ਕਿਸਾਨ ਆਗੂ ਡੱਲੇਵਾਲ ਨੂੰ ਪੁਲਸ ਨੇ ਖਨੌਰੀ ਮੋਰਚੇ ਵਿੱਚੋਂ ਚੁੱਕਿਆ, ਹਰਦੋਝੰਡੇ ਮਰਨ ਵਰਤ ਉੱਤੇ ਬੈਠੇ

author
0 minutes, 1 second Read

ਭਗਵੰਤ ਮਾਨ ਸਰਕਾਰ ਦਾ ਅਸਲ ਚਿਹਰਾ ਹੋਇਆ ਨੰਗਾ

ਖਨੌਰੀ/ਮਲੇਰਕੋਟਲਾ, 26 ਨਵੰਬਰ (ਬਿਉਰੋ): ਕਿਸਾਨ ਯੂਨੀਅਨਾਂ ਦੇ ਦੋਵਾਂ ਫੋਰਮਾਂ ਵੱਲੋਂ 13 ਫਰਵਰੀ ਦੇ ਦਿੱਲੀ ਕੂਚ ਦੇ ਸੱਦੇ ਉੱਤੇ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨਾਂ ਨੇ ਚਾਲੇ ਪਾਏ ਪਰੰਤੂ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਆਪਣੀਆਂ ਪੰਜਾਬ ਨਾਲ ਲਗਦੀਆਂ ਸੀਮਾਵਾਂ ਉੱਤੇ ਹੀ ਰੋਕ ਲਿਆ । ਕਿਸਾਨਾਂ ਵੱਲੋਂ ਉਦੋਂ ਤੋਂ ਹੀ ਖਨੌਰੀ ਅਤੇ ਸ਼ੰਭੂ ਬਾਰਡਰਾਂ ਉੱਤੇ ਪੱਕਾ ਧਰਨਾ ਲਗਾਇਆ ਹੋਇਆ ਹੈ ।ਪੰਜਾਬ ਸਰਕਾਰ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਇਹ ਵਿਸ਼ਵਾਸ ਦਿਵਾਉਂਦੀ ਆ ਰਹੀ ਹੈ ਕਿ ਉਹ ਕਿਸਾਨਾਂ ਦੀ ਹਿਤੈਸ਼ੀ ਹੈ ਅਤੇ ਹਰ ਮਸਲੇ ਉੱਤੇ ਕਿਸਾਨਾਂ ਦੇ ਨਾਲ ਹੈ ਪਰੰਤੂ ਅੱਜ ਸਰਕਾਰ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਜਦੋਂ ਕੇਂਦਰ ਸਰਕਾਰ ਤੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਐਮਐਸਪੀ ਸਮੇਤ ਕਿਸਾਨੀ ਦੀਆਂ ਮੰਗਾਂ ਮਨਵਾਉਣ ਲਈ ਮਰਨ ਵਰਤ ਉੱਤੇ ਬੈਠਣ ‘ਤੇ ਅੱਧੀ ਰਾਤ ਨੂੰ ਕਿਸੇ ਗੰਭੀਰ ਅਪਰਾਧੀ ਵਾਂਗ ਦਬੋਚ ਲਿਆ । ਜਿਸਦੀ ਸਾਰੀਆਂ ਕਿਸਾਨ ਜੱਥੇਬੰਦੀਆਂ ਨੇ ਨਿੰਦਾ ਕੀਤੀ ਹੈ । ਇਸ ਸਬੰਧ ‘ਚ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਤੇ ਹੋਰ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਖਨੌਰੀ ਬਾਰਡਰ ਉੱਤੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ । ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸਿਰਫ ਮੈਡੀਕਲ ਚੈਕਅਪ ਲਈ ਚੁੱਕਿਆ ਸੀ ਤਾਂ ਹੁਣ ਛੱਡ ਦੇਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਜਮਹੂਰੀ ਹੱਕਾਂ ਦੀ ਲੜਾਈ ਲੜ ਸਕਣ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਬੁਲਾਰਿਆਂ ਨੇ ਬਿਆਨ ਦਿੱਤੇ ਹਨ ਕਿ ਡੱਲੇਵਾਲ ਨੂੰ ਚੁੱਕਣ ਵਿੱਚ ਕੇਂਦਰ ਦੀਆਂ ਏਜੰਸੀਆਂ ਕੋਈ ਹੱਥ ਨਹੀਂ ਹੈ ਤਾਂ ਹੁਣ ਪੰਜਾਬ ਸਰਕਾਰ ਨੂੰ ਵੀ ਆਪਣਾ ਪੱਖ ਸਪਸ਼ਟ ਕਰ ਦੇਣਾ ਚਾਹੀਦਾ ਹੈ ।

ਇੰਡੀਅਨ ਫਾਰਮਰਜ ਐਸੋਸੀਏਸ਼ਨ (ਬਹਿਰੂ) ਦੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਧਰਮਕੋਟ ਵਿਖੇ ਜ਼ਿਲਾ ਪ੍ਰਧਾਨ ਮੇਜਰ ਸਿੰਘ ਦਬਰੁਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੀਨੀਅਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸਵੇਰ ਦੇ 3 ਵਜੇ ਖਨੌਰੀ ਬਾਰਡਰ ਤੋਂ ਚੁੱਕਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੇਜਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਕੇਂਦਰ ਨਾਲ ਮਿਲਕੇ ਅੰਦੋਲਨ ਨੂੰ ਦਬਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੀ ਹੈ । ਕਿਉਂਕਿ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਕਿਸਾਨ ਆਗੂ ਡੱਲੇਵਾਲ ਨੇ ਪੁਲਸ ਕਸਟਡੀ ਵਿੱਚ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਹੀ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ । ਇਸ ਤੋਂ ਇਲਾਵਾ ਉਹਨਾਂ ਦੀ ਜਗ੍ਹਾ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਖਨੌਰੀ ਮੋਰਚੇ ਵਿੱਚ ਮਰਨ ਵਰਤ ਉੱਤੇ ਬੈਠ ਗਏ ਹਨ । ਜ਼ਿਲਾ ਪ੍ਰਧਾਨ ਮੇਜਰ ਸਿੰਘ ਨੇ ਦੱਸਿਆ ਕਿ ਸਰਕਾਰ ਸਾਡੇ ਆਗੂ ਡੱਲੇਵਾਲ ਨੂੰ ਹਿਰਾਸਤ ਵਿੱਚ ਲੈ ਲਵੇਗੀ ਤਾਂ ਹਜ਼ਾਰਾਂ ਡੱਲੇਵਾਲ ਤਿਆਰ ਬੈਠੇ ਹਨ । ਸਤਨਾਮ ਸਿੰਘ ਬਹਿਰੂ ਜੱਥੇਬੰਦੀ ਦੇ ਸ. ਭਜਨ ਸਿੰਘ ਚੱਕ ਭੌਰਾ ਸਾਬਕਾ ਖਜਾਨਚੀ ਜ਼ਿਲਾ ਮੋਗਾ ਮਰਨ ਵਰਤ ਉੱਤੇ ਬੈਠਣ ਲਈ ਤਿਆਰ ਹਨ । ਸਰਕਾਰਾਂ ਦੇ ਇਸ ਧੱਕੇਸ਼ਾਹੀ ਰਵੱਈਏ ਤੋਂ ਬਾਦ ਖਨੌਰੀ ਅਤੇ ਸ਼ੰਭੂ ਬਾਰਡਰਾਂ ਉੱਤੇ ਲੋਕਾਂ ਦੀ ਆਮਦ ਵਧਣ ਲੱਗ ਪਈ ਹੈ । ਪੰਜਾਬ ਹਰਿਆਣਾ, ਯੂਪੀ, ਰਾਜਸਥਾਨ ਤੋਂ ਟਰਾਲੀਆਂ ਲੈ ਕੇ ਕਿਸਾਨਾਂ ਨੇ ਮੋਰਚੇ ਲਈ ਚਾਲੇ ਪਾ ਲਏ ਹਨ । ਖਨੌਰੀ ਬਾਰਡਰ ਉੱਤੇ ਕੌਮਾਂਤਰੀ ਪਹਿਲਵਾਨ ਬਜਰੰਗ ਪੂਨੀਆ ਵਿਸ਼ੇਸ਼ ਤੌਰ ‘ਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਪੁੱਜੇ ।

 

Similar Posts

Leave a Reply

Your email address will not be published. Required fields are marked *