ਇਸਲਾਮ ਧਰਮ ਵਿੱਚ ਕਬਰਪ੍ਰਸਤੀ ਦੀ ਸਖਤ ਮਨਾਹੀ ਹੈ, ਮੁਸਲਮਾਨਾਂ ਲਈ ਤੀਰਥ ਯਾਤਰਾ ਬੇਲੋੜੀ ਸਕੀਮ-ਐਡਵੋਕੇਟ ਮੁਹੰਮਦ ਜਮੀਲ

author
0 minutes, 5 seconds Read

ਮੁਸਲਿਮ ਰਹਿਨੁਮਾਵਾਂ ਨੂੰ ਅਜਿਹੇ ਮਾਮਲਿਆਂ ‘ਚ ਅੱਗੇ ਹੋ ਕੇ ਕੌਮ ਦੀ ਰਹਿਬਰੀ ਕਰਨ ਦੀ ਅਪੀਲ

ਮਲੇਰਕੋਟਲਾ, 13 ਦਸੰਬਰ (ਬਿਉਰੋ): ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ‘ਚ ਆਈ ਤਾਂ ਜਨਤਾ ਨੂੰ ਉਮੀਦ ਜਾਗੀ ਕਿ ਹੁਣ ਰਾਜਨੀਤੀ ਵਿੱਚ ਬਦਲਾਅ ਆਵੇਗਾ, ਸੂਬਾ ਤਰੱਕੀ ਦੀਆਂ ਲੀਹਾਂ ਉੱਤੇ ਅੱਗੇ ਵਧੇਗਾ । ਮੁਫਤਖੋਰੀ ਦੀਆਂ ‘ਲੋਕ ਲੁਭਾਉ’ ਸਕੀਮਾਂ ਬੰਦ ਕਰਕੇ ਨਵੀਂ ਪਾਰਟੀ ਸਿੱਖਿਆ, ਸਿਹਤ, ਰੋਜਗਾਰ ਅਤੇ ਕਾਰੋਬਾਰ ਨੂੰ ਪਹਿਲ ਦੇਵੇਗੀ ਪਰੰਤੂ 20 ਮਹੀਨੇ ਬੀਤ ਜਾਣ ‘ਤੇ ਕੁਝ ਵੀ ਬਦਲਾਅ ਨਹੀਂ ਆਇਆ ਬਲਿਕ ਪਹਿਲੀਆਂ ਨਿਕੰਮੀਆਂ ਸਰਕਾਰਾਂ ਤੋਂ ਵੀ ਵੱਧ ‘ਲੋਕ ਲੁਭਾਉ’ ਸਕੀਮਾਂ ਨੂੰ ਜਨਮ ਦੇ ਦਿੱਤਾ ਹੈ । ਜੇਕਰ ਆਰਥਿਕ ਮਾਹਿਰਾਂ ਦੀ ਰਾਇ ਮੰਨੀਏ ਤਾਂ ਪੰਜਾਬ ਹਰ ਮਹੀਨੇ ਔਸਤਨ 3000 ਕਰੋੜ ਦਾ ਕਰਜਾਈ ਹੁੰਦਾ ਜਾ ਰਿਹਾ ਹੈ ਜੋ ਕਿ ਪਹਿਲੀਆਂ ਸਰਕਾਰਾਂ ਤੋਂ ਬਹੁਤ ਜ਼ਿਆਦਾ ਹੈ । ਸਰਕਾਰ ਭਾਵੇਂ ਅੰਕੜਿਆਂ ਨਾਲ ਛੇੜਛਾੜ ਕਰਕੇ ਲੋਕਾਂ ਨੂੰ ਬੁੱਧੂ ਬਣਾ ਰਹੀ ਹੈ ਕਿ ਸਰਕਾਰ ਦਾ ਮਾਲੀਆ ਵਧ ਰਿਹਾ ਹੈ ਦਰਅਸਲ ਇਹ ਕੋਰਾ ਝੂਠ ਹੈ । ਸ਼ਰਾਬ ਤੋਂ ਇਲਾਵਾ ਸੂਬੇ ਦੇ ਸਾਰੇ ਆਮਦਨ ਦੇ ਸ੍ਰੋਤ ਮਨਫੀ ਜਾ ਰਹੇ ਹਨ ।

ਪੰਜਾਬ ਅੰਦਰ ਐਨਓਸੀ ਦੇ ਭੰਬਲਭੂਸੇ ਕਾਰਣ ਮਹੀਨਿਆਂ ਤੋਂ ਰਜਿਸਟਰੀਆਂ ਬੰਦ ਹਨ ਜਿਸ ਤੋਂ ਸਰਕਾਰ ਨੂੰ ਵੱਡੀ ਆਰਥਿਕ ਮਦਦ ਮਿਲਦੀ ਹੈ । ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਚਾਲੂ ਕੀਤੀ ਹੈ ਜਿਸ ਨੂੰ ਆਮ ਆਦਮੀ ਪਾਰਟੀ ਵੱਲੋਂ ਸ਼ੋਸ਼ਲ ਮੀਡੀਆ ਉੱਤੇ ਖੂਬ ਪ੍ਰਚਾਰਿਆ ਜਾ ਰਿਹਾ ਹੈ । ਵੈਸੇ ਤਾਂ ਜਦੋਂ ਤੋਂ ‘ਆਪ’ ਦੀ ਸਰਕਾਰ ਸੱਤਾ ਵਿੱਚ ਆਈ ਹੈ ਵੋਟਰਾਂ ਨੂੰ ਮੰਤਰ ਮੁਗਧ ਕਰਨ ਲਈ ਨਿੱਤ ਨਵੀਆਂ ਗਾਰੰਟੀਆਂ ਪੂਰੀਆਂ ਕਰਨ ‘ਤੇ ਲੱਗੀ ਹੋਈ ਹੈ । ਹਰ ਪਰੀਵਾਰ ਨੂੰ ਮਹੀਨੇ ਦੀ 300 ਯੂਨਿਟ ਬਿਜਲੀ ਮੁਫਤ, ਔਰਤਾਂ ਨੂੰ ਬੱਸਾਂ ਵਿੱਚ ਸਫਰ ਮੁਫਤ ਅਤੇ ਹੁਣ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵੱਖ-ਵੱਖ ਧਰਮਾਂ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਸਰਕਾਰ ਵੱਲੋਂ ਬੱਸਾਂ ਅਤੇ ਟਰੇਨਾਂ ਰਾਹੀਂ ਮੁਫਤ ਕਰਵਾਈ ਜਾ ਰਹੀ ਹੈ, ਇਹਨਾਂ ਮੁਫਤਖੋਰ ਸਕੀਮਾਂ ਨਾਲ ਜਿੱਥੇ ਲੋਕ ਆਲਸੀ ਬਣ ਰਹੇ ਹਨ ਉੱਥੇ ਹੀ ਸਰਕਾਰ ਦਾ ਵੀ ਆਰਥਿਕ ਪੱਖੋਂ ਦਿਵਾਲਾ ਨਿਕਲਣ ਦੀ ਕਗਾਰ ‘ਤੇ ਹੀ ਹੈ ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁਹੰਮਦ ਜਮੀਲ ਐਡਵੋਕੇਟ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ ।

ਇਸੇ ਲੜੀ ਤਹਿਤ ਮੁਸਲਿਮ ਧਰਮ ਦੇ ਲੋਕਾਂ ਨੂੰ ਲੁਭਾਉਣ ਲਈ ਅਜਮੇਰ ਸ਼ਰੀਫ (ਰਾਜਸਥਾਨ) ਲਈ ਵਿਸ਼ੇਸ਼ ਰੇਲ ਗੱਡੀ 15 ਦਸੰਬਰ ਨੂੰ ਜਾ ਰਹੀ ਹੈ । ਐਡਵੋਕੇਟ ਮੁਹੰਮਦ ਜਮੀਲ ਨੇ ਕਿਹਾ ਕਿ ਬਾਕੀ ਧਰਮਾਂ ਬਾਰੇ ਤਾਂ ਕੁਝ ਨਹੀਂ ਕਹਿ ਸਕਦਾ ਪਰੰਤੂ ਮੁਸਲਿਮ ਹੋਣ ਦੇ ਨਾਤੇ ਮੈਂ ਇਹ ਜਰੂਰ ਕਹਾਂਗਾ ਕਿ ਇਸਲਾਮ ਧਰਮ ਵਿੱਚ ਕਬਰਪ੍ਰਸਤੀ ਦਾ ਕੋਈ ਸਥਾਨ ਨਹੀਂ ਹੈ । ਮੁਸਲਮਾਨਾਂ ਨੂੰ ਅਜਮੇਰ ਦੀ ਤੀਰਥ ਯਾਤਰਾ ਉੱਤੇ ਜਾਣ ਦੀ ਕੋਈ ਲੋੜ ਨਹੀਂ ਹੈ, ਚਲੋ ਬੇਚਾਰੀ ਸਰਕਾਰ ਨੂੰ ਤਾਂ ਇਸਲਾਮ ਬਾਰੇ ਇਲਮ ਨਹੀਂ ਹੈ ਪਰੰਤੂ ਪੰਜਾਬ ਭਰ ਦੇ ਉਲਮਾ ਵੀ ਇਸ ‘ਸ਼ਿਰਕ ਦੀ ਯਾਤਰਾ’ ਬਾਰੇ ਚੁੱਪ ਬੈਠੇ ਹਨ । ਮੇਰਾ ਸਰਕਾਰ ਨੂੰ ਇੱਕ ਸਵਾਲ ਹੈ ਕਿ ਕਿਸ ਮੁਸਲਿਮ ਧਾਰਮਿਕ ਆਗੂ ਜਾਂ ਵਿਧਾਇਕ ਨੇ ਬੇਨਤੀ ਕੀਤੀ ਕਿ ਇਹ ਟਰੇਨ ਚਲਾਈ ਜਾਵੇ?

ਰਸੂਲ ਅੱਲ੍ਹਾ (ਸਲ.) ਨੇ ਫਰਮਾਇਆ ਮੇਰੀ ਉੱਮਤ ਦੇ ਲਈ ਮੇਰੀ ਦਰਗਾਹ ਨੂੰ ਮੇਲੇ ਦੀ ਜਗਾ੍ਹ ਨਾ ਬਣਾਉਣਾ” ।

ਉਹਨਾਂ ਕਿਹਾ ਕਿ ਇਸਲਾਮ ਧਰਮ ਵਿੱਚ ਕਬਰਪ੍ਰਸਤੀ ਨੂੰ ਸਖਤੀ ਨਾਲ ਮਨ੍ਹਾ ਕੀਤਾ ਗਿਆ ਹੈ, ਇਸ ਯਾਤਰਾ ਵਿੱਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਜਾ ਰਹੀਆਂ ਹਨ ਜਦੋਂਕਿ ਔਰਤ ਨੂੰ ਇਸਲਾਮ ਧਰਮ ਵਿੱਚ ਕਬਰਾਂ, ਮਜ਼ਾਰਾਂ ਉੱਤੇ ਜਾਣਾ ਬਿਲਕੁਲ ਹਰਾਮ ਹੈ । ਅੱਜ ਉਰਸ ਅਤੇ ਮਜ਼ਾਰਾਂ ਨੂੰ ਸ਼ਿਰਕ ਦਾ ਅੱਡਾ ਬਣਾਇਆ ਹੋਇਆ ਹੈ, ਤਮਾਸ਼ਬੀਨਾਂ ਲਈ ਆਸ਼ਕੀ ਦਾ ਮੌਕਾ ਹੈ । ਸਰਕਾਰ ਲੱਖਾਂ ਰੁਪਏ ਖਰਚ ਕਰਕੇ ਵੀ ਮੁਸਲਿਮ ਕੌਮ ਦਾ ਕੋਈ ਭਲਾ ਨਹੀਂ ਕਰ ਰਹੀ ਇਸ ਤੋਂ ਚੰਗਾ ਹੈ ਕਿ ਇਹੀ ਪੈਸਾ ਮੁਸਲਿਮ ਵਰਗ ਲਈ ਉਸਾਰੂ ਕੰਮਾਂ ਵਿੱਚ ਖਰਚਿਆ ਜਾਵੇ, ਉਹਨਾਂ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਸਾਡੇ ਮੁਸਲਿਮ ਧਾਰਮਿਕ ਅਤੇ ਸਮਾਜਿਕ ਆਗੂਆਂ ਨੂੰ ਅੱਗੇ ਆ ਕੇ ਸਰਕਾਰ ਨੂੰ ਅਜਿਹੇ ਕੰਮਾਂ ਤੋਂ ਵਰਜਨਾ ਚਾਹੀਦਾ ਹੈ।

ਐਡਵੋਕੇਟ ਮੁਹੰਮਦ ਜਮੀਲ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਮੁਫਤਖੋਰ ਸਕੀਮਾਂ ਬੰਦ ਕਰਕੇ ਉਹੀ ਪੈਸਾ ਸੂਬੇ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਿੱਖਿਆ ਦੇ ਖੇਤਰ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਅਤੇ ਅਧਿਆਪਕਾਂ ਤੋਂ ਸਿਰਫ ਸਕੂਲਾਂ ਵਿੱਚ ਪੜਾਉਣ ਦਾ ਹੀ ਕੰਮ ਲਿਆ ਜਾਵੇ, ਸਿਹਤ ਸਹੂਲਤਾਂ ਵਿੱਚ ਸੁਧਾਰ ਲਿਆਉਣ ਲਈ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਬਾਕੀ ਸਟਾਫ ਦੀ ਘਾਟ ਨੂੰ ਪੂਰਾ ਕਰਕੇ ਹਰੇਕ ਲਈ ਮੁਫਤ ਦਵਾਈ ਦਾ ਪ੍ਰਬੰਧ ਕੀਤਾ ਜਾਵੇ ਅਤੇ ਨੌਜਵਾਨਾਂ ਲਈ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ । ‘ਆਪ’ ਨੇ ਲੋਲੀਪਾਪ ਸਕੀਮਾਂ ਦਾ ਪ੍ਰਚਾਰ ਕਰਕੇ ਪਿਛਲੇ ਦਿਨੀਂ ਤਿੰਨ ਸੂਬਿਆਂ ਵਿੱਚ ਹੋਈਆਂ ਚੋਣਾਂ ਵਿੱਚ ਲੋਕਾਂ ਦਾ ਪਾਰਟੀ ਪ੍ਰਤੀ ਰੁਝਾਨ ਦੇਖ ਲਿਆ ਹੈ । ਜੇਕਰ ਪੰਜਾਬ ਸਰਕਾਰ ਇਸੇ ਤਰ੍ਹਾਂ ਦੀਆਂ ਨੀਤੀਆਂ ਉੱਤੇ ਚਲਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦਾ ਵੀ ‘ਥੱਲਾ’ ਨਿਕਲ ਜਾਵੇਗਾ ਅਤੇ ਜਨਤਾ ਅਗਾਮੀ 2024 ਦੀਆਂ ਚੋਣਾਂ ਵਿੱਚ ਪਾਰਟੀ ਨੂੰ ਨਕਾਰ ਦੇਵੇਗੀ ।

ਐਡਵੋਕੇਟ ਮੁਹੰਮਦ ਜਮੀਲ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਮੁਸਲਮਾਨਾਂ ਦੇ ਰਹਿਨੁਮਾਵਾਂ ਨੂੰ ਵੀ ਬੇਨਤੀ ਕੀਤੀ ਕਿ ਅਜਿਹੇ ਮਾਮਲਿਆਂ ਵਿੱਚ ਕੌਮ ਦੀ ਅੱਗੇ ਹੋ ਕੇ ਕੌਮ ਦੀ ਰਹਿਬਰੀ ਕਰਨ, ਲੋਕਾਂ ਅਤੇ ਸਰਕਾਰ ਨੂੰ ਦੱਸਣ ਕਿ ਅਜਿਹੀਆਂ ਯਾਤਰਾਵਾਂ ਦੀ ਕੋਈ ਲੋੜ ਨਹੀਂ ਹੈ ਅਤੇ ਸਰਕਾਰ ਨੂੰ ਵੀ ਅਪੀਲ ਕਰਨ ਕਿ ਮੁਸਲਮਾਨਾਂ ਨੂੰ ਅਜਿਹੇ ਤੀਰਥਾਂ ਦੀ ਸੈਰ ਕਰਵਾਉਣ ਦੀ ਬਜਾਏ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ । ਮਾਲੇਰਕੋਟਲਾ ਜੋ ਕਿ ਮੁਸਲਿਮ ਬਹੁਲ ਇਲਾਕਾ ਹੈ ਵਿਖੇ ਦੋ ਸੀਨੀਅਰ ਸੈਕੰਡਰੀ ਸਕੂਲ (ਲੜਕੇ ਅਤੇ ਲੜਕੀਆਂ) ਹਨ ਜਿਹਨਾਂ ਵਿੱਚ ਲੰਬੇ ਸਮੇਂ ਸਾਇੰਸ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਸਰਕਾਰ ਅਤੇ ਹੁਣ ਤੱਕ ਦੇ ਤਿੰਨੋਂ ਸਿੱਖਿਆ ਮੰਤਰੀਆਂ ਨੂੰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ ਹਨ ਪਰੰਤੂ ਕੋਈ ਸੁਣਵਾਈ ਨਹੀਂ ਹੋਈ । ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਡਾਕਟਰਾਂ ਅਤੇ ਸਟਾਫ ਦੀ ਘਾਟ ਪੂਰੀ ਕਰਨ ਲਈ ਸਮਾਜਸੇਵੀਆਂ ਵੱਲੋਂ ਕਈ ਹਫਤੇ ਤੱਕ ਲਗਾਤਾਰ ਧਰਨਾ ਲਗਾਇਆ ਗਿਆ ਜੋ ਕਿ ਚਿੰਤਾ ਦਾ ਵਿਸ਼ਾ ਹੈ । ਅਜਮੇਰ ਤੀਰਥ ਯਾਤਰਾ ਟਰੇਨ ਜੋ ਕਿਸੇ ਨੇ ਮੰਗੀ ਵੀ ਨਹੀਂ ਉਹ ਲਿਆ ਕਿ ਪਲੇਟਫਾਮ ਉੱਤੇ ਖੜੀ ਕਰ ਦਿੱਤੀ ਗਈ । ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਇਸ ਸਕੀਮ ਤਹਿਤ ਰਵਾਨਾ ਕੀਤੀ ਟਰੇਨ ਦਾ ਸਮਾਜਸੇਵੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਸੀ ।

Similar Posts

Leave a Reply

Your email address will not be published. Required fields are marked *