ਗੋਲਮੇਜ ਮੀਟਿੰਗ ‘ਚ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਕਿਸਾਨ ਜੱਥੇਬੰਦੀਆਂ ਦੀ ਸ਼ਿਰਕਤ ਬੇਮਿਸਾਲ
ਐਸਏਐਸ ਨਗਰ/ਮਲੇਰਕੋਟਲਾ, 24 ਨਵੰਬਰ (ਬਿਉਰੋ): ਚੰਡੀਗੜ੍ਹ ਦੀਆਂ ਬਰੂਹਾਂ ‘ਤੇ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਲਗਾਏ ਗਏ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਵਾਈਪੀਐਸ ਚੌਂਕ ਵਿੱਚ ਪੱਕਾ ਮੋਰਚੇ ਲਗਾਇਆ ਹੋਇਆ ਹੈ । ਇਸ ਸਮੇਂ ਦੌਰਾਨ ਮੋਰਚੇ ਨੇ ਜਿੱਥੇ ਗਰਮੀ ਸਰਦੀ, ਧੁੱਪਾਂ, ਮੀਂਹ, ਝੱਖੜ, ਹਨੇਰੀਆਂ ਝੱਲੀਆਂ ਉੱਥੇ ਹੀ ਆਪਣਿਆਂ ‘ਚ ਬੇਗਾਨੇ ਅਤੇ ਬੇਗਾਨਿਆਂ ‘ਚ ਆਪਣੇ ਵੀ ਪਰਖੇ ਅਤੇ ਸੰਗਤ ਆਪਣੀਆਂ ਹੱਕੀ ਮੰਗਾਂ ਲਈ ਡਟੀ ਰਹੀ। ਪੰਜਾਬ ਸਰਕਾਰ ਦੇ ਮੰਤਰੀਆਂ, ਸਿਵਲ ਅਤੇ ਪੁਲਸ ਪ੍ਰਸ਼ਾਸਨ ਨਾਲ ਅਨੇਕਾਂ ਮੀਟਿੰਗਾਂ ਵੀ ਹੋਈਆਂ ਪਰੰਤੂ ਬੇਸਿੱਟਾ ਰਹੀਆਂ ।
ਕੌਮੀ ਇਨਸਾਫ ਮੋਰਚਾ ਤਾਲਮੇਲ ਕਮੇਟੀ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਕੋਈ ਫੈਸਲਾਕੁੰਨ ਰਣਨੀਤੀ ਤਿਆਰ ਕਰਨ ਵਾਸਤੇ ਦੇਸ਼ ਭਰ ਵਿੱਚੋਂ ਸਮਾਜਿਕ, ਧਾਰਮਿਕ, ਰਾਜਨੀਤਿਕ ਬੁੱਧੀਜੀਵੀਆਂ ਅਤੇ ਹਿੰਦੂ, ਮੁਸਲਿਮ, ਸਿੱਖ, ਈਸਾਈ ਸਮੇਤ ਹਰ ਧਰਮ, ਸਮਾਜ, ਵਰਗ, ਰੰਗ, ਨਸਲ ਅਤੇ ਕਿਸਾਨ ਯੂਨੀਅਨਾਂ ਅਤੇ ਸਮਾਜਸੇਵੀ ਸੰਸਥਾਵਾਂ ਦੇ ਆਗੂ ਵੱਖ-ਵੱਖ ਜੱਥੇਬੰਦੀਆਂ ਨੇ ਸ਼ਮੂਲੀਅਤ ਕੀਤੀ । ਮੋਰਚੇ ਦੀ ਕਾਲ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਸੰਗਤ ਪਹੁੰਚੀ, ਆਪਣੇ ਵਿਚਾਰ ਰੱਖੇ ਅਤੇ ਮੋਰਚੇ ਦੀ ਭਵਿੱਖ ਲਈ ਫੈਸਲਾਕੁੰਨ ਰਣਨੀਤੀ ਬਣਾਉਣ ਲਈ ਸੁਝਾਅ ਵੀ ਦਿੱਤੇ ।
ਇਸ ਮੌਕੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਬਾਪੂ ਗੁਰਚਰਨ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ 7 ਜਨਵਰੀ ਨੂੰ ਦੇਸ਼ ਦੇ ਹਰ ਕੋਣੇ ਤੋਂ ਸੰਗਤ ਮੋਰਚੇ ਪਹੁੰਚੇਗੀ ਅਤੇ ਵੱਡਾ ਹਜ਼ੂਮ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰੇਗਾ । ਉਹਨਾਂ ਇਹ ਵੀ ਉਚੇਚੇ ਤੌਰ ‘ਤੇ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਲੂੰਬੜ ਚਾਲਾਂ ਤੋਂ ਸਾਵਧਾਨ ਰਿਹਾ ਜਾਵੇਗਾ ਅਤੇ ਸਰਕਾਰ ਨਾਲ ਇਸ ਤੋਂ ਪਹਿਲਾਂ ਕੋਈ ਵੀ ਮੀਟਿੰਗ ਨਹੀਂ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਇਸ ਇਕੱਠ ਲਈ ਟੀਮਾਂ ਬਣਾਕੇ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ 7 ਜਨਵਰੀ 2025 ਦੀ ਕਾਲ ਦਾ ਸੰਦੇਸ਼ ਪਹੁੰਚਾਇਆ ਜਾਵੇਗਾ । ਇਸ ਤੋਂ ਇਲਾਵਾ ਦੇਸ਼ ਭਰ ਦੇ ਗੁਰਦੁਆਰਿਆਂ ਵਿੱਚ ਵੀ ਲਿਖਤੀ ਪੱਤਰ ਭੇਜਕੇ ਕੌਮ ਦੇ ਹੱਕਾਂ ਦੇ ਹੋ ਰਹੇ ਘਾਣ ਲਈ ਲਾਮਬੰਦ ਹੋਣ ਲਈ ਜਾਗਰੂਕ ਕੀਤਾ ਜਾਵੇਗਾ ।
ਇਸ ਮੌਕੇ ਮਲੇਰਕੋਟਲਾ ਤੋਂ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਇੱਕ ਵਫਦ ਹਾਜੀ ਮੁਹੰਮਦ ਬਾਬੂ, ਚੌਧਰੀ ਲਿਆਕਤ ਅਲੀ ਬਨਭੌਰੇ ਵਾਲੇ ਅਤੇ ਮੁਹੰਮਦ ਜਮੀਲ ਐਡਵੋਕੇਟ ਦੀ ਅਗਵਾਈ ‘ਚ ਮੋਰਚੇ ਦੇ ਸੱਦੇ ‘ਤੇ ਹਾਜ਼ਰੀ ਲਗਵਾਉਣ ਲਈ ਪਹੁੰਚਿਆ, ਸੰਗਤ ਲਈ ਲੱਡੂਆਂ ਦਾ ਲੰਗਰ ਵੀ ਲਗਾਇਆ । ਇਸ ਮੌਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹਾਜੀ ਮੁਹੰਮਦ ਬਾਬੂ ਅਤੇ ਚੌਧਰੀ ਲਿਆਕਤ ਅਲੀ ਨੇ ਕਿਹਾ ਕਿ ਦੇਸ਼ ਅੰਦਰ ਘੱਟਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਨੂੰ ਰੋਕਣ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਹੈ । ਸਮੇਂ ਦੀ ਲੋੜ ਹੈ ਕਿ ਅਸੀਂ ਵਿਚਾਰਕ ਮਤਭੇਦ ਭੁਲਾਕੇ ਇੱਕਜੁਟ ਹੋਈਏ, ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸੰਵਿਧਾਨ ਦੇ ਅਨੁਸਾਰ ਕੰਮ ਕਰਨ ਲਈ ਮਜ਼ਬੂਰ ਕਰੀਏ ਅਤੇ ਆਪਣੇ ਸੂਬੇ ਅਤੇ ਦੇਸ਼ ਨੂੰ ਸਮੇਂ ਦਾ ਹਾਣੀ ਬਣਾਈਏ ।