ਕੌਮੀ ਇਨਸਾਫ ਮੋਰਚੇ ‘ਚ ਗੂੰਜੀਆਂ “ਅੱਲ੍ਹਾ ਹੂ ਅਕਬਰ” ਦੀਆਂ ਆਵਾਜ਼ਾਂ

author
0 minutes, 1 second Read

ਮੋਹਾਲੀ/ਮਲੇਰਕੋਟਲਾ, 07 ਅਕਤੂਬਰ (ਬਿਉਰੋ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ 13 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੱਕਾ ਧਰਨਾ ਲਗਾਇਆ ਹੋਇਆ ਹੈ । ਇਸ ਮੋਰਚੇ ਨੇ ਗਰਮੀ-ਸਰਦੀ, ਹਨੇਰੀ, ਝੱਖੜ, ਬਾਰਿਸ਼ ਅਤੇ ਹਾੜ੍ਹ ਦੀਆਂ ਕੜਕਦੀਆਂ ਧੁੱਪਾਂ ਝੱਲੀਆਂ ਹਨ ਅਤੇ ਤਿੰਨ ਬੰਦੀ ਸਿੰਘਾਂ ਦੀ ਪੱਕੀ ਜ਼ਮਾਨਤ ਕਰਵਾ ਲਈ ਹੈ ਜਿਸ ਨਾਲ ਮੋਰਚਾ ਅੱਜ ਵੀ ਚੜ੍ਹਦੀ ਕਲਾ ਵਿੱਚ ਹੈ ।

ਮੋਰਚੇ ਵਿੱਚ ਅੱਜ ਆਪਸੀ ਭਾਈਚਾਰਕ ਸਾਂਝ ਦੀ ਇੱਕ ਵਿਲੱਖਣ ਤਸਵੀਰ ਦੇਖਣ ਨੂੰ ਮਿਲੀ ਕਿ ਮੋਰਚੇ ਵਿੱਚ ਜੋ ਪੰਜਾਬ ਭਰ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਸਮਰਥਨ ਦੇਣ ਲਈ ਜਾਂ ਲੰਗਰ ਸੇਵਾ ਲੈਕੇ ਆਉਂਦੇ ਹਨ ਉਹਨਾਂ ਲਈ ਨਮਾਜ਼ ਲਈ ਸ਼ਾਨਦਾਰ ਜਗ੍ਹਾ ਤਾਮੀਰ ਕੀਤੀ ਗਈ ਅਤੇ ਵਜ਼ੂ ਲਈ ਪਾਣੀ ਅਤੇ ਵਾਸ਼ਰੂਮ ਵਗੈਰਾ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਤਾਂ ਕਿ ਮੁਸਲਿਮ ਵੀਰ ਆਪਣੀ ਨਮਾਜ਼ ਸਮੇਂ ਸਿਰ ਅਤੇ ਬਾਜਮਾਤ ਅਦਾ ਕਰ ਸਕਣ । ਅੱਜ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਇੱਕ ਵਫਦ ਸੇਬਾਂ ਦੀ ਲੰਗਰ ਸੇਵਾ ਲੈ ਕੇ ਮੋਰਚੇ ‘ਚ ਪਹੁੰਚਿਆ ਤਾਂ ਸਾਰੇ ਪ੍ਰਬੰਧਕਾਂ ਨੇ ਜਿੱਥੇ ਉਸ ਦਾ ਨਿੱਘਾ ਸਵਾਗਤ ਕੀਤਾ ਉੱਥੇ ਹੀ ਨਮਾਜ਼ ਲਈ ਖੂਬਸੂਰਤ ਸਥਾਨ ਬਣਾ ਕੇ ਸਰਪਰਾਈਜ਼ ਦਿੱਤਾ ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਪੂ ਲਾਭ ਸਿੰਘ, ਬਲਵਿੰਦਰ ਸਿੰਘ ਔਲਖ ਕਾਲਾ, ਭਾਉ ਬਲਜੀਤ ਸਿੰਘ, ਜੀਤ ਸਿੰਘ ਕੁੱਪ ਨੇ ਕਿਹਾ ਕਿ ਮੁਸਲਿਮ-ਸਿੱਖ ਸਾਂਝ ਸਦੀਆਂ ਤੋਂ ਬਣੀ ਹੋਈ ਹੈ ਭਾਵੇਂ ਕਿ ਸਿਆਸੀ ਲੋਕਾਂ ਨੇ ਅਥਾਹ ਕੋਸ਼ਿਸ਼ਾਂ ਕੀਤੀਆਂ ਕਿ ਇਸ ਸਾਂਝ ਨੂੰ ਤੋੜਿਆ ਜਾਵੇ ਪਰੰਤੂ ਅੱਜ ਨਵਾਬ ਸ਼ੇਰ ਮੁਹੰਮਦ ਖਾਨ ਦੇ ਵਾਰਿਸਾਂ ਨੇ ਕੌਮੀ ਇਨਸਾਫ ਮੋਰਚੇ ‘ਚ ਪੱਕੇ ਤੌਰ ਉੱਤੇ ਆਪਣੀ ਹਾਜ਼ਰੀ ਲਗਵਾਕੇ ਉਹਨਾਂ ਲੋਕਾਂ ਦੇ ਮੂੰਹ ਉੱਤੇ ਚਪੇੜ ਮਾਰੀ ਹੈ । ਉਹਨਾਂ ਪੰਜਾਬ ਭਰ ਦੇ ਮੁਸਲਿਮ ਭਾਈਚਾਰੇ ਨੂੰ ਅਪੀਲ ਕੀਤੀ ਕਿ ਜਦੋਂ ਵੀ ਚੰਡੀਗੜ੍ਹ ਜਾਂ ਮੋਹਾਲੀ ਜਾਣਾ ਹੋਵੇ ਤਾਂ ਮੋਰਚੇ ਵਿੱਚ ਹਾਜ਼ਰੀ ਜਰੂਰ ਲਗਾਕੇ ਜਾਇਆ ਕਰੋ ਅਤੇ ਮਸਜਿਦ ਵਿੱਚ ਨਮਾਜ਼ ਵੀ ਅਦਾ ਕਰੋ ।

ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਆਲੋਚਨਾ ਕੀਤੀ ਕਿ ਘੱਟਗਿਣਤੀਆਂ ਉੱਤੇ ਤਸ਼ਦਦ ਲਗਤਾਰ ਕੀਤਾ ਜਾ ਰਿਹਾ ਹੈ । ਸਿੱਖਾਂ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਇਸਲਾਮਿਕ ਸਕਾਲਰ ਹਜ਼ਰਤ ਮੌਲਾਨਾ ਕਲੀਮ ਸਿੱਦੀਕੀ, ਮੌਲਾਨਾ ਉਮਰ ਗੌਤਮ ਸਮੇਤ 12 ਨਿਰਦੋਸ਼ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਉਸਨੂੰ ਖਾਰਜ ਕੀਤਾ ਜਾਵੇ, ਹਜ਼ਰਤ ਮੌਲਾਨਾ ਮੁਫਤੀ ਸਲਮਾਨ ਅਜ਼ਹਰੀ ਨੂੰ ਨਾਜਾਇਜ਼ ਰਿਹਾਸਤ ਵਿੱਚ ਰੱਖਿਆ ਹੋਇਆ ਹੈ, ਜੇਐਨਯੂ ਵਿਦਿਆਰਥੀ ਨੇਤਾ ਉਮਰ ਖਾਲਿਦ, ਸ਼ਰਜ਼ੀਲ ਇਮਾਮ ਸਮੇਤ ਸੈਂਕੜੇ ਮੁਸਲਿਮ ਐਨਆਰਸੀ ਅੰਦੋਲਨ ਲਈ 4 ਸਾਲ ਤੋਂ ਜੇਲ੍ਹ ਵਿੱਚ ਬੰਦ ਹਨ ਇਹਨਾਂ ਸਭ ਨੂੰ ਰਿਹਾਅ ਕੀਤਾ ਜਾਵੇ ਤਾਂ ਜੋ ਦੇਸ਼ ਅੰਦਰ ਘੱਟਗਿਣਤੀਆਂ ਦਾ ਕਾਨੂੰਨ ਵਿਵਸਥਾ ਉੱਤੇ ਭਰੋਸਾ ਬਣਿਆ ਰਹੇ ।

Similar Posts

Leave a Reply

Your email address will not be published. Required fields are marked *