ਹਮਾਸ–ਇਜ਼ਰਾਈਲ ਜੰਗ ਭਿਆਨਕ ਹੋਣ ਦੇ ਆਸਾਰ
ਤਹਿਰਾਨ/ਮਲੇਰਕੋਟਲਾ, 31 ਜੁਲਾਈ (ਬਿਉਰੋ): ਹਮਾਸ-ਇਜ਼ਰਾਈਲ ਜੰਗ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ ਜਿਸ ਵਿੱਚ 40 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਵਿੱਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਸਨ । ਭਾਵੇਂਕਿ ਸਾਰੀ ਦੁਨੀਆ ਇਨਸਾਨੀ ਹਕੂਕਾਂ ਦੀ ਦੁਹਾਈ ਦੇ ਰਹੀ ਹੈ ਪਰੰਤੂ ਇਜ਼ਰਾਈਲ ਆਪਣੇ ਆਕਾਵਾਂ ਦੀ ਸ਼ਹਿ ‘ਤੇ ਲਗਾਤਾਰ ਗਾਜਾ ਪੱਟੀ ਦੇ ਲੋਕਾਂ ਉੱਤੇ ਘਾਤਕ ਹਮਲੇ ਕਰ ਰਿਹਾ ਹੈ । ਇਜ਼ਰਾਈਲ ਨੇ ਗਾਜ਼ਾ ਦੇ ਸਕੂਲਾਂ, ਹਸਪਤਾਲਾਂ ਵਿੱਚ ਪਨਾਹ ਲਏ ਲੋਕਾਂ ਉੱਤੇ ਹਵਾਈ ਹਮਲੇ ਕਰਕੇ ਹਜ਼ਾਰਾਂ ਲੋਕਾਂ ਨੂੰ ਮਾਰ ਮੁਕਾਇਆ ਹੈ । ਅੱਜ ਹਮਾਸ ਮੁਤਾਬਕ ਈਰਾਨ ਦੇ ਨਵੇਂ ਰਾਸ਼ਟਰਪਤੀ ਮਸੂਦ ਪੇਜ਼ੇਸਕੀਅਨ ਦੇ ਅਹੁਦਾ ਸੰਭਾਲਣ ਦੇ ਸਮਾਗਮ ਤੋਂ ਬਾਅਦ ਇੱਕ ਵਾਰਦਾਤ ਹੋਈ ਜਿਸ ਵਿੱਚ ਗਾਜ਼ਾ ਦੇ ਸਿਰਮੌਰ ਆਗੂ ਇਸਮਾਈਲ ਹਾਨੀਆ ਉੱਤੇ ਹਮਲਾ ਕਰਕੇ ਹਲਾਕ ਕਰ ਦਿੱਤਾ ਗਿਆ । ਇਸ ਖਬਰ ਦਾ ਪਤਾ ਚੱਲਦੇ ਹੀ ਆਲਿਮੇ ਇਸਲਾਮ ਵਿੱਚ ਸੋਗ ਦੀ ਲਹਿਰ ਦੌੜ ਗਈ । ਦੁਨੀਆ ਭਰ ਦੇ ਮੁਸਲਮਾਨਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਇਸਮਾਈਲ ਹਾਨੀਆ ਦੀ ਮੌਤ ਲਈ ਦੁੱਖ ਮਨਾਇਆ ਹੈ । ਹਮਲੇ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।
“ਜਦੋਂ ਡੁੱਲਦਾ ਖੁਨ ਸ਼ਹੀਦਾਂ ਦਾ,
ਤਕਦੀਰ ਬਦਲਦੀ ਕੌਮਾਂ ਦੀ“
ਇਤਿਹਾਸ ਗਵਾਹ ਹੈ ਕਿ ਜਦੋਂ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਤਾਂ ਕੌਮਾਂ ਦਾ ਸਿਰ ਬੁਲੰਦੀ ਨਾਲ ਉੱਚਾ ਹੋ ਜਾਂਦੈ । ਬਹਾਦਰ ਕੌਮਾਂ ਆਪਣੇ ਸ਼ਹੀਦਾਂ ਦੀ ਸ਼ਹਾਦਤ ਲਈ ਅਪਸੋਸ ਨਹੀਂ ਕਰਦੀਆਂ ਬਲਿਕ ਫਖਰ ਮਹਿਸੂਸ ਕਰਦੀਆਂ ਨੇ ਕਿ ਉਹਨਾਂ ਦੀ ਜ਼ਿੰਦ ਕੌਮ ਦੇ ਲੇਖੇ ਲੱਗੀ ਹੈ ਅਤੇ ਕੁਝ ਚੰਗਾ ਕਰਕੇ ਆਪਣੇ ਮਾਲਿਕ ਏ ਹਕੀਕੀ ਨੂੰ ਜਾ ਮਿਲਣਾ ਹੈ ।
ਵਿਸ਼ਵ ਪ੍ਰਸਿੱਧ ਮੀਡੀਆ ਅਦਾਰੇ “ਅਲ ਜਜ਼ੀਰਾ” ਅਤੇ “ਬੀਬੀਸੀ ਪੰਜਾਬੀ” ‘ਚ ਛਪੀਆਂ ਰਿਪੋਰਟਾਂ ਅਨੁਸਾਰ ਇਸ ਬਾਰੇ ਇਜ਼ਰਾਈਲ ਵੱਲੋਂ ਵੀ ਅਜੇ ਤੱਕ ਕੋਈ ਅਧਿਕਾਰਤਿ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ । ਹਮਾਸ ਦੇ ਇੱਕ ਸੀਨੀਅਰ ਅਧਿਕਾਰੀ ਮੂਸਾ ਅਬੂ ਮਰਜ਼ੋਕ ਨੇ ਇਸ ਹਮਲੇ ਨੂੰ ਕਾਇਰਾਨਾ ਹਰਕਤ ਦੱਸਦੇ ਹੋਏ ਬਦਲਾ ਲੈਣ ਦੀ ਗੱਲ ਕਹੀ ਹੈ । ਈਰਾਨ ਦੇ ਇਸਲਾਮਿਕ ਰੈਵਲੂਸ਼ਨਰੀ ਗਾਰਡ ਆਈਆਰਜੀਸੀ ਦੇ ਮੁਤਾਬਕ ਹਾਨੀਆ ਦੇ ਨਾਲ ਉਨ੍ਹਾਂ ਦੇ ਸੁਰੱਖਿਆ ਕਰਮੀ ਵੀ ਮਾਰੇ ਗਏ ਹਨ । ਈਰਾਨ ਦੇ ਸਰਕਾਰੀ ਮੀਡੀਆ ਨੇ ਵੀ ਹਾਨੀਆ ਦੀ ਮੌਤ ਦੀ ਪੁਸ਼ਟੀ ਕੀਤੀ ਹੈ ।
ਜ਼ਿਕਰਯੋਗ ਹੈ ਕਿ ਸਾਲਾਂ ਤੋਂ ਜ਼ੁਲਮ ਬਰਦਾਸ਼ਤ ਕਰਦੇ ਆ ਰਹੇ ਗਾਜ਼ਾ ਪੱਟੀ ਦੇ ਲੋਕਾਂ ਦੀ ਆਵਾਜ਼ ਬਣਕੇ ਅਕਤੂਬਰ 2023 ਵਿੱਚ ਹਮਾਸ ਨੇ ਇਜ਼ਰਾਈਲ ਉੱਤੇ ਔਚਕ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਇਜ਼ਰਾਈਲ ਦੇ ਕਰੀਬ 1200 ਨਾਗਰਿਕ ਮਾਰੇ ਗਏ ਸਨ। ਜਵਾਬ ਵਿੱਚ ਇਜ਼ਰਾਈਲ ਨੇ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ, ਇਸ ਕਾਰਵਾਈ ਤੋਂ ਬਾਅਦ ਹੁਣ ਤੱਕ 38 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਅਪ੍ਰੈਲ 2024 ਵਿੱਚ ਇਜ਼ਰਾਈਲ ਨੇ ਇੱਕ ਗੱਡੀ ਉੱਤੇ ਤਿੰਨ ਮਿਜ਼ਾਈਲਾਂ ਸੁੱਟੀਆਂ ਸਨ। ਇਸ ਹਮਲੇ ਵਿੱਚ ਹਾਨੀਆ ਦੇ ਤਿੰਨ ਪੁੱਤਰ, ਤਿੰਨੇ ਪੋਤੇ-ਪੋਤੀਆਂ ਅਤੇ ਇੱਕ ਡਰਾਇਵਰ ਦੀ ਮੌਤ ਹੋ ਗਈ ਸੀ।
ਇਸਮਾਈਲ ਹਾਨੀਆ ਕੌਣ ਹਨ?
ਇਸਮਾਈਲ ਹਾਨੀਆ ਹਮਾਸ ਦੀ ਪੁਲੀਟੀਕਲ ਬਿਊਰੋ ਦੇ ਮੁਖੀ ਸਨ । ਉਹ ਫਲਸਤੀਨੀ ਅਥਾਰਟੀ ਦੇ ਦਸਵੀਂ ਸਰਕਾਰ ਦੇ ਪ੍ਰਧਾਨ ਮੰਤਰੀ ਸਨ । ਹਾਨੀਆ ਦਾ ਉਪ ਨਾਮ ਅਬੂ-ਅਲ-ਅਬਦ ਸੀ। ਉਨ੍ਹਾਂ ਦਾ ਜਨਮ ਇੱਕ ਸ਼ਰਣਾਰਥੀ ਕੈਂਪ ਵਿੱਚ ਹੋਇਆ ਸੀ । ਇਜ਼ਰਾਈਲ ਨੇ 1989 ਵਿੱਚ ਪਹਿਲੀ ਫਲਸਤੀਨੀ ਬਗਾਵਤ ਨੂੰ ਕੁਚਲਣ ਲਈ ਹਾਨੀਆ ਨੂੰ ਤਿੰਨ ਸਾਲਾਂ ਲਈ ਜੇਲ੍ਹ ਵਿੱਚ ਕੈਦ ਵੀ ਰੱਖਿਆ ਸੀ। ਫਿਰ ਸਾਲ 1992 ਵਿੱਚ ਉਨ੍ਹਾਂ ਨੂੰ ਇਜ਼ਰਾਈਲ ਅਤੇ ਲਿਬਨਾਨ ਦੇ ਵਿਚਕਾਰ ਪੈਂਦੇ ‘ਨੋ ਮੈਨਜ਼ ਲੈਂਡ’ ਵਿੱਚ ਜਲਾਵਤਨ ਕਰ ਦਿੱਤਾ ਗਿਆ। ਜਲਾਵਤਨੀ ਤੋਂ ਬਾਅਦ ਉਹ ਗਾਜ਼ਾ ਵਿੱਚ ਵਾਪਸ ਆ ਗਏ। ਜਿੱਥੇ ਉਨ੍ਹਾਂ ਨੂੰ ਹਮਾਸ ਦਾ ਅਧਿਆਤਮਿਕ ਆਗੂ ਥਾਪਿਆ ਗਿਆ। ਇਸ ਨਾਲ ਉਨ੍ਹਾਂ ਦੀ ਸਥਿਤੀ ਹੋਰ ਬੁਲੰਦ ਹੋਈ। ਜਦੋਂ ਸਾਲ 2006 ਵਿੱਚ ਹਮਾਸ ਨੇ ਕੌਮੀ ਅਸੈਂਬਲੀ ਵਿੱਚ ਬਹੁਮਤ ਹਾਸਲ ਕੀਤਾ ਤਾਂ 16 ਫਰਵਰੀ 2006 ਵਿੱਚ ਹਾਨੀਏ ਦਾ ਨਾਮ ਫਲਸਤੀਨੀ ਅਥਾਰਟੀ ਦਾ ਪ੍ਰਧਾਨ ਮੰਤਰੀ ਵਜੋ ਤਜਵੀਜ਼ ਕੀਤਾ ਗਿਆ ।
ਕੀ ਹੋਵੇਗਾ ਅਸਰ?
ਫਲਸਤੀਨ ਦੇ ਸਟੇਟ ਮੀਡੀਆ ਮੁਤਾਬਕ ਰਾਸ਼ਟਰਪਤੀ ਮੁਹੰਮਦ ਅੱਬਾਸ ਨੇ ਹਾਨੀਏ ਦੇ ਮਾਰੇ ਜਾਣ ਦੀ ਘਟਨਾ ਨੂੰ ਕਾਇਰਾਨਾ ਕਾਰਵਾਈ ਅਤੇ ਖ਼ਤਰਨਾਕ ਘਟਨਾਕ੍ਰਮ ਕਰਾਰ ਦਿੱਤਾ ਹੈ । ਉਨ੍ਹਾਂ ਇਸ ਮੌਕੇ ਫਲਸਤੀਨੀਆਂ ਨੂੰ ”ਇੱਕਜੁਟ, ਸਬਰ ਅਤੇ ਦ੍ਰਿੜ੍ਹਤਾ ਰੱਖਣ ਲਈ ਕਿਹਾ ਹੈ। ਜਾਰਜ ਟਾਊਨ ਯੂਨੀਵਰਸਿਟੀ ਦੇ ਮਿਡਲ ਈਸਟਨ ਸਟੱਡੀਜ਼ ਦੇ ਪ੍ਰੋਫੈਸਰ ਨਾਦਰ ਹਾਸ਼ਮੀ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, ”ਹਮਾਸ ਆਗੂ ਇਸਮਾਈਲ ਹਾਨੀਆ ਦੇ ਮਾਰੇ ਜਾਣ ਦੀ ਘਟਨਾ ਇਸ ਖੇਤਰ ਨੂੰ ਅਜਿਹੀ ਜੰਗ ਦੇ ਹੋਰ ਨੇੜੇ ਲੈ ਆਵੇਗੀ, ਜਿਹੜੀ ਪਹਿਲਾ ਕਦੇ ਨਹੀਂ ਹੋਈ । ਉਨ੍ਹਾਂ ਕਿਹਾ, ”ਇਹ ਵੱਡਾ ਘਟਨਾਕ੍ਰਮ ਹੈ, ਇਸ ਦਾ ਅਸਰ ਲਿਬਨਾਨ ਦੀਆਂ ਘਟਨਾਵਾਂ ਨੂੰ ਵੀ ਪ੍ਰਭਾਵਿਤ ਕਰੇਗਾ, ਕਿਉਂ ਕਿ ਕੁਝ ਘੰਟੇ ਪਹਿਲਾਂ ਹੀ ਇਜਰਾਈਲ ਨੇ ਹੈਜ਼ਬੁੱਲਾ ਦੇ ਵੱਡੇ ਕਮਾਂਡਰ ਨੂੰ ਵੀ ਦੱਖਣੀ ਬੈਰੂਤ ਵਿੱਚ ਮਾਰਨ ਦਾ ਦਾਅਵਾ ਕੀਤਾ ਹੈ।ਭਾਵੇਂਕਿ ਸਮਝਿਆ ਜਾ ਰਿਹਾ ਸੀ ਕਿ ਇਰਾਨ ਅਤੇ ਹੈਜ਼ਬੁੱਲਾ ਦੀ ਭੜਕਾਹਟ ਵਧਾਉਣ ਵਿੱਚ ਰੁਚੀ ਨਹੀਂ ਸੀ। ਪਰ ਹਾਨੀਆ ਦੇ ਕਤਲ ਨਾਲ ਇਹ ਹੋਰ ਵਧੇਗੀ।”



