ਚੰਡੀਗੜ੍ਹ/ਮਲੇਰਕੋਟਲਾ, 20 ਮਈ (ਬਿਉਰੋ): ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੀ ਇੱਕ ਅਹਿਮ ਮੀਟਿੰਗ ਅੱਜ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਹਵਾਰਾ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਚਾਰ ਪ੍ਰਮੁੱਖ ਪਾਰਟੀਆਂ ਵੱਲੋਂ ਲੋਕ ਸਭਾ ਦੀਆਂ ਚੋਣਾਂ ਲੜੀਆਂ ਜਾ ਰਹੀਆਂ ਹਨ । ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਜ਼ਾਵਾਂ ਦਿਲਵਾਉਣ, ਆਪਣੀਆ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਪਾਰਟੀਆਂ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਬਾਦਲ ਨੇ ਆਪਣੇ ਮੈਨੀਫੈਸਟੋ ਵਿੱਚ ਇਹਨਾਂ ਮੁੱਦਿਆਂ ਸਬੰਧੀ ਚੁੱਪ ਧਾਰੀ ਹੋਈ ਹੈ । ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਹੁਕਮ ਸਬੰਧੀ ਲਗਾਤਾਰ ਮੀਟਿੰਗਾਂ ਰੱਦ ਕਰ ਰਹੇ ਹਨ । ਜੱਥੇਦਾਰ ਸ੍ਰੀ ਅਕਾਲ ਤਖਤ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਜੇਲ੍ਹ ਬਦਲੀ ਸਬੰਧੀ ਕਾਰਵਾਈ ਨਹੀਂ ਕਰ ਰਹੇ ਹਨ ਜਦੋਂਕਿ ਜੱਥੇਦਾਰ ਹਵਾਰਾ ਉੱਤੇ ਕੋਈ ਵੀ ਕੇਸ ਦਿੱਲੀ ‘ਚ ਨਹੀਂ ਹੈ । ਉਹਨਾਂ ਨੂੰ ਨਾਜਾਇਜ਼ ਅਤੇ ਗੈਰਕਾਨੂੰਨੀ ਢੰਗ ਨਾਲ ਜੇਲ੍ਹ ਵਿੱਚ ਰੱਖਿਆ ਹੋਇਆ ਹੈ । ਉੱਥੇ ਹੀ ਬੇਅਦਬੀ ਦੇ ਦੋਸ਼ੀਆਂ ਨੂੰ ਬਾਦਲ ਦਲ ਦੀ ਹਿਮਾਇਤ ਹੈ । ਕਾਂਗਰਸ, ਭਾਜਪਾ ਅਤੇ ‘ਆਪ’ ਵੋਟਾਂ ਦੀ ਗੰਦੀ ਰਾਜਨੀਤੀ ਕਰਕੇ ਕਾਨੂੰਨ ਦਾ ਮਜ਼ਾਕ ਉਡਾ ਰਹੀਆਂ ਹਨ । ਕੌਮੀ ਇਨਸਾਫ ਮੋਰਚਾ ਲੱਗਭਗ 16 ਮਹੀਨੇ ਤੋਂ ਚੱਲ ਰਿਹਾ ਹੈ ਪਰੰਤੂ ਸਰਕਾਰਾਂ ਗੱਲਬਾਤ ਕਰਨ ਲਈ ਤਿਆਰ ਨਹੀਂ ਜਿਸ ਨਾਲ ਸਮੁੱਚੀ ਸਿੱਖ ਕੌਮ ਦੇ ਦਿਲਾਂ ਨੂੰ ਠੇਸ ਪਹੁੰਚ ਰਹੀ ਹੈ । ਕਈ ਮਹੀਨਿਆਂ ਤੋਂ ਸ਼ੰਭੂ ਬਾਰਡਰ ਤੋਂ ਕਿਸਾਨਾਂ, ਮਜ਼ਦੂਰਾਂ ਦੀ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ ।
ਕੌਮੀ ਇਨਸਾਫ ਮੋਰਚਾ ਕਿਸਾਨ ਜੱਥੇਬੰਦੀਆਂ ਜੋ ਕਿ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਲਈ ਜੋ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਅਤੇ ਸਮੁੱਚੇ ਕਿਸਾਨੀ ਸੰਘਰਸ਼ ਦੀ ਡੱਟਵੀ ਹਮਾਇਤ ਕਰੇਗਾ । ਇਸ ਵਿੱਚ ਸ਼ਾਮਲ ਹੋਣ ਕੇਜਰੀਵਾਲ ਦੇ ਪੰਜਾਬ ਆਉਣ ‘ਤੇ ਉਸ ਦੀਆਂ ਪੰਥ ਵਿਰੋਧੀ ਨੀਤੀਆਂ ਕਾਰਣ ਉਸ ਵਿਰੁੱਧ ਕਾਲੇ ਝੰਡੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਕੌਮੀ ਇਨਸਾਫ ਮੋਰਚੇ ਵੱਲੋਂ ਚੋਣਾਂ ਤੋਂ ਬਾਅਦ ਮੋਰਚੇ ਦੀ ਰੂਪ ਰੇਖਾ ਉਲੀਕ ਕੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ । ਕੌਮੀ ਇਨਸਾਫ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਉਠਾਉਣ ਵਾਲੇ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਹਲਕਾ ਖਡੂਰ ਸਾਹਿਬ, ਫਰੀਦਕੋਟ ਹਲਕੇ ਤੋਂ ਭਾਈ ਸਰਬਜੀਤ ਸਿੰਘ ਮਲੋਆ, ਸੰਗਰੂਰ ਹਲਕੇ ਤੋਂ ਸਿਮਰਨਜੀਤ ਸਿੰਘ ਮਾਨ, ਫਿਰੋਜ਼ਪੁਰ ਹਲਕੇ ਤੋਂ ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ ਨੂੰ ਮੋਰਚੇ ਵੱਲੋਂ ਠੋਕਵੀਂ ਹਮਾਇਤ ਦਿੱਤੀ ਜਾਵੇਗੀ । ਇਸ ਮੌਕੇ ਗੁਰਦੀਪ ਸਿੰਘ ਬਠਿੰਡਾ, ਜੱਥੇਦਾਰ ਬਲਵੀਰ ਸਿੰਘ ਬੈਰੋਪੁਰ, ਬਲਵਿੰਦਰ ਸਿੰਘ ਕਾਲਾ, ਪ੍ਰੋ. ਬਲਵਿੰਦਰ ਸਿੰਘ ਅੰਮ੍ਰਿਤਸਰ, ਬਲਜੀਤ ਸਿੰਘ ਭਾਉ, ਪ੍ਰਧਾਨ ਬਲਵਿੰਦਰ ਸਿੰਘ ਅੰਮ੍ਰਿਤਸਰ, ਰਛਪਾਲ ਸਿੰਘ ਚੰਡੀਗੜ੍ਹ, ਕਰਮ ਸਿੰਘ ਸਰਪੰਚ, ਗੁਰਨਾਮ ਸਿੰਘ ਸਿੱਧੂ, ਪਾਲ ਸਿੰਘ ਘੜੂਆ, ਬਲਦੇਵ ਸਿੰਘ ਦੇਵ ਸਰਾਭਾ ਆਦਿ ਹਾਜ਼ਰ ਸਨ ।