ਮੋਹਾਲੀ/ਮਲੇਰਕੋਟਲਾ, 02 ਅਗਸਤ (ਅਬੂ ਜ਼ੈਦ ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ ਕੌਮੀ ਇਨਸਾਫ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀਆਂ, ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਦੇ ਇਨਸਾਫ ਲਈ ਲਗਾਏ ਗਏ ਧਰਨੇ ਨੂੰ 236 ਦਿਨ ਹੋ ਚੁੱਕੇ ਹਨ । ਕੇਂਦਰ ਅਤੇ ਪੰਜਾਬ ਸਰਕਾਰ ਨੇ ਭਾਵੇਂ ਇਸ ਮੋਰਚੇ ਪ੍ਰਤੀ ਬੇਰੁਖੀ ਦਾ ਰਵੱਈਆ ਵਰਤਿਆ ਹੈ ਪਰੰਤੂ ਸਰਕਾਰਾਂ ਜਾਣਦੀਆਂ ਹਨ ਕਿ ਇਸ ਪੰਥਕ ਮੋਰਚੇ ਨੂੰ ਬਿਨ੍ਹਾਂ ਕਿਸੇ ਸਾਕਾਰਤਮਕ ਨਤੀਜੇ ਤੋਂ ਖਤਮ ਨਹੀਂ ਕਰਵਾਇਆ ਜਾ ਸਕਦਾ । ਮੋਰਚੇ ਦੇ ਫਲਸਰੂਪ ਹੀ ਹੁਣ ਤੱਕ ਕਈ ਬੰਦੀ ਸਿੰਘਾਂ ਨੂੰ ਪੈਰੋਲ ਮਿਲਣੀ ਸ਼ੁਰੂ ਹੋਈ ਹੈ ਅਤੇ ਦੋ ਸਿੰਘਾਂ ਨੂੰ ਪੱਕੀ ਜ਼ਮਾਨਤ ਮਿਲ ਚੁੱਕੀ ਹੈ । 31 ਮੈਂਬਰੀ ਸਿੰਘਾਂ ਦਾ ਜੱਥਾ ਲਗਾਤਾਰ ਮੁੱਖ ਮੰਤਰੀ ਦੀ ਕੋਠੀ ਲਈ ਜਾ ਰਿਹਾ ਹੈ ।ਮੋਰਚੇ ਦੇ ਸਰਪਰਸਤ ਬਾਪੂ ਗੁਰਚਰਨ ਸਿੰਘ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 3 ਸਤੰਬਰ ਨੂੰ ਕੌਮੀ ਇਨਸਾਫ ਮੋਰਚੇ ਵਿਖੇ ‘ਕੌਮ ਦੇ ਹੀਰੇ’ ਸ਼ਹੀਦ ਭਾਈ ਦਿਲਾਵਰ ਸਿੰਘ, ਸ਼ਹੀਦ ਭਾਈ ਅਨੋਖ ਸਿੰਘ ਬੱਬਰ, ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਯਾਦ ‘ਚ “ਮਹਾਨ ਸ਼ਹੀਦੀ ਸਮਾਗਮ” ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਮੋਰਚੇ ਵੱਲੋਂ ਕੌਮ ਦੇ ਸ਼ਹੀਦਾਂ ਅਤੇ ਬੰਦੀ ਸਿੰਘਾਂ ਦੀਆਂ ਤਸਵੀਰਾਂ ਨਾਲ ਪੋਸਟਰ ਵੀ ਜਾਰੀ ਕੀਤਾ ਗਿਆ ਹੈ । ਇਸ ਮੌਕੇ ਕੌਮ ਲਈ ਸ਼ਹੀਦ ਹੋਏ ਯੋਧਿਆਂ ਅਤੇ ਬੰਦੀ ਸਿੰਘਾਂ ਨੂੰ ਯਾਦ ਕੀਤਾ ਜਾਵੇਗਾ ਅਤੇ ਸੰਗਤ ਵੱਲੋਂ ਅਰਦਾਸ ਕੀਤੀ ਜਾਵੇਗੀ । ਉਹਨਾਂ ਸੰਗਤ ਨੂੰ ਵੱਡੀ ਗਿਣਤੀ ‘ਚ ਮੋਰਚੇ ਵਿੱਚ ਹਾਜ਼ਰੀ ਲਗਵਾਉਣ ਲਈ ਅਪੀਲ ਕੀਤੀ ।



