ਕਿਸਾਨ ਯੂਨੀਅਨਾਂ ਵੱਲੋਂ ਮੁਸਲਿਮ ਭਾਈਚਾਰੇ ਨਾਲ ਰੋਜ਼ਾ ਇਫਤਾਰੀ ਦਾ ਆਯੋਜਨ

author
0 minutes, 2 seconds Read

ਦੇਸ਼ ਵਿੱਚ ਧਰਮ, ਜਾਤ, ਰੰਗ, ਨਸਲ, ਭਾਸ਼ਾ ਦੇ ਅਧਾਰ ‘ਤੇ ਵੰਡੀਆਂ ਪਾਉਣ ਵਾਲੇ ਕਦੇ ਵੀ ਸਫਲ ਨਹੀਂ ਹੋਣਗੇ-ਘੁਮਾਣਾ

ਸ਼ੰਭੂ, 09 ਅਪ੍ਰੈਲ (ਬਿਉਰੋ): ਪੰਜਾਬ-ਹਰਿਆਣਾ ਦੇ ਬਾਰਡਰਾਂ ਸ਼ੰਭੂ ਅਤੇ ਖਨੌਰੀ ਉੱਤੇ ਪਿਛਲੇ 56 ਦਿਨਾਂ ਤੋਂ ਕਿਸਾਨਾਂ ਦਾ ਧਰਨਾ ਕੇਂਦਰ ਅਤੇ ਸੂਬਿਆਂ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਪੱਕਾ ਧਰਨਾ ਚੱਲ ਰਿਹਾ ਹੈ । ਜਿਸ ਵਿੱਚ ਆਏ ਦਿਨ ਦੇਸ਼ ਅਤੇ ਦੁਨੀਆ ਨੂੰ ਹੈਰਾਨ ਕਰਨ ਵਾਲੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ । ਸਾਡੇ ਪੱਤਰਕਾਰ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਮੁਹੰਮਦ ਜਮੀਲ ਐਡਵੋਕੇਟ ਨੇ ਦੱਸਿਆ ਕਿ ਕਿਸਾਨ ਯੂਨੀਅਨਾਂ ਵੱਲੋਂ ਪੰਜਾਬ ਭਰ ਦੀਆਂ ਮੁਸਲਿਮ ਭਾਈਚਾਰੇ ਅਤੇ ਸਮਾਜਸੇਵੀ ਜੱਥੇਬੰਦੀਆਂ ਲਈ ਰੋਜ਼ਾ ਇਫਤਾਰੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁਹੰਮਦ ਅਨਵਾਰ ਪ੍ਰਧਾਨ ਈਦਗਾਹ ਕਮੇਟੀ ਕਿਲਾ ਰਹਿਮਤਗੜ੍ਹ, ਮੁਹੰਮਦ ਅਸ਼ਰਫ ਮੰਤਰੀ, ਮੁਹੰਮਦ ਜਮੀਲ ਐਡਵੋਕੇਟ, ਹਾਜੀ ਮੁਹੰਮਦ ਬਾਬੂ, ਹਾਜੀ ਮੁਹੰਮਦ ਹਬੀਬ, ਮੁਹੰਮਦ ਨਜ਼ੀਰ ਐਨਆਰਆਈ, ਮੁਹੰਮਦ ਸਲੀਮ, ਮੁਹੰਮਦ ਹੁਸੈਨ, ਨੰਬਰਦਾਰ ਅਬਦੁਲ ਮਜੀਦ ਸਮੇਤ ਵੱਡੀ ਗਿਣਤੀ ‘ਚ ਪਤਵੰਤਿਆਂ ਨੇ ਸ਼ਿਰਕਤ ਕੀਤੀ । ਮੋਰਚੇ ਵਿੱਚ ਪਹੁੰਚਣ ਉੱਤੇ ਮਨਜੀਤ ਸਿੰਘ ਘੁਮਾਣਾ ਰਾਸ਼ਟਰੀ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ, ਜੰਗ ਸਿੰਘ ਭਟੋੜੀ ਕਲਾਂ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਭਟੇੜੀ ਕਲਾਂ), ਜਸਵਿੰਦਰ ਸਿੰਘ ਲੌਂਗੋਵਾਲ ਪ੍ਰਧਾਨ ਬੀਕੇਯੂ ਅਜ਼ਾਦ, ਬਲਵੰਤ ਸਿੰਘ ਬੀਕੇਯੂ ਕ੍ਰਾਂਤੀਕਾਰੀ, ਸਤਨਾਮ ਸਿੰਘ ਸਾਹਨੀ ਬੀਕੇਯੂ ਦੁਆਬਾ, ਤੇਜਬੀਰ ਸਿੰਘ ਬੀਕੇਯੂ ਸ਼ਹੀਦ ਭਗਤ ਸਿੰਘ, ਰਣਬੀਰ ਸਿੰਘ ਰਾਣਾ ਜਨਰਲ ਸਕੱਤਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ । ਸਾਰੇ ਧਰਮਾਂ ਦੇ ਲੋਕਾਂ ਨੇ ਇੱਕ ਦਸਤਖਾਨ ਉੱਤੇ ਇਫਤਾਰੀ ਕੀਤੀ ਅਤੇ ਮੁਸਲਿਮ ਵੀਰਾਂ ਵੱਲੋਂ ਲੰਗਰ ਸੇਵਾ ਲਈ ਤਿਆਰ ਕੀਤੇ ਮਿੱਠੇ ਚੌਲਾਂ ਦੇ ਨਿਵਾਲੇ ਸਾਂਝੇ ਕੀਤੇ । ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ “ਅੱਵਲ ਅੱਲ੍ਹਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ, ਏਕ ਨੂਰ ਸੇ ਸਬ ਜਗ ਉਪਜਾ ਕੌਣ ਭਲੇ ਕੋ ਮੰਦੇ” ਸਮਾਜ ਵਿਰੋਧੀ ਅਨਸਰ ਆਪਣਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਕਿ ਦੇਸ਼ ਵਿੱਚ ਧਰਮ, ਜਾਤ, ਰੰਗ, ਨਸਲ, ਭਾਸ਼ਾ ਦੇ ਅਧਾਰ ‘ਤੇ ਵੰਡੀਆਂ ਪਾਈਆਂ ਜਾਣ ਪਰੰਤੂ ਉਹ ਕਦੇ ਵੀ ਸਫਲ ਨਹੀਂ ਹੋਣਗੇ । ਅੱਜ ਦੀਆਂ ਆਪਸੀ ਭਾਈਚਾਰਕ ਸਾਂਝ ਦੀਆਂ ਤਸਵੀਰਾਂ ਪੂਰੀ ਦੁਨੀਆ ਦੇਖ ਰਹੀ ਹੈ ਕਿ ਕਿਵੇਂ ਸਭ ਧਰਮਾਂ ਦੇ ਲੋਕ ਆਪਸ ਵਿੱਚ ਇੱਕ ਹਨ । ਪ੍ਰਧਾਨ ਜੰਗ ਸਿੰਘ ਭਟੋੜੀ ਕਲਾਂ ਨੇ ਮੁਸਲਿਮ ਭਾਈਚਾਰੇ ਨੂੰ ਰਮਜ਼ਾਨ ਉਲ ਮੁਬਾਰਕ ਅਤੇ ਈਦ ਉਲ ਫਿਤਰ ਦੀ ਮੁਬਾਰਕਬਾਦ ਦਿੰਦਿਆਂ ਧੰਨਵਾਦ ਕੀਤਾ ਕਿ ਹਮੇਸ਼ਾ ਹੀ ਪੰਜਾਬ ਦਾ ਮੁਸਲਿਮ ਭਾਈਚਾਰਾ ਕਿਸਾਨਾਂ ਦੇ ਨਾਲ ਡੱਟਕੇ ਖੜਿਆ ਹੈ, ਭਾਵੇਂ ਉਹ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ ਦਾ ਅੰਦੋਲਨ ਹੋਵੇ ਜਾਂ ਸੂਬੇ ਅੰਦਰ ਕੋਈ ਕਿਸਾਨ ਯੂਨੀਅਨ ਦੀ ਕਾਲ ਹੋਵੇ ਮੁਸਲਿਮ ਵੀਰ ਹਮੇਸ਼ਾ ਸਾਥ ਦਿੰਦੇ ਹਨ । ਉਹਨਾਂ ਕਿਹਾ ਕਿ ਅੱਜ ਦੀ ਇਹ ਰੋਜ਼ਾ ਇਫਤਾਰੀ ਸਮਾਜ ਦੇ ਦੁਸ਼ਮਨਾਂ ਦੇ ਮੂੰਹ ‘ਤੇ ਚਪੇੜ ਹੈ ਜੋ ਆਪਣੇ ਸਿਆਸੀ ਮੰਤਵ ਲਈ ਸਮਾਜ ਵਿੱਚ ਜ਼ਹਿਰ ਘੋਲ ਰਹੇ ਹਨ । ਇਸ ਮੌਕੇ ਮਨਮੋਹਨ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਤਰਲੋਚਨ ਸਿੰਘ, ਮਨਪ੍ਰੀਤ ਸਿੰਘ, ਸਨਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਕਿਸਾਨ ਆਗੂਆਂ ਨੇ ਇਸ ਆਯੋਜਨ ‘ਚ ਸੇਵਾ ਨਿਭਾਈ ।

Similar Posts

Leave a Reply

Your email address will not be published. Required fields are marked *