ਮਲੇਰਕੋਟਲਾ, 03 ਮਾਰਚ (ਬਿਉਰੋ): ਕੌਮੀ ਇਨਸਾਫ ਮੋਰਚੇ ਵੱਲੋਂ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ 7 ਜਨਵਰੀ 2023 ਤੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਬਦੀਆਂ ਦੇ ਇਨਸਾਫ ਲੈਣ ਲਈ ਸੂਬਾ ਅਤੇ ਕੇਂਦਰ ਸਰਕਾਰ ਨੂੰ ਨੀਂਦ ਤੋਂ ਜਗਾਉਣ ਲਈ ਪੱਕਾ ਧਰਨਾ ਲਗਾਇਆ ਹੋਇਆ ਹੈ । ਇਸ ਲੰਬੇ ਅਰਸੇ ਦੌਰਾਨ ਮੋਰਚੇ ਨੇ ਬਹੁਤ ਉਤਰਾ-ਚੜਾਅ ਦੇਖੇ, ਆਪਣਿਆਂ ਵਿੱਚੋਂ ਕਈ ਗੱਦਾਰ ਵੀ ਪਰਖੇ ਗਏ ਅਤੇ ਦੇਸ ਵਿਦੇਸ਼ ਤੋਂ ਸੰਗਤਾਂ ਦਾ ਅਥਾਹ ਸਹਿਯੋਗ ਵੀ ਹਾਸਲ ਹੋਇਆ । ਕੌਮੀ ਇਨਸਾਫ ਮੋਰਚੇ ਨੂੰ ਹਰ ਧਰਮ, ਵਰਗ, ਖਿੱਤੇ ਅਤੇ ਸੂਬੇ ਦੇ ਲੋਕਾਂ ਦਾ ਸਾਥ ਮਿਲਿਆ ਹੈ । ਦੋ ਸਾਲ ਤੋਂ ਵੱਧ ਸਮਾਂ ਬੀਤ ਜਾਣ ‘ਤੇ ਵੀ ਸਰਕਾਰਾਂ ਇਸ ਧਰਨੇ ਨੂੰ ਅਣਗੌਲਿਆ ਕਰ ਰਹੀਆਂ ਹਨ । ਜਿਸ ਨੂੰ ਦੇਖਦੇ ਹੋਏ ਕੌਮੀ ਇਨਸਾਫ਼ ਮੋਰਚੇ ਵੱਲੋ ਇਹ ਫੈਸਲਾ ਲਿਆ ਗਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਰੋਜ਼ਾਨਾ ਪੁਤਲਾ ਫ਼ੂਕਿਆ ਜਾਵੇਗਾ । ਪਿਛਲੇ ਦੋ ਸਾਲ ਤੋਂ ਜੋ 31 ਮੈਂਬਰੀਂ ਸਿੰਘਾਂ ਦਾ ਜੱਥਾ ਮੁੱਖ ਮੰਤਰੀ ਦੀ ਰਿਹਾਇਸ ਵੱਲ ਜਾਂਦਾ ਸੀ ਹੁਣ ਉਹ ਬੁੜੈਲ ਜੇਲ ਦੇ ਸਾਹਮਣੇ ਰੋਜ਼ਾਨਾ ਮੁੱਖ ਮੰਤਰੀ ਦਾ ਪੁਤਲਾ ਫੂਕਨ ਲਈ ਜਾਂਦਾ ਹੈ । ਇਸੇ ਲੜੀ ਤਹਿਤ ਅੱਜ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਸੀਨੀਅਰ ਆਗੂ, ਬੰਦੀ ਸਿੰਘ ਅਤੇ ਤਾਲਮੇਲ ਕਮੇਟੀ ਮੈਂਬਰ ਕੌਮੀ ਇਨਸਾਫ਼ ਮੋਰਚਾ ਸ. ਬਲਜੀਤ ਸਿੰਘ ਭਾਊ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਜੱਥੇ ਵੱਲੋਂ ਭਗਵੰਤ ਮਾਨ ਦਾ ਪੁਤਲਾ ਫ਼ੂਕਿਆ ਗਿਆ । ਜ਼ਿਕਰਯੋਗ ਹੈ ਕਿ ਬਲਜੀਤ ਸਿੰਘ ਭਾਊ ਪਹਿਲੇ ਦਿਨ ਤੋਂ ਹੀ ਆਪਣੀ ਜੱਥੇਬੰਦੀ ਦੇ ਸਹਿਯੋਗ ਨਾਲ ਲਗਾਤਾਰ ਮੋਰਚੇ ਦੀ ਸਰਪ੍ਰਸਤੀ ਕਰਦਿਆਂ ਮੋਰਚੇ ਉੱਤੇ ਅਨੇਕਾਂ ਸੰਕਟ ਆਏ ਭਾਊ ਹਮੇਸ਼ਾ ਹਿੱਕ ਡਾਹ ਕੇ ਨਾਲ ਖੜੇ ਰਹੇ ਹਨ ।
ਫੋਟੋ ਕੈਪਸ਼ਨ: ਮੁੱਖ ਮੰਤਰੀ ਭਗਵੰਤ ਮਾਨ ਦਾ ਪੁੱਤਲਾ ਫੂਕਨ ਲਈ ਜਾਂਦੇ ਹੋਏ ਕੌਮੀ ਇਨਸਾਫ ਮੋਰਚੇ ਦੇ ਸਿੰਘ ।



