇ ਪਹਿਲੀ ਵਾਰ ਕਿਸੇ ਨਵੀਂ ਪਾਰਟੀ ਨੂੰ 92 ਸੀਟਾਂ ਦੇ ਕੇ ਸੱਤਾ ਵਿੱਚ ਲਿਆਂਦਾ । ਪਰੰਤੂ ਅੱਜ ‘ਆਪ’ ਸਰਕਾਰ ਦੇ 4 ਸਾਲ ਪੂਰੇ ਹੋਣ ‘ਤੇ ਬਦਲਾਅ ਦੇ ਵਾਅਦੇ ਅਤੇ ਦਾਅਵੇ ਠੱੁਸ ਹੋ ਚੁੱਕੇ ਹਨ । ਪੰਜਾਬ ਦੀ ਜਨਤਾ ਅੱਜ ਆਪਣੇ ਆਪ ਨੂੰ ਠੱਗਿਆ ਅਤੇ ਲਾਵਾਰਿਸ ਮਹਿਸੂਸ ਕਰ ਰਹੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਮੁਹੰਮਦ ਜਮੀਲ ਐਡਵੋਕੇਟ ਨੇ ਕੀਤਾ ।

ਉਹਨਾਂ ਕਿਹਾ ਕਿ ਪੰਜਾਬ ਦੇ ਮੁਸਲਮਾਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਕੇ ‘ਆਪ’ ਸਰਕਾਰ ਬਣਾਈ ਕਿ ਇਹ ਧਰਮ ਨਿਰਪੱਖ ਪਾਰਟੀ ਹੈ ਅਤੇ ਹਰ ਧਰਮ ਦੇ ਲੋਕਾਂ ਨੂੰ ਬਣਦੇ ਹੱਕ ਅਤੇ ਸਨਮਾਨ ਮਿਲੇਗਾ । ਪਰੰਤੂ ਜੋ ਹਾਲਤ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁਸਲਮਾਨਾਂ ਦੀ ਕੀਤੀ ਹੈ ਤਾਂ ਉਸ ਨੂੰ ਪਹਿਲੀਆਂ ਰਿਵਾਇਤੀ ਪਾਰਟੀਆਂ ਨੂੰ ਯਾਦ ਕਰਨ ਲੱਗੇ ਹਨ । ਅੱਜ ਪੰਜਾਬ ਦਾ ਹਰ ਮੁਸਲਮਾਨ ਮਹਿਸੂਸ ਕਰ ਰਿਹੈ ਕਿ ‘ਆਪ’ ਜੜੋਂ ਹੀ ਐਂਟੀ ਮੁਸਲਿਮ ਪਾਰਟੀ ਹੈ ਜਿਸਦੇ ਕੁਝ ਤੱਥ ਨਿਮਨ ਹਨ ।

  1. ਮੁਸਲਮਾਨਾਂ ਦਾ ਆਪਣੇ ਅਦਾਰੇ ਪੰਜਾਬ ਵਕਫ ਬੋਰਡ ਉੱਤੇ ਸਰਕਾਰੀ ਕੰਟਰੋਲ ਕਰਕੇ ਲੁੱਟ ਕੀਤੀ ਜਾ ਰਹੀ ਹੈ ।
  2. ਮੁਸਲਮਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹਿਬਾਨਾਮਾ ਦੀ ਸਹੂਲਤ ਬੰਦ 18 ਮਹੀਨੇ ਤੋਂ ਲਗਾਤਾਰ ਰੋਕ ਲੱਗੀ ਹੋਈ ਹੈ ।
  3. ਪੰਜਾਬ ਦੇ ਇਕਲੌਤੇ ਮੁਸਲਿਮ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਨੂੰ ਚਾਰ ਸਾਲ ਬੀਤ ਜਾਣ ‘ਤੇ ਵੀ ਮੰਤਰੀ ਨਾ ਬਣਾਉਣਾ ਜੋ ਕਿ ਪਿਛਲੀਆਂ ਸਰਕਾਰਾਂ ਵਿੱਚ ਲਗਾਤਾਰ ਬਣਦੇ ਆ ਰਹੇ ਨੇ ।
  4. ਮੁਸਲਿਮ ਬਹੁਲ ਇਲਾਕੇ ਮਲੇਰਕੋਟਲਾ ਦੇ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ‘ਆਪ’ ਸਰਕਾਰ ਵੱਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ ।
  5. ਮਲੇਰਕੋਟਲਾ ਸਿਵਲ ਹਸਪਤਾਲ ਵਿੱਚ ਸਿਹਤ ਸਹੂਲਤਾਂ ਲਈ ਕੋਈ ਵੀ ਪੁੱਖਤਾ ਕੰਮ ਨਹੀਂ ਕੀਤੇ ਗਏ ।
  6. ਸ਼ਹਿਰ ਦੇ ਵਿਕਾਸ ਲਈ ਕੋਈ ਵਿਸ਼ੇਸ਼ ਫੰਡ ਜਾਰੀ ਨਹੀਂ ਕੀਤੇ ਗਏ ।
  7. ਮਲੇਰਕੋਟਲਾ ਦੇ ਸਰਕਾਰੀ ਦਫਤਰਾਂ ‘ਚ ਰਿਸ਼ਵਤਖੋਰੀ ਕਈ ਗੁਣਾ ਵਧ ਗਈ ਹੈ ।
  8. ਨਸ਼ਿਆਂ ਦੇ ਮਾਮਲੇ ਰੁਕਣ ਦੀ ਬਜਾਏ ਕਈ ਗੁਣਾ ਵਧ ਗਏ ।

ਇਹਨਾਂ ਤੋਂ ਇਲਾਵਾ ਅਨੇਕਾਂ ਅਜਿਹੇ ਪੱਖ ਹਨ ਜੋ ਚੀਖ-ਚੀਖ ਕੇ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਮੁਸਲਿਮ ਵਿਰੋਧੀ ਹੈ । ਹੁਣ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਦੇ ਸਬਰ ਦਾ ਪੈਮਾਨਾ ਛਲਕ ਚੁੱਕਾ ਹੈ ਜਿਸ ਦਾ ਨਜ਼ਾਰਾ ਨਗਰ ਕੌਂਸਲ ਦੀਆਂ ਵੋਟਾਂ ਵਿੱਚ ਦੇਖਣ ਨੂੰ ਮਿਲੇਗਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਪਾਰਟੀ ਨੂੰ ਮੁਸਲਿਮ ਵੋਟਰਾਂ ਦਾ ਰੋਸ ਦੇਖਣ ਨੂੰ ਮਿਲੇਗਾ ।

Similar Posts

Leave a Reply

Your email address will not be published. Required fields are marked *