“ਕਾਲੇ ਪਾਣੀਆਂ ਦੇ ਮੋਰਚੇ” ‘ਚ ਉਮੜਿਆ ਜਨਸੈਲਾਬ, ਆਪਮੁਹਾਰੇ ਉਮੜੀ ਹਜ਼ਾਰਾਂ ਦੀ ਭੀੜ

author
0 minutes, 2 seconds Read

ਲੁਧਿਆਣਾ/ਮਲੇਰਕੋਟਲਾ, 24 ਅਗਸਤ (ਬਿਉਰੋ): ਪੰਜਾਬ ਨੂੰ ਪੰਜ ਪਾਣੀਆਂ ਦੀ ਧਰਤੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਪਰੰਤੂ ਪਿਛਲੇ ਕੁਝ ਸਾਲਾਂ ਤੋਂ ਨਹਿਰਾਂ-ਦਰਿਆਵਾਂ ਦਾ ਪਾਣੀ ਵੀ ਨਾਪਾਕ ਕਰ ਦਿੱੱਤਾ ਗਿਆ ਹੈ । ਫੈਕਟਰੀਆਂ ਵਿੱਚੋਂ ਨਿਕਲਦਾ ਕੈਮੀਕਲਾਂ ਵਾਲਾ ਪਾਣੀ ਬੁੱਢੇ ਦਰਿਆ ਰਾਹੀਂ ਸਤਲੁਜ ਵਿੱਚ ਮਿਲਕੇ ਪੰਜਾਬ ਦੇ ਲੋਕਾਂ, ਫਸਲਾਂ ਅਤੇ ਮਵੇਸ਼ੀਆਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ । ਇਸੇ ਸਮੱਸਿਆ ਦੇ ਹੱਲ ਲਈ ਅੱਜ ਲੁਧਿਆਣਾ ਵਿਖੇ ਲੱਖਾ ਸਿਧਾਨਾ, ਫਿਲਮੀ ਅਦਾਕਾਰ ਅਮਿਤੋਜ ਮਾਨ ਦੀ ਰਹਿਨੁਮਾਈ ‘ਚ ਵੱਡਾ ਸੰਕੇਤਕ ਰੋਸ ਮਾਰਚ ਕੱਢਿਆ ਗਿਆ ਜਿਸ ਰਾਹੀਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਗਈ ਕਿ ਬੁੱਢੇ ਦਰਿਆ ਰਾਹੀਂ ਨਹਿਰੀ ਪਾਣੀ ਨੂੰ ਦੁਸ਼ਿਤ ਕਰਨਾ ਬੰਦ ਕੀਤਾ ਜਾਵੇ ਨਹੀਂ ਤਾਂ ਮਜ਼ਬੂਰੀਵਸ਼ 15 ਸਤੰਬਰ ਨੂੰ ਜਨਤਾ ਦੇ ਵੱਡੇ ਇਕੱਠ ਨਾਲ ਬੁੱਢੇ ਦਰਿਆ ਨੂੰ ਬੰਨ ਮਾਰਿਆ ਜਾਵੇਗਾ । ਅੱਜ ਦੇ ਇਸ ਮਾਰਚ ਵਿੱਚ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂ ਅਤੇ ਮੈਂਬਰ, ਸਮਾਜਸੇਵੀ ਸੰਸਥਾਵਾਂ ਨੇ ਸ਼ਿਰਕਤ ਕੀਤੀ । ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ, ਦਰਸ਼ਨ ਪਾਲ ਸਿੰਘ, ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ, ਰਾਜ ਸਿੰਘ  ਸਮੇਤ ਵੱਖ-ਵੱਖ ਆਗੂਆਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਲੋਕਾਂ ਨੂੰ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਲਾਮਬੰਦ ਹੋਣ ਦੀ ਅਪੀਲ ਕੀਤੀ । ਇਸ ਰੋਸ ਮਾਰਚ ਦੀ ਵਿਲੱਖਣਤਾ ਇਹ ਰਹੀ ਕਿ ਇਸ ਵਿੱਚ ਹਰ ਧਰਮ, ਜਾਤ, ਰੰਗ, ਨਸਲ ਅਤੇ ਕਿਸਾਨ, ਮਜ਼ਦੂਰ, ਵਪਾਰੀ, ਦੁਕਾਨਦਾਰ ਸਮੇਤ ਹਰ ਵਰਗ ਦੇ ਲੋਕਾਂ ਨੇ ਆਪ ਮੁਹਾਰੇ ਸ਼ਿਰਕਤ ਨਾਲ ਲੁਧਿਆਣਾ ‘ਚ ਜਨਸੈਲਾਬ ਆ ਗਿਆ । ਜਿਸ ਤੋਂ ਇਹ ਸਪਸ਼ਟ ਹੋ ਗਿਆ ਕਿ ਪੰਜਾਬ ਦੇ ਲੋਕ ਪਾਣੀਆਂ ਦੇ ਮੁੱਦੇ ਲਈ ਜਾਗਰੂਕ ਹੋ ਚੁੱਕੇ ਹਨ । ਇਸ ਗੰਭੀਰ ਮਸਲੇ ਦੇ ਹੱਲ ਲਈ ਲੱਖਾ ਸਿਧਾਨਾ, ਅਮਿਤੋਜ ਮਾਨ, ਰਫਤਾਰ ਰਾਏ ਸਮੇਤ ਅਨੇਕਾਂ ਸਮਾਜਸੇਵੀਂ ਪਿਛਲੇ ਦੋ ਮਹੀਨੇ ਤੋਂ ਲੋਕਾਂ ਨੂੰ ਸੁਚੇਤ ਕਰਦੇ ਆ ਰਹੇ ਹਨ ਜਿਸਦੇ ਨਤੀਜੇ ਵਜੋਂ ਹੀ ਅੱਜ ਐਨਾ ਵੱਡਾ ਇਕੱਠ ਲੁਧਿਆਣਾ ‘ਚ ਹੋਇਆ ਹੈ ਜਿਸ ਨੇ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ ।

ਫੋਟੋ ਕੈਪਸ਼ਨ: ਲੁਧਿਆਣਾ ਵਿਖੇ ‘ਕਾਲੇ ਪਾਣੀਆਂ ਦੇ ਮੋਰਚੇ’ ਨੂੰ ਸੰਬੋਧਨ ਕਰਦੇ ਹੋਏ ਆਗੂ ਅਤੇ ਲੋਕਾਂ ਦਾ ਠਾਠਾਂ ਮਾਰਚਾ ਇਕੱਠ ।

Similar Posts

Leave a Reply

Your email address will not be published. Required fields are marked *