ਪੰਜਾਬ ਦੇ ਲੋਕਾਂ ਨੇ “ਬਦਲਾਅ” ਲਈ ਚੁਣੀ ਸਰਕਾਰ “ਬਦਲਾ” ਲੈਣ ਵੱਲ ਤੁਰੀ
ਮਲੇਰਕੋਟਲਾ, 23 ਜਨਵਰੀ (ਅਬੂ ਜ਼ੈਦ): ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਪੰਜਾਬ ਪੁਲਿਸ ਰਾਜ ਵੱਲ ਵੱਧਦਾ ਜਾ ਰਿਹਾ ਹੈ । ਪੰਜਾਬ ਦੀ ਜਨਤਾ ਨੇ ‘ਬਦਲਾਅ’ ਦੀ ਉਮੀਦ ‘ਚ ਰਿਵਾਇਤੀ ਪਾਰਟੀਆਂ ਨੂੰ ਨਕਾਰ ਕੇ ‘ਆਪ’ ਨੂੰ ਵੱਡੀ ਲੀਡ ਨਾਲ ਜਿਤਾਕੇ ਸੱਤਾ ਵਿੱਚ ਲਿਆਂਦਾ ਕਿ ਸੂਬੇ ਅੰਦਰ ਸਿੱਖਿਆ, ਸਿਹਤ ਅਤੇ ਰੋਜਗਾਰ ਦੇ ਖੇਤਰ ਵਿੱਚ ਸੁਧਾਰ ਆਵੇਗਾ ਪਰੰਤੂ ਸੂਬੇ ਦੀ ਸਰਕਾਰ ‘ਬਦਲਾ’ ਹੀ ਲੈਣ ਵੱਲ ਤੁਰ ਪਈ ਹੈ । ਪੰਜਾਬ ਸਰਕਾਰ ਨਿੱਜੀ ਕਿੜ੍ਹਾਂ ਕੱਢਣ ਲਈ ਨੇ ਨੌਜਵਾਨਾਂ ਦੀ ਆਵਾਜ਼ ਭਾਨਾ ਸਿੱਧੂ, ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਭਾਈ ਅੰਮ੍ਰਿਤਪਾਲ ਸਿੰਘ ਸਮੇਤ ਬੇਕਸੂਰ ਸੈਂਕੜੇ ਨੌਜਵਾਨ ਜੇਲ੍ਹੀਂ ਡੱਕ ਦਿੱਤਾ ਹੈ । ਨਸ਼ਿਆਂ ਦੇ ਕੋਹੜ ਵਿੱਚੋਂ ਕੱਢਕੇ ਪੰਜਾਬ ਦੀ ਨੌਜਵਾਨੀ ਨੂੰ ਸਿੱਖੀ ਸਿਧਾਂਤਾਂ ਨਾਲ ਜੋੜ ਰਹੇ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਕੇਂਦਰ ਅਤੇ ਪੰਜਾਬ ਸਰਕਾਰ ਨੇ ਸਾਂਝੀ ਕਾਰਵਾਈ ਕਰਦਿਆਂ ਯੂਏਪੀਏ ਲਗਾਕੇ ਦਰਜਨਾਂ ਸਾਥੀਆਂ ਸਮੇਤ ਅਸਾਮ ਦੀ ਡਿਬਰੂਗੜ੍ਹ ਅਤੇ ਅੰਮ੍ਰਿਤਸਰ ਦੀਆਂ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਰਾਣੇ ਸਾਥੀ ਸੁਖਪਾਲ ਸਿੰਘ ਖਹਿਰਾ ਜੋ ਕਿ ਸਮੇਂ-ਸਮੇਂ ਉੱਤੇ ਸਰਕਾਰ ਦੀਆਂ ਨੀਤੀਆਂ ਆਲੋਚਨਾ ਕਰਦੇ ਸਨ ਨੂੰ ਕਿਸੇ ਪੁਰਾਣੇ ਮੁਕੱਦਮੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ, ਕੁਝ ਦਿਨਾਂ ਬਾਦ ਜਮਾਨਤ ਮਿਲੀ ਤਾਂ ਫੋਰਨ ਇੱਕ ਹੋਰ ਕੇਸ ਪਾਕੇ ਫਿਰ ਤੋਂ ਹੋਰ ਜੇਲ੍ਹ ਵਿੱਚ ਡੱਕ ਦਿੱਤਾ ਗਿਆ । ਇਸੇ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ 6-7 ਵਾਰ ਬੁਲਾਕੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਅਤੇ ਜੇਲ੍ਹ ਵਿੱਚ ਡੱਕਣ ਦੀ ਤਿਆਰੀ ਹੈ ।
ਪਿਛਲੇ ਦਿਨੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਲੱਖੇ ਸਿਧਾਣੇ ਵੱਲੋਂ ਕੱਢੀ ਜਾ ਰਹੀ ਯਾਤਰਾ ਦੌਰਾਨ ਪੰਜਾਬ ਦੇ ਨੌਜਵਾਨਾਂ ਦੀ ਆਵਾਜ਼ ਬਣ ਚੁੱਕੇ ਭਾਨਾ ਸਿੱਧੂ ਨੂੰ ਪੁੁਲਸ ਨੇ ਲੁਧਿਆਣਾ ਥਾਣੇ ‘ਚ ਪਰਚਾ ਦੇ ਕੇ ਆਪਣੇ ਖਿਲਾਫ ਉੱਠਣ ਵਾਲੀ ਆਵਾਜ਼ ਨੂੰ ਖਾਮੋਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ । ਭਾਨਾ ਸਿੱਧੂ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਅੰਦਰ ਚੱਲ ਰਹੇ ਏਜੰਟ ਮਾਫੀਆ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੋਈ ਸੀ । ਜੋ ਕੰਮ ਸਰਕਾਰ ਅਤੇ ਪੁਲਸ ਨੂੰ ਕਰਨਾ ਚਾਹੀਦਾ ਸੀ ਨਹੀਂ ਕੀਤਾ ਅਤੇ ਸਰਕਾਰੀ ਤੰਤਰ ਫੇਲ ਹੋ ਗਿਆ, ਉਹ ਭਾਨੇ ਸਿੱਧੂ ਨੇ ਕਰਦਿਆਂ ਸੈਂਕੜੇ ਨੌਜਵਾਨ ਲੜਕੇ ਅਤੇ ਲੜਕੀਆਂ ਦੇ ਕਰੋੜਾਂ ਰੁਪਏ ਏਜੰਟਾਂ ਕੋਲੋਂ ਵਾਪਸ ਕਰਵਾਏ ਜਿਸ ਤੋਂ ਖੌਫਜ਼ਦਾ ਹੋ ਕੇ ਏਜੰਟ ਮਾਫੀਆ ਨੇ ਭਾਨੇ ਖਿਲਾਫ ਮਹਿਜ਼ 10 ਹਜ਼ਾਰ ਰੁਪਏ ਮੰਗਣ ਦਾ ਇਲਜ਼ਾਮ ਲਗਾਕੇ ਪਰਚਾ ਕਰਵਾ ਦਿੱਤਾ । ਲੱਖੇ ਸਿਧਾਨੇ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਵੇਂ ਇਨਸਾਨੀ ਹਕੂਕਾਂ ਦਾ ਘਾਣ ਕਰਦਿਆਂ ਭਾਨੇ ਸਿੱਧੂ ਉੱਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ, ਜ਼ੀਰੋ ਤਾਪਮਾਨ ਵਿੱਚ ਉਸ ਨੂੰ ਨੰਗਾ ਕੀਤਾ ਗਿਆ । ਜ਼ਿਕਰਯੋਗ ਹੈ ਕਿ ਭਾਨਾ ਸਿੱਧੂ ਦੀ ਸ਼ੋਸ਼ਲ ਮੀਡੀਆ ਉੱਤੇ ਭਾਨੇ ਦੀ ਐਨੇ ਫੈਨ ਹਨ ਕਿ ਲੱਖਾਂ ਰੁਪਏ ਦੀ ਕਮਾਈ ਹੋ ਜਾਂਦੀ ਹੈ ਉਸਦੀ ਵੀਡੀਓ ਨੂੰ ਲੱਖਾਂ ਲੋਕ ਵਾਚ ਕਰਦੇ ਹਨ, ਪਰੰਤੂ ਪੁਲਸ ਵੱਲੋਂ ਦਿੱਤੇ ਗਏ 10 ਹਜ਼ਾਰ ਦੇ ਪਰਚੇ ਦੀ ਗੱਲ ਬਹੁਤ ਹੀ ਸ਼ਰਮਨਾਕ ਦਿਖਾਈ ਦਿੰਦੀ ਹੈ । ਖੇਡ ਮੇਲਿਆਂ ਵਿੱਚ ਅਨੇਕਾਂ ਸਥਾਨਾਂ ਉੱਥੇ ਭਾਨੇ ਸਿੱਧੂ ਨੂੰ ਟਰੈਕਟਰਾਂ ਅਤੇ ਹੋਰ ਚੀਜ਼ਾਂ ਨਾਲ ਸਨਮਾਨਿਤ ਕੀਤਾ ਗਿਆ ।
ਸਮਾਜਸੇਵੀਆਂ, ਬੁੱਧੀਜੀਵੀਆਂ ਦੀ ਪ੍ਰੈਸ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਹੈ ਕਿ ਸੱਤਾ ਸਦਾ ਰਹਿਣ ਵਾਲੀ ਨਹੀਂ ਹੈ, ਸਮਾਂ ਬਦਲਦਾ ਰਹਿੰਦਾ ਹੈ, ਜਨਤਾ ਜਿਵੇਂ 5-5 ਵਾਰ ਦੇ ਮੁੱਖ ਮੰਤਰੀਆਂ ਅਤੇ ਦਹਾਕਿਆਂ ਦੇ ਅਨੁਭਵੀ ਆਗੂਆਂ ਨੂੰ ਹਰਾ ਸਕਦੀ ਹੈ ਤਾਂ ਸਮਾਂ ਆਉਣ ਉੱਤੇ ਤੁਹਾਨੂੰ ਵੀ ਬਦਲ ਦੇਵੇਗੀ । ਪਾਵਰ ਦੀ ਸਨਕ ਨੂੰ ਛੱਡ ਪੰਜਾਬ ਅੰਦਰ ਸਿੱਖਿਆ ਵਿੱਚ ਆਏ ਨਿਘਾਰ ਨੂੰ ਠੀਕ ਕਰਨ ਲਈ ਸਕੂਲਾਂ ਵਿੱਚ ਅਧਿਆਪਕਾਂ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ, ਹਸਪਤਾਲਾਂ ਵਿੱਚ ਡਾਕਟਰਾਂ ਅਤੇ ਹੋਰ ਸਟਾਫ ਅਤੇ ਦਵਾਈਆਂ ਦੀ ਘਾਟ ਨੂੰ ਪੂਰਾ ਕਰ ਹਰ ਵਿਅਕਤੀ ਲਈ ਇਲਾਜ਼ ਦਾ ਮੁਫਤ ਪ੍ਰਬੰਧ ਕੀਤਾ ਜਾਵੇ । ਬੇਰੋਜਗਾਰ ਹੋ ਰਹੀ ਨੌਜਵਾਨੀ ਨੂੰ ਸੂਬੇ ਅੰਦਰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾਣ ਤਾਂ ਜੋ ਜਵਾਨੀ ਨੂੰ ਵਿਦੇਸ਼ ਜਾਣ ਤੋਂ ਰੋਕਿਆ ਜਾ ਸਕੇ । ਸ੍ਰੀ ਗੁਰੁ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਇਨਸਾਫ ਲਈ ਸਖਤ ਕਾਨੂੰਨ ਬਣਾਏ ਜਾਣ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ, ਜਿਸ ਵਿੱਚ ਅਸਫਲ ਹੋਣ ਕਾਰਣ ਪਹਿਲੀਆਂ ਸਰਕਾਰਾਂ ਨੂੰ ਲੋਕਾਂ ਨੇ ਨਕਾਰਿਆ ਹੈ । ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਪਰਾਲੇ ਕੀਤੇ ਜਾਣ ।



