11 ਗੋਲਡ ਅਤੇ 12 ਸਿਲਵਰ ਮੈਡਲ ਪ੍ਰਾਪਤ ਕਰਨ ਵਾਲੇ ਐਥਲੀਟ ਨੈਸ਼ਨਲ ਗੇਮਾਂ ‘ਚ ਲੈਣਗੇ ਭਾਗ
ਮਲੇਰਕੋਟਲਾ, 20 ਫਰਵਰੀ (ਅਬੂ ਜ਼ੈਦ): ਬੀਤੇ ਦਿਨ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਮਲੇਰਕੋਟਲਾ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਦੀ ਐਥਲੈਟਿਕ ਮੀਟ ‘ਦ ਟਾਊਨ ਸਕੂਲ’ ਬਾਲੇਵਾਲ ਵਿਖੇ ਕਰਵਾਈ ਗਈ । ਇਸ ਮੌਕੇ ਏਸ਼ੀਅਨ ਗੋਲਡ ਮੈਡਲਿਸਟ ਅਰਜੁਨਾ ਐਵਾਰਡੀ ਅਤੇ ਪਦਮਸ੍ਰੀ ਜੇਤੂ ਸ੍ਰੀਮਤੀ ਸੁਨੀਤਾ ਰਾਣੀ ਸੁਪਰਡੈਂਟ ਪੁਲਸ, ਪਟਿਆਲਾ ਬਤੌਰ ਮੁੱਖ ਮਹਿਮਾਨ ਨੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਖੇਡਣ ਨਾਲ ਜਿੱਥੇ ਖਿਡਾਰੀਆਂ ਦੀ ਸਿਹਤ ਅੱਛੀ ਹੁੰਦੀ ਹੈ ਉੱਥੇ ਹੀ ਉਹਨਾਂ ਵਿੱਚ ਅਨੁਸ਼ਾਸਨ, ਸਹਿਨਸ਼ੀਲਤਾ, ਸਹਿਯੋਗ ਅਤੇ ਭਾਈਚਾਰਕ ਸਾਂਝ ਵਰਗੇ ਮਹਾਨ ਗੁਣ ਵੀ ਪੈਦਾ ਹੁੰਦੇ ਹਨ । ਉਹਨਾਂ ਨੇ ਖਿਡਾਰੀਆਂ ਨੂੰ ਸਹੁੰ ਚੁੱਕਾਈ ਕਿ ਉਹ ਕਦੀ ਵੀ ਨਸ਼ੇ ਦਾ ਸੇਵਨ ਨਹੀਂ ਕਰਨਗੇ । ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਵੀ ਨਸ਼ਿਆਂ ਦੀਆਂ ਬੁਰਾਈਆਂ ਪ੍ਰਤੀ ਜਾਗਰੂਕ ਕਰਨਗੇ ਅਤੇ ਨਸ਼ਾ ਮੁਕਤ ਸਮਾਜ ਸਿਰਜਣ ਵਿੱਚ ਆਪਣਾ ਪੂਰਨ ਯੋਗਦਾਨ ਦੇਣਗੇ । ਜ਼ਿਲ੍ਹਾ ਐਥਲੈਟਿਕਸ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਜੀਤ ਸਿੰਘ, ਐਥਲੈਟਿਕ ਕੋਚ ਜੋਰਾ ਸਿੰਘ, ਕੋਚ ਕੁਲਵੰਤ ਸਿੰਘ, ਕੋਚ ਹਰਦੀਪ ਸਿੰਘ, ਗੁਰਜੰਟ ਸਿੰਘ, ਦਰਸ਼ਨ ਸਿੰਘ ਸੁਖਜੀਤ ਸਿੰਘ, ਜਸਵਿੰਦਰ ਸਿੰਘ ਅਤੇ ਮੁਹੰਮਦ ਆਰਿਫ (ਸਾਰੇ ਡੀਪੀਈ ਟਾਊਨ ਸਕੂਲ) ਵੱਲੋਂ ਭਰਪੂਰ ਯੋਗਦਾਨ ਪਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਸ੍ਰੀਮਤੀ ਸੁਨੀਤਾ ਰਾਣੀ ਦੇ ਨਾਲ ਟਾਊਨ ਸਕੂਲ ਦੇ ਪ੍ਰਿੰਸੀਪਲ ਮੁਜਾਹਿਦ ਅਲੀ ਅਤੇ ਸਪੋਰਟਸ ਕੋਆਰਡੀਨੇਟਰ ਮੁਹੰਮਦ ਰਫੀਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ । ਇਸ ਮੀਟ ਵਿੱਚ ਵੱਖ-ਵੱਖ ਈਵੈਂਟਸ ਵਿੱਚ ‘ਦ ਟਾਊਨ ਸਕੂਲ’ ਦੇ ਐਥਲੀਟਾਂ ਅਬੁਜ਼ਰ, ਮੁਹੰਮਦ ਉਸਮਾਨ, ਫੁਰਕਾਨ ਅਸਲਮ, ਅਬਰਾਰ ਖਾਨ, ਮੁਹੰਮਦ ਸ਼ਾਕਿਰ, ਰਿਹਾਨ ਅਹਿਮਦ, ਰਜ਼ਾ ਅਤੇ ਜ਼ੈਬ ਜਾਵੇਦ ਕੇ ਗੋਲਡ ਮੈਡਲ ਪ੍ਰਾਪਤ ਕੀਤੇ । ਲੜਕੀਆਂ ਦੇ ਵਰਗ ਵਿੱਚ ਆਰਜ਼ੂ, ਗੁਰਤਾਸ਼ ਕੌਰ, ਇਸਜੋਤ ਕੌਰ, ਅਲੀਸ਼ਾ ਮਲਿਕ ਅਤੇ ਜਸ਼ਨਪ੍ਰੀਤ ਕੌਰ ਨੇ ਗੋਲਡ ਮੈਡਲ ਪ੍ਰਾਪਤ ਕੀਤੇ । ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਸ੍ਰੀਮਤੀ ਸੁਨੀਤਾ ਰਾਣੀ ਅਤੇ ਉਹਨਾਂ ਦੇ ਨਾਲ ਪ੍ਰਿੰਸੀਪਲ ਮੁਜਾਹਿਦ ਅਲੀ ਨੇ ਮੈਡਲ ਦੇ ਕੇ ਸਨਮਾਨਿਤ ਕੀਤਾ । ਸਪੋਰਟਸ ਕੋਆਰਡੀਨੇਟਰ ਮੁਹੰਮਦ ਰਫੀਕ ਅਤੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਜੀਤ ਸਿੰਘ ਗਿੱਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜੇਤੂ ਖਿਡਾਰੀ ਆਂਧਰਾ ਪ੍ਰਦੇਸ਼ ਵਿਖੇ ਹੋਣ ਜਾ ਰਹੀਆਂ ਨੈਸ਼ਨਲ ਖੇਡਾਂ ਵਿੱਚ ਭਾਗ ਲੈਣਗੇ ।
ਫੋਟੋ ਕੈਪਸ਼ਨ: ਮੁੱਖ ਮਹਿਮਾਨ ਸ੍ਰੀਮਤੀ ਸੁਨੀਤਾ ਰਾਣੀ ਦਾ ਸਵਾਗਤ ਕਰਦੇ ਹੋਏ ਪਿੰ੍ਰਸੀਪਲ ਮੁਜਾਹਿਦ ਅਲੀ ਅਤੇ ਜੇਤੂ ਖਿਡਾਰੀਆਂ ਨੂੰ ਮੈਡਲ ਦਿੰਦੇ ਹੋਏ ।


