5 ਰੀਵਰਜ ਹਾਰਟ ਸੰਸਥਾ ਵੱਲੋਂ ਮੁਫਤ ਮੈਡੀਕਲ ਸੇਵਾਵਾਂ ਸ਼ਾਲਾਘਾਯੋਗ
ਖਨੌਰੀ/ਮਲੇਰਕੋਟਲਾ, 21 ਫਰਵਰੀ (ਅਬੂ ਜ਼ੈਦ): 13 ਫਰਵਰੀ ਤੋਂ ਕਿਸਾਨ ਯੂਨੀਅਨਾਂ ਦੇ ‘ਦਿੱਲੀ ਕੂਚ’ ਦੇ ਸੱਦੇ ‘ਤੇ ਪੰਜਾਬ, ਹਰਿਆਣਾ, ਹਿਮਾਚਲ ਦੇ ਕਿਸਾਨ ਦਿੱਲੀ ਲਈ ਨਿਕਲੇ ਪਰੰਤੂ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਸਾਰੇ ਐਂਟਰੀ ਪੁਆਂਇੰਟਾਂ ਉੱਤੇ ਕੰਕਰੀਟ ਦੀਆਂ ਦੀਵਾਰਾਂ, ਕੰਡਿਆਲੀ ਤਾਰ ਅਤੇ ਮਿਟੀ ਨਾਲ ਭਰੇ ਟਿੱਪਰ ਲਗਾਕੇ ਰੋਕ ਲਿਆ ਗਿਆ ਅਤੇ ਭੀੜ ਨੂੰ ਖਿਡਾਉਣ ਲਈ ਅੱਥਰੂ ਗੈਸ ਦੇ ਗੋਲੇ, ਮੋਰਟਾਰ ਅਤੇ ਗੋਲੀਆਂ ਚਲਾ ਕੇ ਸੈਂਕੜੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ । ਅੱਜ ਖਨੌਰੀ ਬਾਰਡਰ ਉੱਤੇ ਕਿਸਾਨਾਂ ਦੇ ਸਮਰਥਨ ਲਈ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਵਫਦ ਮੁਹੰਮਦ ਜਮੀਲ ਐਡਵੋਕੇਟ, ਚੌਧਰੀ ਲਿਆਕਤ ਅਲੀ, ਸ਼ਰੀਫ ਜੌੜਾ, ਮੁਹੰਮਦ ਯਾਸੀਨ ਢੋਟ ਦੀ ਅਗਵਾਈ ਵਿੱਚ ਪੁੱਜਾ । ਕਿਸਾਨ ਆਗੂਆਂ ਅਤੇ ਵੱਖ-ਵੱਖ ਸੇਵਾਵਾਂ ‘ਚ ਲੱਗੇ ਲੋਕਾਂ ਨਾਲ ਮੁਲਾਕਾਤ ਕੀਤੀ ।
ਵਿਸ਼ਵ ਪ੍ਰਸਿੱਧ ਕਾਰਡੀਓਲੋਜਿਸਟ ਡਾ. ਸਵੈਮਾਨ ਸਿੰਘ ਅਮਰੀਕਾ ਦੀ ‘5 ਰੀਵਰਸ ਹਾਰਟ ਸੰਸਥਾ’ ਵੱਲੋਂ ਖਨੌਰੀ ਬਾਰਡਰ ਉੱਤੇ 13 ਫਰਵਰੀ ਤੋਂ ਚੱਲ ਰਹੇ ਕਿਸਾਨ ਅੰਦੋਲਨ ‘ਚ ਮੁਫਤ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ । ਸੰਸਥਾ ਦੇ ਵਲੰਟੀਅਰ ਦਿਨ-ਰਾਤ ਜ਼ਖਮੀ ਕਿਸਾਨਾਂ ਨੂੰ ਫਾਸਟ ਏਡ ਦੇ ਰਹੇ ਹਨ, ਜ਼ਰੂਰਤਮੰਦ ਲੋਕਾਂ ਨੂੰ ਦਵਾਈਆਂ, ਡਰੈਸਿੰਗ ਵਗੈਰਾ ਕੀਤੀ ਜਾ ਰਹੀ ਹੈ ਅਤੇ ਗੰਭੀਰ ਜਖਮੀਆਂ ਨੂੰ ਐਂਬੂਲੈਸ ਰਾਹੀਂ ਨਜ਼ਦੀਕੀ ਹਸਪਤਾਲਾਂ ਵਿੱਚ ਭੇਜ ਰਹੇ ਹਨ । ਸੰਸਥਾ ਦੇ ਇਸ ਉਪਰਾਲੇ ਦੀ ਦੇਸ਼ ਭਰ ਵਿੱਚ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਖਨੌਰੀ ਅਤੇ ਸ਼ੰਭੂ ਬਾਰਡਰਾਂ ਉੱਤੇ ਖਾਲਸਾ ਏਡ ਸਮੇਤ ਕਈ ਸੰਸਥਾਵਾਂ ਵੀ ਕਿਸਾਨਾਂ ਲਈ ਮੈਡੀਕਲ ਸੇਵਾਵਾਂ ਦੇ ਰਹੀਆਂ ਹਨ ।
ਜ਼ਿਕਰਯੋਗ ਹੈ ਕਿ 2020-21 ਵਿੱਚ ਦਿੱਲੀ ਹੋਏ ਕਿਸਾਨ ਅੰਦੋਲਨ ਵਿੱਚ ਡਾ. ਸਵੈਮਾਨ ਸਿੰਘ ਖੁਦ ਵੀ ਸੇਵਾ ਨਿਭਾਉਂਦੇ ਰਹੇ ਸਨ । ਕਿਸਾਨਾਂ ਦੀਆਂ ਜਾਇਜ਼ ਮੰਗਾਂ ਦੇ ਸਮਰਥਨ ਵਿੱਚ ਆਪਣਾ ਅਹੁੱਦਾ, ਰੁਤਬਾ, ਪੈਸਾ, ਸ਼ਾਹੀ ਲਾਈਫ ਸਟਾਈਲ ਛੱਡਕੇ ਦਿੱਲੀ ਦੇ ਫੁੱਟਪਾਥ ਉੱਤੇ ਕਿਸਾਨਾਂ ਦਾ ਇਲਾਜ ਕਰ ਰਹੇ ਡਾ. ਸਵੈਮਾਨ ਸਿੰਘ ਤੋਂ ਅੰਦੋਲਨ ਨੂੰ ਬਹੁਤ ਐਨਰਜੀ ਮਿਲੀ ਸੀ । ਦੇਸ਼ ਅਤੇ ਦੁਨੀਆ ‘ਚ ਜਨਤਾ ਦੇਖ ਰਹੀ ਸੀ ਕਿ ਜਿਸ ਡਾਕਟਰ ਨੂੰ ਗੋਰੇ ਅੰਗਰੇਜ਼ ਲੋਕ ਐਡਵਾਂਸ ਸਮਾਂ ਅਤੇ ਮੋਟੀਆਂ ਫੀਸਾਂ ਦੇਕੇ ਮਿਲਣ ਲਈ ਤਰਸਦੇ ਹਨ ਉਹ ਕਿਵੇਂ ਆਪਣੇ ਲੋਕਾਂ ਦੀ ਸੇਵਾ ਸੜਕਾਂ ਉੱਤੇ ਮੁਫਤ ਕਰ ਰਹੇ ਹਨ ।



