ਪੰਥਕ,ਕਿਸਾਨ-ਮਜਦੂਰ,ਮਨੁੱਖੀ ਅਧਿਕਾਰਾਂ ਅਤੇ ਸਮੁੱਚੇ ਭਾਈਚਾਰਿਆ ਦੇ ਲੋਕ ਹਾਜ਼ਰੀ ਭਰਨਗੇ
ਚੰਡੀਗੜ੍ਹ/ਮਲੇਰਕੋਟਲਾ, 14 ਅਗਸਤ (ਅਬੂ ਜ਼ੈਦ ): ਮੋਰਚੇ ਦੇ ਆਗੂਆਂ ਸ ਗੁਰਚਰਨ ਸਿੰਘ ਹਵਾਰਾ ਸਰਪ੍ਰਸਤ,ਭਾਈ ਗੁਰਦੀਪ ਸਿੰਘ ਬਠਿੰਡਾ,ਸੁੱਖ ਗਿੱਲ ਮੋਗਾ,ਬਲਵਿੰਦਰ ਸਿੰਘ ਕਾਲਾ,ਬਲਜੀਤ ਸਿੰਘ ਭਾਊ,ਭਾਈ ਗੁਰਜੰਟ ਸਿੰਘ ਸੀਲ,ਨਵਦੀਪ ਸਿੰਘ ਢੱਡੇ,ਚਰਨਜੀਤ ਸਿੰਘ ਚੰਨੀ,ਪਾਲ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਰਾਹੀ ਕਿਹਾ ਕਿ ਕੱਲ 15 ਅਗਸਤ ਨੂੰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋ ਸਿੱਖ ਤੇ ਪੰਜਾਬ ਪ੍ਰਤੀ ਕੀਤੀਆਂ ਜਾ ਰਹੀਆਂ ਗੰਭੀਰ ਵਿਚਾਰਾਂ ਕਰਦੇ ਹੋਏ ਭਲਕੇ ਕੌਮੀ ਇਨਸਾਫ ਮੋਰਚੇ ਵਿੱਚ ਕਾਲਾ ਦਿਵਸ ਮਨਾਇਆ ਜਾਵੇਗਾ । ਲਗਾਤਾਰ 32 ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਚੱਲ ਰਹੇ ਮੋਰਚੇ ਦੀ ਸਰਕਾਰਾਂ ਗੱਲ ਸੁਣਨ ਲਈ ਵੀ ਤਿਆਰ ਨਹੀਂ । ਸਰਕਾਰਾਂ ਦਾ ਇਹ ਰਵੱਈਆ ਗੈਰ ਲੋਕਤੰਤਰ,ਤਾਨਾਸ਼ਾਹੀ ਅਤੇ ਹੰਕਾਰੀ ਹੈ । ਉਹਨਾਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਤੇ ਇਨਸਾਫ ਵਿੱਚ ਯਕੀਨ ਰੱਖਣ ਵਾਲੇ ਲੋਕਾਂ ਨੂੰ ਕੱਲ ਦੀ ਮੋਰਚੇ ਵਿੱਚ ਹੋਣ ਜਾ ਰਹੀ ਰੋਸ ਰੈਲੀ ਵਿੱਚ ਪੁੱਜਣ ਦਾ ਸੱਦਾ ਦਿੱਤਾ । ਮੋਰਚਾ ਪ੍ਰਬੰਧਕਾਂ ਨੇ ਸੁਪਰੀਮ ਕੋਰਟ ਵੱਲੋਂ ਬੰਦੀਆਂ ਬਾਰੇ ਆਏ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕੇ ਜੋ ਇਸ ਫੈਸਲੇ ਮੁਤਾਬਿਕ ਸਾਰੇ ਬੰਦੀਆਂ ਜੱਥੇਦਾਰ ਜਗਤਾਰ ਸਿੰਘ ਹਵਾਰਾ,ਭਾਈ ਜਗਤਾਰ ਸਿੰਘ ਤਾਰਾ, ਦਵਿੰਦਰ ਪਾਲ ਭੁੱਲਰ, ਬਲਵੰਤ ਸਿੰਘ ਰਾਜੋਆਣਾ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਸਦੇ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ । ਮੋਰਚੇ ਦੇ ਪ੍ਰਬੰਧਕਾਂ ਨੇ ਕਿਹਾ ਕੇ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਿਕ ਆਗਾਮੀ ਦਿਨਾਂ ਵਿੱਚ ਫਿਰ ਉੱਚ ਅਧਿਕਾਰੀਆਂ ਤੇ ਸਰਕਾਰ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ । ਉਹਨਾਂ ਦੱਸਿਆ ਕਿ ਕੱਲ ਦੀ ਮੀਟਿੰਗ ਵਿੱਚ ਮੋਰਚੇ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹਾਦਤ ਦਿਵਸ ਨੂੰ ਪੰਥਕ ਸ਼ਖਸ਼ੀਅਤਾਂ,ਕਿਸਾਨ ਜੱਥੇਬੰਦੀਆਂ ਤੇ ਵਿਸ਼ੇਸ਼ ਕਰਕੇ ਸਮੁੱਚੇ ਪੰਜਾਬ ਪ੍ਰਤੀ ਲੋਕਾਂ ਨੂੰ ਇਕੱਠੇ ਕਰਕੇ ਮਨਾਇਆ ਜਾਵੇਗਾ । ਸ਼ਹਾਦਤ ਦਿਵਸ ਮਨਾਉਣ ਦੇ ਢੰਗ ਤਰੀਕੇ ਸਬੰਧੀ ਜਲਦ ਹੀ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਕੀਤੀ ਜਾਵੇਗੀ । ਇਹ ਫੈਸਲਾ ਸਪਸ਼ਟ ਤੌਰ ਤੇ ਲਿਆ ਗਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸੰਸਾਰ ਭਰ ਵਿੱਚ ਇੱਕ ਵੱਖਰੀ ਅਤੇ ਲਾਸਾਨੀ ਸ਼ਹਾਦਤ ਹੈ । ਪੰਜਾਬ ਅਤੇ ਕੇਂਦਰ ਸਰਕਾਰ ਦੇਸ਼ ਭਰ ਵਿੱਚ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰ ਰਹੀਆਂ ਹਨ । ਵੱਖ-ਵੱਖ ਨਾਮ ਦੇ ਕੇ ਗੈਰ ਸੰਵਿਧਾਨਿਕ ਤੌਰ ਤੇ ਸਰਕਾਰ ਵੱਲੋਂ ਕਤਲ ਕੀਤੇ ਜਾ ਰਹੇ ਹਨ,ਇਸ ਲਈ ਸਰਕਾਰਾਂ ਵੱਲੋਂ ਮਨਾਏ ਜਾ ਰਹੇ ਪ੍ਰੋਗਰਾਮਾ ਵਿੱਚ ਹਿੱਸਾ ਨਹੀਂ ਲਵਾਂਗੇ । ਸਗੋਂ ਪੰਜਾਬ ਦੀਆਂ ਸੁਹਿਰਦ ਜਥੇਬੰਦੀਆਂ ਅਤੇ ਲੋਕਾਂ ਨਾਲ ਸਲਾਹ ਕਰਕੇ ਸ਼ਹਾਦਤ ਨੂੰ ਸਮਰਪਿਤ ਤਗੜੇ ਪ੍ਰੋਗਰਾਮ ਕੀਤੇ ਜਾਣਗੇ ।