ਕਿਲਾ ਫੁੱਟਬਾਲ ਕੱਪ ਦਾ ਸੈਮੀਫਾਇਨਲ ਭਲਕੇ

author
0 minutes, 4 seconds Read

ਪੀਏਪੀ ਜਲੰਧਰ, ਆਰਸੀਐਫ ਕਪੂਰਥਲਾ, ਮਿਨਰਵਾ ਅਕੈਡਮੀ ਅਤੇ ਦਿੱਲੀ ਐਫਸੀ ਦੀਆਂ ਟੀਮਾਂ ਸੈਮੀਫਾਇਨਲ ‘ਚ ਪੁੱਜੀਆਂ

ਮਲੇਰਕੋਟਲਾ, 25 ਅਕਤੂਬਰ (ਅਬੂ ਜ਼ੈਦ): ਫੁੱਟਬਾਲ ਦੀ ਪਨੀਰੀ ਕਹੇ ਜਾਂਦੇ ਕਿਲਾ ਰਹਿਮਤਗੜ੍ਹ ਦੇ ਮਿਨੀ ਸਟੇਡਿਅਮ ਵਿਖੇ ਅਲ-ਕੌਸਰ ਅਕੈਡਮੀ ਵੱਲੋਂ ਕਰਵਾਏ ਜਾ ਰਹੇ ਆਲ ਇੰਡੀਆ ਡੇ-ਨਾਈਟ ਫੁੱਟਬਾਲ ਟੂਰਨਾਮੈਂਟ “ਕਿਲਾ ਫੁੱਟਬਾਲ ਕੱਪ” ਦੇ ਦੂਜੇ ਦਿਨ ਫਿਰ ਤੋਂ ਸਟੇਡਿਅਮ ਖੇਡ ਪ੍ਰੇਮੀਆਂ ਨਾਲ ਖਚਾਖਚ ਭਰ ਗਿਆ । ਪੰਜਾਬ ਭਰ ਅਤੇ ਦੇਸ਼-ਦੁਨੀਆ  ਤੋਂ ਲੋਕ ਡੇ-ਨਾਈਟ ਫੁੱਟਬਾਲ ਟੂਰਨਾਮੈਂਟ ਦਾ ਆਨੰਦ ਲੈਣ ਲਈ ਸ਼ਿਰਕਤ ਕਰਦੇ ਹਨ । ਅੱਜ ਦੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸ. ਹਰਜਿੰਦਰ ਸਿੰਘ ਕਾਂਝਲਾ, ਸ. ਗੁਲਸ਼ੇਰ ਸਿੰਘ (ਸੀਆਈਏ ਸਟਾਫ), ਹਰਜਿੰਦਰ ਸਿੰਘ ਸੀਆਈਏ, ਕੌਂਸਲਰ ਮੁਹੰਮਦ ਅਸਲਮ ਕਾਲਾ, ਮਨਸਬ ਅਲੀ ਥਿੰਦ ਇੰਡਸਟਰੀਜ਼, ਮੁਹੰਮਦ ਅਸ਼ਰਫ (ਗਰੀਨ ਐਗਰੋ ਅਬਾਸਪੁਰਾ), ਸੇਖੋਂ ਮਲੇਰਕੋਟਲਾ, ਦਰਸ਼ਨ ਸਿੰਘ ਦਰਦੀ, ਮੁਹੰਮਦ ਦਿਲਸ਼ਾਦ ਅਤੇ ਮੁਹੰਮਦ ਸ਼ਰੀਫ (ਸ਼ਫੀ ਸਵੀਟਸ), ਗੁਰਸੇਵਕ ਸਿੰਘ ਐਮਡੀ ਨੇ ਸ਼ਿਰਕਤ ਕੀਤੀ । ਅਲਕੌਸਰ ਅਕੈਡਮੀ ਦੇ ਪ੍ਰਬੰਧਕ ਮੁਹੰਮਦ ਸ਼ਮਸ਼ਾਦ ਸਾਦਾ (ਖੁਸ਼ੀ ਜ਼ਿਊਲਰਜ਼) ਵੱਲੋਂ ਪਹੁੰਚੇ ਮਹਿਮਾਨਾਂ, ਖਿਡਾਰੀਆਂ ਅਤੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ ।

ਸਾਡੇ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਅਲ-ਕੌਸਰ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਮੁਹੰਮਦ ਨਜ਼ੀਰ ਅਤੇ ਪ੍ਰਬੰਧਕ ਫੁੱਟਬਾਲ ਅਤੇ ਹਾਕੀ ਦੇ ਸਾਬਕਾ ਏਅਰਫੋਰਸ ਖਿਡਾਰੀ ਮੁਹੰਮਦ ਸ਼ਰੀਫ ਨੇ ਦੱਸਿਆ ਕਿ ਦੂਜੇ ਦਿਨ ਯਾਨੀ 25 ਅਕਤੂਬਰ ਦਿਨ ਸ਼ੁਕਰਵਾਰ ਨੂੰ ਬਹੁਤ ਹੀ ਰੌਚਕ ਕੁਆਰਟਰ ਫਾਇਨਲ ਮੈਚ ਹੋਏ ਹਨ ਜਿਸ ਵਿੱਚ ਪਹਿਲਾ ਮੈਚ ਪੀਏਪੀ ਜਲੰਧਰ ਅਤੇ ਕਿਸਾਨ ਫੋਰਡ ਐਫਸੀ ਦਰਮਿਆਨ ਹੋਇਆ ਜਿਸ ਵਿੱਚ ਪੀਏਪੀ ਜਲੰਧਰ ਨੇ 2-1 ਨਾਲ ਜਿੱਤ ਹਾਸਲ ਕੀਤੀ । ਦੂਜਾ ਮੈਚ ਮਿਨਰਵਾ ਐਫਸੀ ਅਤੇ ਯੂਨਾਈਟਡ ਐਫਸੀ ਯੂਐਸਏ ਦਰਮਿਆਨ ਹੋਇਆ ਜਿਸ ਵਿੱਚ ਮਿਨਰਵਾ ਅਕੈਡਮੀ ਨੇ 2-0 ਨਾਲ ਜਿੱਤ ਹਾਸਲ ਕੀਤੀ । ਤੀਜਾ ਮੈਚ ਆਰਸੀਐਫ ਕਪੂਰਥਲਾ ਅਤੇ ਵਾਈਐਫਸੀ ਖਾਦ ਊਨਾ ਦਰਮਿਆਨ ਹੋਇਆ ਜਿਸ ਵਿੱਚ ਆਰਸੀਐਫ (RCF) ਕਪੂਰਥਲਾ ਨੇ 3-0 ਨਾਲ ਜਿੱਤ ਹਾਸਲ ਕੀਤੀ ਅਤੇ ਚੌਥੇ ਮੈਚ ਦਿੱਲੀ ਐਫਸੀ ਅਤੇ ਭੈਣੀ ਸਾਹਿਬ ਐਫਸੀ ਦਰਮਿਆਨ ਹੋਇਆ ਜਿਸ ਵਿੱਚ ਦਿੱਲੀ ਐਫਸੀ ਨੇ ਭੈਣੀ ਸਾਹਿਬ ਨੇ 2-1 ਨਾਲ ਹਰਾਕੇ ਸੈਮੀ ਫਾਇਨਲ ਵਿੱਚ ਸਥਾਨ ਪੱਕਾ ਕੀਤਾ।

ਉਹਨਾਂ ਦੱਸਿਆ ਕਿ ਭਲਕੇ 26 ਅਕਤੂਬਰ ਨੂੰ ਫੁੱਟਬਾਲ ਟੂਰਨਾਮੈਂਟ ਦਾ ਪਹਿਲਾ ਸੈਮੀਫਾਇਨਲ ਮੈਚ ਸ਼ਾਮ 6.30 ਵਜੇ ਪੀਏਪੀ ਜਲੰਧਰ ਅਤੇ ਆਰਸੀਐਫ ਕਪੂਰਥਲਾ ਅਤੇ ਦੂਜਾ ਸੈਮੀ ਫਾਇਨਲ ਮੈਚ ਮਿਨਰਵਾ ਅਕੈਡਮੀ ਚੰਡੀਗੜ੍ਹ ਅਤੇ ਦਿੱਲੀ ਐਫਸੀ ਦੀਆਂ ਟੀਮਾਂ ਦਰਮਿਆਨ ਹੋਵੇਗਾ । ਪ੍ਰਬੰਧਕਾਂ ਵੱਲੋਂ ਖੇਡ ਪ੍ਰੇਮੀਆਂ ਨੂੰ ਸੈਮੀ ਫਾਇਨਲ ਮੈਚ ਦੇਖਣ ਲਈ ਖੁੱਲਾ ਸੱਦਾ ਦਿੱਤਾ ਗਿਆ ।

ਮਿਨੀ ਸਟੇਡਿਅਮ ਦਾ ਇਤਿਹਾਸ

ਅੱਜ ਇਸ ਵਿਸ਼ੇਸ਼ ਮੌਕੇ ਉੱਤੇ ਇੱਕ ਖਾਸ ਸਖਸ਼ੀਅਤ ਨੂੰ ਯਾਦ ਕਰਨ ਅਤੇ ਉਹਨਾਂ ਦੀ ਮਗਫਿਰਤ ਲਈ ਦੁਆ ਕਰਨ ਦੀ ਵੀ ਲੋੜ ਹੈ ਜਿਸਨੇ ਇਸ ਫੁੱਟਬਾਲ ‘ਮਹਾਂਕੁੰਭ ਦੀ ਨੀਂਹ ਰੱਖ ਸੀ । ਜ਼ਿਕਰਯੋਗ ਹੈ ਕਿ ਜਿਸ ਮਿਨੀ ਸਟੇਡਿਅਮ ਵਿੱਚ ਇਹ ਕੌਮਾਂਤਰੀ ਪੱਧਰ ਦਾ ਫੁੱਟਬਾਲ ਟੂਰਨਾਮੈਂਟ ਹੋ ਰਿਹਾ ਹੈ ਕਿਸੇ ਸਮੇਂ ਇੱਥੇ ਗੰਦ ਦੇ ਢੇਰ ਯਾਨੀ ਰੂੜੀਆਂ ਲੱਗੀਆਂ ਹੋਈਆਂ ਸਨ । 1990 ਵਿੱਚ ਇਲਾਕੇ ਦੇ ਨੇਕਦਿਲ ਇਨਸਾਨ ਪ੍ਰਸਿੱਧ ਸਮਾਜਸੇਵੀ ਮਰਹੂਮ ਮਹਿਮੂਦ ਉਲ ਹੱਕ ਜਿਹਨਾਂ ਨੂੰ ਸਾਰੇ ਨੌਜਵਾਨ ਪਿਆਰ ‘ਚ ਤਾਇਆ ਜੀ ਕਹਿੰਦੇ ਸਨ ਨੇ ਨੌਜਵਾਨਾਂ ਵਿੱਚ ਸਮਾਜਸੇਵਾ ਦੀ ਚਿਣਗ ਜਗਾਈ ਅਤੇ ਯੂਥ ਕਲੱਬ ਦਾ ਗਠਨ ਕੀਤਾ । ਇਸ ਸਥਾਨ ਤੋਂ ਰੂੜੀਆਂ ਨੂੰ ਸਾਫ ਕਰਕੇ ਸੜਕ ਦੇ ਕਿਨਾਰੇ ਬੂਟੇ ਲਗਾਏ ਗਏ, ਫਿਰ ਕਮਿਊਨਟੀ ਸੈਂਟਰ ਬਣ ਗਿਆ ਅਤੇ ਹੌਲੀ-ਹੌਲੀ ਰੂੜੀਆਂ ਖਤਮ ਹੁੰਦੀਆਂ ਗਈਆਂ ਅਤੇ ਮਿਨੀ ਸਟੇਡਿਅਮ ਹੋਂਦ ਵਿੱਚ ਆ ਗਿਆ ਅਤੇ ਪਹਿਲਾ ਫੁੱਟਬਾਲ ਟੂਰਨਾਮੈਂਟ ਵੀ ਕਰਵਾਇਆ।

Similar Posts

Leave a Reply

Your email address will not be published. Required fields are marked *