ਮੋਹਾਲੀ/ਮਲੇਰਕੋਟਲਾ, 26 ਨਵੰਬਰ (ਬਿਉਰੋ): ਦਿੱਲੀ ਦੀਆਂ ਬਰੂਹਾਂ ਉੱਤੇ ਕੇਂਦਰ ਸਕਰਾਰ ਵੱਲੋਂ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 13 ਮਹੀਨੇ ਤੱਕ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਉੱਤੇ ਧਰਨਾ ਲਗਾਇਆ ਗਿਆ ਸੀ । ਮਹੀਨਿਆਂ ਦੀ ਜੱਦੋ-ਜਹਿਦ ਤੋਂ ਬਾਦ ਕਿਸਾਨ ਆਗੂਆਂ ਅਤੇ ਸਰਕਾਰ ਵਿੱਚ ਸਮਝੌਤਾ ਹੋ ਗਿਆ ਅਤੇ ਕਾਲੇ ਕਾਨੂੰਨ ਰੱਦ ਕਰ ਦਿੱਤੇ ਗਏ ਪਰੰਤੂ ਤੈਅ ਹੋਈਆਂ ਸ਼ਰਤਾਂ ਕੇਂਦਰ ਸਰਕਾਰ ਨੇ ਅੱਜ ਤੱਕ ਪੂਰੀਆਂ ਨਹੀਂ ਕੀਤੀਆਂ । ਇਸੇ ਲਈ ਅੱਜ 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਤਿੰਨ ਦਿਨਾਂ ਲਈ ਚੰਡੀਗੜ ਦੇ ਬਾਰਡਰ ‘ਤੇ ਧਰਨਾ ਦੇ ਰਹੀਆਂ ਹਨ । ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਨਾਲ ਚੰਡੀਗੜ ਦੀ ਸਰਹੱਦ ਨੇੜੇ ਪਹੁੰਚੇ ਹਨ । ਕਿਸਾਨ ਅੰਦਲੋਨ ਦੀ ਤੀਜੀ ਵਰ੍ਹੇਗੰਢ ਦੇ ਮੌਕੇ ਉੱਤੇ ਕਿਸਾਨ ਟਰੈਕਟਰ ਟਰਾਲੀਆਂ ਰਾਹੀਂ ਚੰਡੀਗੜ ਪਹੁੰਚ ਰਹੇ ਹਨ । ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੋਰਚੇ ਦੇ ਸੱਦੇ ਉੱਤੇ 26 ਤੋਂ 28 ਨਵੰਬਰ ਤੱਕ ਸਾਰੇ ਦੇਸ਼ ਦੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ 72 ਘੰਟੇ ਲਈ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਏਅਰਪੋਰਟ ਰੋਡ ‘ਤੇ ਲੱਗੇ ਧਰਨੇ ‘ਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਦਲਜੀਤ ਸਿੰਘ ਚਲਾਕੀ ਨੇ ਦੱਸਿਆ, “ਕੇਂਦਰ ਸਰਕਾਰ ਦੇ ਖ਼ਿਲਾਫ਼ ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਇੱਕ ਸਾਲ ਤੋਂ ਵੱਧ ਸਮਾਂ ਧਰਨੇ ਉੱਤੇ ਬੈਠੇ ਸਨ ਪਰ ਸਰਕਾਰ ਨੇ ਬਾਕੀ ਮੰਗਾ ਪੂਰੀਆਂ ਕਰਨ ਦਾ ਭਰੋਸਾ ਦੇ ਕੇ ਧਰਨਾ ਚੁੱਕਵਾ ਦਿੱਤਾ ਸੀ।” ਉਨ੍ਹਾਂ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲ ਕਰਦਿਆਂ ਦੱਸਿਆ ਕਿ ਕਿਸਾਨਾਂ ਦੀ ਮੁੱਖ ਮੰਗ ਐੱਮਐੱਸਪੀ ਹੈ, ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸਦੀ ਸਖ਼ਤ ਜ਼ਰੂਰਤ ਹੈ । “ਦਿੱਲੀ ਵਿਖੇ ਧਰਨੇ ਦੌਰਾਨ ਜਿਨ੍ਹਾਂ ਕਿਸਾਨਾਂ ਦੀ ਮੌਤ ਹੋਈ ਉਨ੍ਹਾਂ ਨੂੰ ਵੀ ਸਰਕਾਰ ਵੱਲੋਂ ਮੁਆਵਜ਼ਾ ਨਹੀਂ ਦਿੱਤਾ ਗਿਆ ਅਤੇ ਕਿਸਾਨਾਂ ਉੱਤੇ ਕੀਤੇ ਗਏ ਪਰਚੇ ਰੱਦ ਕੀਤੇ ਜਾਣੇ ਚਾਹੀਦੇ ਹਨ।” ਉਨ੍ਹਾਂ ਕਿਹਾ ਕਿ ਉਹ ਪੂਰੀ ਤਿਆਰੀ ਨਾਲ ਆਏ ਹਨ । ਜਿੱਥੇ ਪੰਜਾਬ ਤੋਂ ਆਏ ਕਿਸਾਨ ਮੋਹਾਲੀ ਵਿੱਚ ਬੈਠੇ ਹਨ, ਹਰਿਆਣਾ ਤੋਂ ਆਏ ਕਿਸਾਨ ਪੰਚਕੂਲਾ ਵਿਖੇ ਧਰਨੇ ‘ਤੇ ਬੈਠੇ ਹਨ । ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਚੰਡੀਗੜ੍ਹ ਦੇ ਅੰਦਰ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਹੈ, “ਇੱਥੇ ਧਰਨੇ ਦੇ ਦਿਨ ਤਿੰਨ ਤੋਂ ਵਧਾਏ ਜਾ ਸਕਦੇ ਹਨ, ਪਰ ਧਰਨੇ ਦੀ ਸਟੇਜ ਇੱਥੇ ਹੀ ਰਹੇਗੀ।”
ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਰਸਤਿਆਂ ਉੱਤੇ ਬੈਰੀਕੇਡਿੰਗ
ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਚੰਡੀਗੜ ਅਤੇ ਮੁਹਾਲੀ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ । ਚੰਡੀਗੜ ਪੁਲਿਸ ਨੇ ਕਿਸਾਨਾਂ ਨੂੰ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਰੋਕਣ ਦੇ ਲਈ ਪੂਰੀਆਂ ਤਿਆਰੀਆਂ ਕਰਨਾ ਦਾ ਦਾਅਵਾ ਕੀਤਾ ਹੈ । ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਰਸਤਿਆਂ ਉਤੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ । ਚੰਡੀਗੜ ਪੁਲਿਸ, ਪੰਜਾਬ ਪੁਲਿਸ ਅਤੇ ਹਰਿਆਣਾ ਪੁਲਿਸ ਤੋਂ ਅਰਧ ਸੈਨਿਕ ਬਲਾਂ ਦੇ ਦਸਤੇ ਚੰਡੀਗੜ ਦੀ ਸਰੱਹਦ ਉਤੇ ਤੈਨਾਤ ਕੀਤੇ ਗਏ ਹਨ ।
ਕਿਸਾਨਾਂ ਦੀਆਂ ਮੰਗਾਂ:
ਕਿਸਾਨਾਂ ਦੀਆਂ ਮੰਗਾਂ ਵਿੱਚ ਕੇਂਦਰ ਸਰਕਾਰ ਨਾਲ ਬਕਾਇਆ ਮੰਗਾਂ ਤੋਂ ਇਲਾਵਾ ਪੰਜਾਬ ਸਰਕਾਰ ਕੋਲੋਂ ਇਹ ਮੰਗਾਂ ਸ਼ਾਮਲ ਹਨ:-
ਫ਼ਸਲਾਂ ਉਤੇ ਐੱਮਐੱਸਪੀ ਦੀ ਗਰੰਟੀ
ਦਿੱਲੀ ਕਿਸਾਨ ਅੰਦੋਲਨ ‘ਚ ਕਿਸਾਨਾਂ ਉੱਤੇ ਕੀਤੇ ਪਰਚੇ ਰੱਦ ਕਰਨੇ ।
ਲਖੀਮਪੁਰ ਖੀਰੀ ਘਟਨਾ ਦਾ ਇਨਸਾਫ
ਹੜਾਂ ਅਤੇ ਗੜੇਮਾਰੀ ਨਾਲ ਬਰਬਾਦ ਹੋਈਆਂ ਫਸਲਾਂ ਦਾ ਮੁਆਵਜ਼ਾ
ਚਿਪ ਵਾਲੇ ਮੀਟਰ ਨਾ ਲਾਏ ਜਾਣ
ਕਿਸਾਨ ਅੰਦਲੋਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਮਿਲਣ
ਸਬਜੀਆਂ ‘ਤੇ ਐੱਮਐੱਸਪੀ ਮਿਲੇ
ਮੱਕੀ ਅਤੇ ਮੂੰਗੀ ਦੀ ਖਰੀਦ ਹੋਏ
ਪਰਾਲ਼ੀ ਸਾੜਨ ਸਬੰਧੀ ਕਿਸਾਨਾਂ ਖਿਲਾਫ਼ ਦਰਜ ਕੀਤੇ ਗਏ ਕੇਸ ਰੱਦ ਹੋਣ



