ਕੌਮਾਂਤਰੀ ਪੱਧਰ ‘ਤੇ ਭਾਰਤੀ ਮੀਡੀਆ ਦੀ ਅਸਲ ਤਸਵੀਰ-ਸ਼ਰਮਨਾਕ

author
0 minutes, 9 seconds Read

180 ਦੇਸ਼ਾਂ ਦੀ ਵਿਸ਼ਵ ਰੈਕਿੰਗ ‘ਚ ਭਾਰਤੀ ਮੀਡੀਆ ਵੀ ਪਹੁੰਚੀ 161ਵੇਂ ਰੈਂਕ ‘ਤੇ

ਰਿਪੋਰਟਰਜ਼ ਵਿਦਾਊਟ ਬਾਰਡਰਜ਼ (ਆਰਐਸਐਫ) ਦੁਆਰਾ ਜਾਰੀ ਤਾਜ਼ਾ ਰਿਪੋਰਟ ਦੇ ਅਨੁਸਾਰ, 2023 ਦੇ ਵਿਸ਼ਵ ਪ੍ਰੈਸ ਫ੍ਰੀਡਮ ਇੰਡੈਕਸ ਵਿੱਚ ਭਾਰਤ ਦੀ ਰੈਂਕਿੰਗ 180 ਦੇਸ਼ਾਂ ਵਿੱਚੋਂ 161 ਤੱਕ ਖਿਸਕ ਗਈ ਹੈ। ਇਹ ਦਰਜਾਬੰਦੀ ਦੇਸ਼ ਵਿੱਚ ਪ੍ਰੈਸ ਦੀ ਆਜ਼ਾਦੀ ਵਿੱਚ ਮਹੱਤਵਪੂਰਨ ਗਿਰਾਵਟ ਨੂੰ ਦਰਸਾਉਂਦੀ ਹੈ। ਰਿਪੋਰਟ ਦਰਸਾਉਂਦੀ ਹੈ ਕਿ ਭਾਰਤ ਦੀ ਰੈਂਕਿੰਗ ਪਿਛਲੇ ਸਾਲ ਤੋਂ 11 ਸਥਾਨ ਹੇਠਾਂ ਆ ਗਈ ਹੈ ਜਦੋਂ ਇਹ ਵਿਸ਼ਵ ਪ੍ਰੈਸ ਫਰੀਡਮ ਇੰਡੈਕਸ ਵਿੱਚ 150ਵੇਂ ਸਥਾਨ ‘ਤੇ ਸੀ । ਦਰਅਸਲ ਭਾਰਤ ਰੈਂਕਿੰਗ ਵਿੱਚ ਜਿੰਨਾਂ 19 ਦੇਸ਼ਾਂ ਤੋਂ ਅੱਜ ਅੱਗੇ ਸਮਝਿਆ ਜਾ ਰਿਹਾ ਹੈ ਉਹ ਚੀਨ, ਉੱਤਰੀ ਕੋਰੀਆ ਵਰਗੇ ਤਾਨਾਸ਼ਾਹੀ ਦੇਸ਼ ਹਨ ।

ਵਰਲਡ ਪ੍ਰੈਸ ਫਰੀਡਮ ਇੰਡੈਕਸ ਕੀ ਹੈ?

ਵਰਲਡ ਪ੍ਰੈਸ ਫਰੀਡਮ ਇੰਡੈਕਸ (ਆਰਐਸਐਫ) ਦੁਆਰਾ ਜਾਰੀ ਕੀਤੀ ਗਈ ਸਾਲਾਨਾ ਰੈਂਕਿੰਗ ਹੈ। ਇਸਦਾ ਉਦੇਸ਼ 180 ਦੇਸ਼ਾਂ ਅਤੇ ਖੇਤਰਾਂ ਵਿੱਚ ਪੱਤਰਕਾਰਾਂ ਅਤੇ ਮੀਡੀਆ ਆਉਟਲੈਟਾਂ ਕੋਲ ਮੀਡੀਆ ਦੀ ਆਜ਼ਾਦੀ ਦੀ ਸੀਮਾ ਦਾ ਮੁਲਾਂਕਣ ਕਰਨਾ ਹੈ। ਇਹ ਸੂਚਕਾਂਕ ਮੀਡੀਆ ਬਹੁਲਵਾਦ, ਸੁਤੰਤਰਤਾ, ਪਾਰਦਰਸ਼ਤਾ, ਵਿਧਾਨਕ ਢਾਂਚੇ ਅਤੇ ਹਰੇਕ ਦੇਸ਼ ਵਿੱਚ ਪੱਤਰਕਾਰਾਂ ਦੀ ਸੁਰੱਖਿਆ ਦੇ ਮੁਲਾਂਕਣ ‘ਤੇ ਆਧਾਰਿਤ ਹੈ । ਨਾਰਵੇ, ਆਇਰਲੈਂਡ ਅਤੇ ਡੈਨਮਾਰਕ ਨੇ ਸੂਚਕਾਂਕ ਵਿੱਚ ਸਿਖਰਲੇ ਤਿੰਨ ਸਥਾਨ ਹਾਸਲ ਕੀਤੇ, ਜਦੋਂ ਕਿ ਵੀਅਤਨਾਮ, ਚੀਨ ਅਤੇ ਉੱਤਰੀ ਕੋਰੀਆ ਸਭ ਤੋਂ ਹੇਠਲੇ ਸਥਾਨ ‘ਤੇ ਹਨ।

ਪਾਕਿਸਤਾਨ ਭਾਰਤ ਤੋਂ ਉੱਪਰ ਹੈ

ਪਾਕਿਸਤਾਨ ਨੇ ਮੀਡੀਆ ਦੀ ਆਜ਼ਾਦੀ ਦੇ ਮਾਮਲੇ ਵਿੱਚ ਭਾਰਤ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ, 150 ਰੈਂਕ ਦੇ ਨਾਲ, ਜੋ ਪਿਛਲੇ ਸਾਲ ਉਸਦੇ 157ਵੇਂ ਸਥਾਨ ਤੋਂ ਇੱਕ ਸੁਧਾਰ ਹੈ। ਪਾਕਿਸਤਾਨ ਦੀ ਪ੍ਰੈਸ ਦੀ ਆਜ਼ਾਦੀ ਦੀ ਦਰਜਾਬੰਦੀ ਵਿੱਚ ਇਹ ਇੱਕ ਮਹੱਤਵਪੂਰਨ ਸੁਧਾਰ ਹੈ।

ਭਾਰਤ ਦੀ ਪ੍ਰੈਸ ਦੀ ਆਜ਼ਾਦੀ ‘ਤੇ ਚਿੰਤਾ

ਇੰਡੀਅਨ ਵੂਮੈਨ ਪ੍ਰੈੱਸ ਕੋਰ, ਪ੍ਰੈੱਸ ਕਲੱਬ ਆਫ਼ ਇੰਡੀਆ, ਅਤੇ ਪ੍ਰੈਸ ਐਸੋਸੀਏਸ਼ਨ ਨੇ ਸੂਚਕਾਂਕ ਵਿੱਚ ਭਾਰਤ ਦੀ ਗਿਰਾਵਟ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਇਨ੍ਹਾਂ ਸੰਗਠਨਾਂ ਨੇ ਭਾਰਤ ਵਿੱਚ ਪ੍ਰੈੱਸ ਦੀ ਆਜ਼ਾਦੀ ਦੇ ਸੂਚਕ ਅੰਕ ਦੇ ਵਿਗੜਦੇ ਜਾਣ ਅਤੇ ਕੰਮ ਦੀਆਂ ਵਿਰੋਧੀ ਸਥਿਤੀਆਂ ਕਾਰਨ ਪ੍ਰੈਸ ਦੀ ਆਜ਼ਾਦੀ ‘ਤੇ ਰੁਕਾਵਟਾਂ ‘ਤੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਹਨ।

RSF, ਇੱਕ ਅੰਤਰਰਾਸ਼ਟਰੀ NGO, ਜਿਸਦਾ ਮੁੱਖ ਦਫਤਰ ਪੈਰਿਸ ਵਿੱਚ ਹੈ, ਦਾ ਉਦੇਸ਼ ਮੀਡੀਆ ਦੀ ਆਜ਼ਾਦੀ ਦੀ ਰੱਖਿਆ ਅਤੇ ਪ੍ਰਚਾਰ ਕਰਨਾ ਹੈ। RSF ਨੂੰ ਸੰਯੁਕਤ ਰਾਸ਼ਟਰ ਦੁਆਰਾ ਸਲਾਹਕਾਰ ਦਾ ਦਰਜਾ ਦਿੱਤਾ ਗਿਆ ਹੈ। ਆਰਐਸਐਫ ਦੇ ਅਨੁਸਾਰ, ਪ੍ਰੈਸ ਦੀ ਆਜ਼ਾਦੀ ਦਾ ਮਤਲਬ ਹੈ ਪੱਤਰਕਾਰਾਂ ਦੀ ਜਨਤਕ ਹਿੱਤਾਂ ਲਈ ਖ਼ਬਰਾਂ ਦੀ ਚੋਣ ਕਰਨ, ਬਣਾਉਣ ਅਤੇ ਵੰਡਣ ਦੀ ਸਮਰੱਥਾ, ਸਿਆਸੀ, ਆਰਥਿਕ, ਕਾਨੂੰਨੀ ਅਤੇ ਸਮਾਜਿਕ ਦਖਲਅੰਦਾਜ਼ੀ ਤੋਂ ਮੁਕਤ ਅਤੇ ਉਹਨਾਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਜੋਖਮਾਂ ਤੋਂ ਬਿਨਾਂ।

ਬੀਤੇ 9 ਸਾਲਾਂ ਤੋਂ ਦੇਸ਼ ਅੰਦਰ ਮੀਡੀਆ ਦੇ ਮਾਧਿਅਮ ਰਾਹੀਂ ਅਜਿਹਾ ਮਾਹੌਲ ਬਣਾਇਆ ਹੋਇਆ ਹੈ ਕਿ ਮੰਨੋ ਮਹਿੰਗਾਈ, ਸਿੱਖਿਆ, ਬੇਰੋਜ਼ਗਾਰੀ, ਰਾਫੇਲ, ਜੀਡੀਪੀ, ਕਾਲਾ ਧਨ, ਭ੍ਰਿਸ਼ਟਾਚਾਰ, ਕਿਸਾਨ ਮਸਲੇ, ਧਰਮ ਦੇ ਅਧਾਰ ਤੇ ਲਿੰਚਿੰਗ, ਕੌਮਾਂਤਰੀ ਤਮਗੇ ਜੇਤੂ ਖਿਡਾਰੀਆਂ ਦੀ ਜੰਤਰ ਮੰਤਰ ਵਿਖੇ ਬੇਪੱਤੀ ਆਦਿ ਜਿਹੀਆਂ ਸਮੱਸਿਆਵਾਂ ਤਾਂ ਦੇਸ਼ ਅੰਦਰ ਹੈ ਹੀ ਨਹੀਂ । ਹੁਣ ਇਸ ਦੇਸ਼ ਦੇ ਬੱਚੇ ਭੁੱਖ ਅਤੇ ਕੁਪੋਸ਼ਣ ਨਾਲ ਨਹੀਂ ਮਰ ਰਹੇ, ਦਿਨ ਰਾਤ ਕੰਮ ਕਰਨ ਵਾਲੇ ਮਜ਼ਦੂਰ ਨਰਕ ਭਰੀ ਜ਼ਿੰਦਗੀ ਬਤੀਤ ਨਹੀਂ ਕਰ ਰਹੇ, ਆਮ ਨਾਗਰਿਕਾਂ ਦੀ ਲੁੱਟ-ਖਸੁੱਟ ਖਤਮ ਹੋ ਚੁੱਕੀ ਹੈ, ਕਦਮ-ਕਦਮ ਤੇ ਭ੍ਰਿਸ਼ਟ ਨੇਤਾਵਾਂ ਅਤੇ ਅਫਸਰਸ਼ਾਹੀ ਨੇ ਆਮ ਲੋਕਾਂ ਦਾ ਜਿਉਣਾ ਹਰਾਮ ਨਹੀਂ ਕੀਤਾ ਹੋਇਆ ਹੈ ।

ਕਾਸ਼ ! ਅਜਿਹਾ ਹੀ ਹੁੰਦਾ ਜਿਵੇ ਦੇਸ਼ ਦਾ ਸਰਕਾਰੀ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਰਾਹੀਂ ਦੇਸ਼ ਦੀ ਭੋਲੀ-ਭਾਲੀ  ਜਨਤਾ ਨੂੰ ਦਿਖਾਇਆ ਜਾ ਰਿਹਾ ਹੈ ਤਾਂ ਮੇਰਾ ਦੇਸ਼ ਦੁਨੀਆ ਦੇ ਤਰੱਕੀ ਯਾਫਤਾ ਦੇਸ਼ਾਂ ‘ਚ ਸ਼ੁਮਾਰ ਹੋ ਚੁੱਕਿਆ ਹੁੰਦਾ ਨਾ ਕਿ ਅੰਤਰ ਰਾਸ਼ਟਰੀ ਸੰਸਥਾਵਾਂ ਦੇ ਸਰਵੇ ਅਨੁਸਾਰ ਇਹ ਦੇਖਣ ਅਤੇ ਸੁਨਣ ਨੂੰ ਮਿਲਦਾ ਕਿ ਦੁਨੀਆ ਵਿੱਚੋਂ ਸਭ ਤੋਂ ਵੱਧ ਗਰੀਬ ਲੋਕ ਭਾਰਤ ਵਿੱਚ ਰਹਿੰਦੇ ਹਨ ਅਤੇ ਕਰੋੜਾਂ ਲੋਕ ਕੁਪੋਸ਼ਨ ਦਾ ਸ਼ਿਕਾਰ ਹਨ, ਭਾਰਤ ਖੁਸ਼ਹਾਲ ਦੇਸ਼ਾਂ ਦੀ ਸੂਚੀ ‘ਚ ਆਪਣੇ ਗੁਆਂਢੀ ਦੇਸ਼ਾਂ ਤੋਂ ਵੀ ਪਛੜ ਗਿਆ ਹੈ । ਦੇਸ਼ ਦੀ ਇਸ ਅਤਿ ਗੰਭੀਰ ਸਥਿਤੀ ਲਈ ਸਭ ਤੋਂ ਵੱਡਾ ਯੋਗਦਾਨ ਦੇਸ਼ ਦੇ ਮੀਡੀਆ ਦਾ ਹੈ ਜੋ ਬਿਨਾਂ ਕਿਸੇ ਅਧਾਰ ਦੇ ਦੇਸ਼ ਅਤੇ ਦੁਨੀਆ ਨੂੰ ਗੁਮਰਾਹ ਕਰ ਰਿਹਾ ਹੈ । ਕਿਸੇ ਨਿਊਜ਼ ਚੈਨਲ ਤੇ ਖਬਰ ਚਲਾਈ ਜਾਂਦੀ ਹੈ ਕਿ ਨੋਟਬੰਦੀ ਤੋਂ ਬਾਦ ਨਵੇਂ ਆਏ 2000 ਦੇ ਨੋਟ ਅੰਦਰ ਚਿੱਪ ਲਗੀ ਹੈ ਜੋ ਕਿ ਬਾਦ ‘ਚ ਨਿਰਾਧਾਰ ਸਾਬਤ ਹੋਈ, ਕਈ ਚੈਨਲਾਂ ਨੇ ਹਿੰਦੂ ਮੁਸਲਿਮ ਡੀਬੇਟ ਨੂੰ ਆਪਣੀ ਟੀਆਰਪੀ ਲਈ ਹਥਿਆਰ ਬਣਾ ਲਿਆ । ਕਿਧਰੇ ਤਿੰਨ ਤਲਾਕ ਤੇ ਬਹਿਸ ਹੋ ਰਹੀ ਹੈ, ਕਿਤੇ ਸ਼ਹਿਰਾਂ ਅਤੇ ਮਾਰਗਾਂ ਦੇ ਨਾਮ ਬਦਲੇ ਜਾ ਰਹੇ ਹਨ ਅਤੇ ਮੀਡੀਆ ਸਰਕਾਰੀ ਭਂੋਪੂ ਬਣ ਕੇ ਅਜਿਹੇ ਕਾਰਜਾਂ ਦੀ ਬੇਹਤਰੀਨ ਕਵਰੇਜ਼ ਦੇ ਰਿਹਾ ਹੈ ਕਿਉਂਕਿ ਭਾਰਤ ਦੇ ਇਤਿਹਾਸ ‘ਚ ਪਹਿਲੀ ਵਾਰ  ਸੱਤਾਧਾਰੀਆਂ ਨੇ ਮੀਡੀਆ ਦੇ ਵੱਖ-ਵੱਖ ਸਾਧਨਾਂ ‘ਤੇ ਇਸ਼ਤਿਹਾਰ ਰਾਹੀਂ ਮੋਟਾ ਪੈਸਾ ਖਰਚ ਕੀਤਾ ਹੈ ।  ਮੀਡੀਆ ਵਿੱਚ ਸਿਰਫ ਉਹੀ ਮੁੱਦੇ ਚੁੱਕੇ ਜਾਂਦੇ ਹਨ ਜਿਸ ਤੋਂ ਦੇਸ਼ ਅਤੇ ਜਨਤਾ ਨੂੰ ਕੁਝ ਹਾਸਿਲ ਨਾ ਹੋਵੇ ਬਲਿਕ ਇੱਕ ਵਿਸ਼ੇਸ ਵਰਗ ਦਾ ਗੁਨਗਾਣ ਹੁੰਦਾ ਰਹੇ ।

ਮੀਡੀਆ ਵੱਲੋਂ (ਕੁਝ ਚੋਣਵੇਂ ਅਦਾਰਿਆਂ ਨੂੰ ਛੱਡਕੇ) ਬੀਤੇ ਕੁਝ ਸਾਲਾਂ ਦੌਰਾਨ ਸਰਕਾਰ ਪਾਸੋਂ ਘੱਟ ਰਹੇ ਰੋਜ਼ਗਾਰ ਦੇ ਮੌਕੇ, ਮਹਿੰਗੀ ਹੋਰ ਰਹੀ ਸਿੱਖਿਆ, ਸਿਹਤ ਸਹੂਲਤਾਂ ਦੀ ਘਾਟ, ਐਲਾਨ ਕੀਤੇ 100 ਸਮਾਰਟ ਸਿਟੀ, ਕਿਸਾਨਾਂ ਦੀਆਂ ਸਮੱਸਿਆਵਾਂ, ਨੋਟਬੰਦੀ ਦੇ ਫਾਇਦੇ, ਦੇਸ਼ ਦੇ ਲੋਕਾਂ ਦੀ ਖੁਨ ਪਸੀਨੇ ਦੀ ਕਮਾਈ ਦੇ ਪੈਸੇ ਲੈ ਕੇ ਵਿਦੇਸ਼ਾਂ ਨੂੰ ਭੱਜਣ ਵਾਲੇ ਆਰਥਿਕ ਅਪਰਾਧੀਆਂ, ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਖੁਲੇਆਮ ਲੋਕਤੰਤਰ ਖਤਰੇ ‘ਚ ਹੋਣ ਦਾ ਐਲਾਨ ਕਰਨਾ, ਸੀਬੀਆਈ ‘ਚ ਵੱਡੇ ਪੱਧਰ ਦੀ ਖਿਚੋਤਾਨ, ਸੱਤਾਧਾਰੀ ਪਾਰਟੀ ਦੇ ਸਾਂਸਦਾਂ ਅਤੇ ਵਿਧਾਇਕਾਂ ਵੱਲੋਂ ਦੇਸ਼ ਅੰਦਰ ਅਮਨ ਸ਼ਾਂਤੀ ਭੰਗ ਕਰਨ ਵਾਲੇ ਬਿਆਨ ਆਦਿ ਨਾਲ ਸਬੰਧਤ ਕਦੇ ਕੋਈ ਸਵਾਲ ਨਹੀਂ ਕੀਤਾ ਗਿਆ ਜੋ ਕਿ ਦੁਨੀਆ ਅੰਦਰ ਦੇਸ਼ ਦਾ ਅਕਸ਼ ਖਰਾਬ ਕਰਨ ਦਾ ਮੁੱਖ ਕਾਰਣ ਬਣਿਆ ਹੈ । ਮੀਡੀਆ ਦੇ ਇਸ ਮਹਾਨ ਕਾਰਜ ਨੇ ਦੇਸ਼ ਨੂੰ ਹੀ ਨਹੀਂ ਬਲਿਕ ਖੂਦ ਮੀਡੀਆ ਨੂੰ ਵੀ ਦੁਨੀਆ ‘ਚੋਂ 161ਵੇਂ ਰੈਂਕ ਤੇ ਸੁੱਟ ਲਿਆ ਹੈ । ਅੱਜ ਅੰਤਰ ਰਾਸ਼ਟਰੀ ਪੱਧਰ ਤੇ ਭਾਰਤੀ ਮੀਡੀਆ ਦੀ ਖਬਰ ਨੂੰ ਇੱਕ ਸ਼ੱਕੀ ਮੀਡੀਆ ਦੇ ਅੰਦਾਜ਼ ‘ਚ ਦੇਖਿਆ ਜਾਂਦਾ ਹੈ ।

ਸਾਰਾ ਦੇਸ਼ ਜਾਣਦਾ ਹੈ ਕਿ ਪਿਛਲੇ 9 ਸਾਲਾਂ ਦੌਰਾਨ ਦੇਸ਼ ਦੀ ਜਨਤਾ ਨੂੰ ਭ੍ਰਿਸ਼ਟਾਚਾਰ ਖਤਮ ਕਰਨ, ਕਾਲਾ ਧਨ ਵਾਪਸ ਲਿਆਉਣ, ਰਾਸ਼ਟਰੀ ਸੰਪਤੀ ਦਾ ਨਿੱਜੀਕਰਣ, ਡਿਜੀਟਲ ਇੰਡੀਆ ਅਤੇ ਕੈਸ਼ਲੈਸ ਇਕਾਨਮੀ ਦੇ ਸੁਹਾਵਨੇ ਸੁਪਨੇ ਦਿਖਾ ਕੇ ਕੀਤੀ ਨੋਟਬੰਦੀ, ਜੀ.ਐਸ.ਟੀ. ਵਰਗੇ ਮੁੱਦਿਆਂ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਖੋਖਲਾ ਕਰਕੇ ਰੱਖ ਦਿਤਾ ਹੈ । ਦੇਸ਼ ਦੇ ਛੋਟੇ-ਵੱਡੇ ਵਪਾਰੀ ਆਰਥਿਕ ਅਰਾਜਕਤਾ ਕਾਰਣ ਬੇਹਾਲ ਹਨ ਅਤੇ ਸਹਿਮ ਦੇ ਮਾਹੌਲ ‘ਚ ਜੀਅ ਰਹੇ ਹਨ । ਦੇਸ਼ ਅੰਦਰ ਹਿੰਸਕ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ । ਘੱਟ ਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ । ਸੰਪਰਦਾਇਕ ਤਾਕਤਾਂ ਆਪਣੇ ਪੂਰੇ ਜ਼ੋਬਨ ਤੇ ਹਨ ਪਰੰਤੂ ਲੋਕਤੰਤਰ ਦਾ ਚੌਥਾ ਮਜ਼ਬੂਤ ਥੰਮ ਮੀਡੀਆ ਲੱਗਭਗ ਸੱਤੇ ਦੇ ਸਾਹਮਣੇ ਗੋਡੇ ਟੇਕ ਚੁੱਕਾ ਹੈ ਜੋ ਸੱਤਾਧਾਰੀਆਂ ਨੂੰ ਦੇਸ਼ ਦਾ ਆਇਨਾ ਦਿਖਾਉਣ ਦੀ ਬਜਾਏ ਉਨਾਂ ਦੀਆਂ ਤਾਰੀਫਾਂ ਦੇ ਪੁਲ ਬੰਨਣ ‘ਚ ਮਗਨ ਹੈ ।

ਮੀਡੀਆ ਰਾਹੀਂ ਦੇਸ਼ ਅੰਦਰ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਕਿ ਦੇਸ਼ ਅੰਦਰ ਸਭ ਤੋਂ ਵੱਡੀ ਸਮੱਸਿਆ 14 ਪ੍ਰਤੀਸ਼ਤ ਮੁਸਲਿਮ ਘੱਟਗਿਣਤੀ ਤੋਂ 82 ਪ੍ਰਤੀਸ਼ਤ ਵਾਲੇ ਹਿੰਦੂ ਧਰਮ ਨੂੰ ਭਿਅੰਕਰ ਖਤਰਾ ਹੈ । ਜ਼ਿਕਰਯੋਗ ਹੈ ਕਿ ਦੇਸ਼ ਦੀ ਜਨਤਾ ਦਾ ਅਸਲੀ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਰਾਸ਼ਟਰਵਾਦ, ਸਵੱਛ ਭਾਰਤ ਮੁਹਿੰਮ, ਤਿੰਨ ਤਲਾਕ, ਲਵ ਜਿਹਾਦ, ਗਊ ਰੱਖਿਆ ਵਰਗੇ ਨਕਲੀ ਮੁੱਦੇ ਤਿਆਰ ਕੀਤੇ ਜਾ ਰਹੇ ਹਨ ਅਤੇ ਦੇਸ਼ ਦਾ ਬਿਕਾਊ ਮੀਡੀਆ ਸਰਕਾਰ ਦਾ ਭੋਂਪੂ ਬਣਕੇ ਦਿਨ-ਰਾਤ ਅਜਿਹਾ ਸ਼ੋਰ ਮਚਾ ਰਿਹਾ ਹੈ ਕਿ ਲੋਕ ਅਪਨਾ ਬੁਰਾ-ਭਲਾ ਸੋਚਣਾ ਹੀ ਭੁੱਲ ਜਾਣ ।

ਹੁਣ ਸਮਾਂ ਆ ਗਿਆ ਹੈ ਕਿ ਅਜੋਕੇ ਹਾਲਾਤਾਂ ‘ਚ ਉਸਾਰੂ ਸੋਚ ਰੱਖਣ ਵਾਲੇ ਲੋਕਾਂ ਜੋ ਕਿ ਅਜੇ ਤੱਕ ਭਾਰਤੀ ਮੀਡੀਆ ਤੋਂ ਮੰਤਰ ਮੁਗਧ ਨਹੀਂ ਹੋਏ ਹਨ ਨੂੰ ਜਾਗਣਾ ਹੋਵੇਗਾ ਅਤੇ ਦੇਸ਼ ਦੇ ਮੀਡੀਆ ਤੋਂ ਨਹੀਂ ਬਲਿਕ ਆਪਣੇ ਧਾਰਮਿਕ ਗ੍ਰੰਥਾਂ, ਕੁਝ ਸੁਲਝੇ ਹੋਏ ਪੱਤਰਕਾਰਾਂ, ਸੂਝਵਾਨ ਨੇਤਾਵਾਂ ਅਤੇ ਆਪਣੀ ਅੰਤਰ ਆਤਮਾ ਤੋਂ ਸੇਧ ਲੈ ਕੇ ਦੇਸ਼ ਦੀ ਹਿਫਾਜ਼ਤ ਕਰਨੀ ਹੋਵੇਗੀ, ਅੱਖਾਂ ਖੋਲ ਕੇ ਸੱਚਾਈ ਨੂੰ ਦੇਖਣ ਦੀ ਕੋਸ਼ਿਸ਼ ਕਰਨੀ ਹੋਵੇਗੀ ਵਰਨਾ ਪੂਰਾ ਦੇਸ਼ ਗੁਲਾਮਾਂ ਦੇ ਬਾੜੇ ਅਤੇ ਖੁਨ ਦੀ ਦਲਦਲ ਵਿੱਚ ਬਦਲ ਦਿੱਤਾ ਜਾਵੇਗਾ ਅਤੇ ਫਿਰ ਅਸੀਂ ਕੁਝ ਵੀ ਕਰਨ ਤੋਂ ਅਸਮਰਥ ਹੋ ਜਾਵਾਂਗੇ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ ।

ਅਬ ਵੀ ਨਾ ਸਮਝੇ ਤੋਂ ਮਿਟ ਜਾਓਗੇ ਐ ਵਤਨ ਵਾਲੋ,

ਤੁਮਾਰੀ ਦਾਸਤਾਂ ਤੱਕ ਵੀ ਨਾ ਹੋਗੀ ਦਾਸਤਾਨੋਂ ਮੇਂ

ਮੁਹੰਮਦ ਜਮੀਲ ਜੌੜਾ ਐਡਵੋਕੇਟ

(ਐਮ.ਏ. ਜਰਨਾਲਿਜ਼ਮ)

ਨਾਭਾ ਰੋਡ, ਕਿਲਾ ਰਹਿਮਤਗੜ੍ਹ,

ਮਾਲੇਰਕੋਟਲਾ (ਪੰਜਾਬ)-148023

ਮੋਬ. 9417969547

Similar Posts

Leave a Reply

Your email address will not be published. Required fields are marked *