ਮੀਡੀਆ ਨੂੰ ਕੰਗਨਾ ਦਾ ਜਾਪ ਛੱਡਕੇ ਦੇਸ਼ ਦੇ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦੈ-ਮੁਹੰਮਦ ਜਮੀਲ ਐਡਵੋਕੇਟ
ਮਲੇਰਕੋਟਲਾ, 08 ਜੂਨ (ਬਿਉਰੋ): ਫਿਲਮੀ ਅਦਾਕਾਰ ਅਤੇ ਹਿਮਾਚਲ ਦੇ ਲੋਕ ਸਭਾ ਹਲਕਾ ਮੰਡੀ ਤੋਂ ਜਿੱਤੇ ਮੈਂਬਰ ਕੰਗਨਾ ਰਣੌਤ ਦੇ ਚੰਡੀਗੜ੍ਹ ਦੇ ਏਅਰਪੋਰਟ ‘ਤੇ ਇੱਕ ਥੱਪੜ ਕੀ ਵੱਜਾ ਕਿ ਵਿਸ਼ਵ ਭਰ ਵਿੱਚ ਇਸ ਦੀ ਗੂੰਜ ਸੁਣਾਈ ਦੇ ਰਹੀ ਹੈ । ਦੇਸ਼ ਦੇ ਸਾਰੇ ਟੀਵੀ ਚੈਨਲ, ਅਖਬਾਰ ਸ਼ੋਸਲ ਮੀਡੀਆ ਪਲੇਟਫਾਰਮ ਸਿਰਫ ਇਹੀ ਵੀਡੀਓ ਦਿਖਾ ਰਹੇ ਹਨ ਜਿਵੇਂ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਗਿਆ ਹੋਵੇ ਜਦੋਂਕਿ ਮੇਰੇ ਅਨੁਸਾਰ ਇਹ ਦੋ ਲੋਕਾਂ ਦਾ ਨਿੱਜੀ ਮਾਮਲਾ ਸੀ ਜਿਸ ਦੀ ਜਾਂਚ ਹੋਣੀ ਬਾਕੀ ਹੈ। ਕੰਗਨਾ ਨੇ ਪਿਛਲੇ ਦਿਨੀਂ ਦਿੱਲੀ ਵਿਖੇ 13 ਮਹੀਨੇ ਚੱਲੇ ਕਿਸਾਨ ਅੰਦੋਲਨ ‘ਚ ਬੈਠੇ ਕਿਸਾਨਾਂ ਖਿਲਾਫ ਨਫਰਤੀ ਬਿਆਨ ਦਿੱਤੇ ਸੀ ਕਿ ਕਿਸਾਨ ਮੋਰਚੇ ਵਿੱਚ ਔਰਤਾਂ 100-100 ਰੁਪਏ ਲੈ ਕੇ ਬੈਠੀਆਂ ਹਨ । ਉਸ ਦੇ ਦਰਦ ਵਜੋਂ ਏਅਰਪੋਰਟ ਉੱਤੇ ਤੈਨਾਤ ਜਵਾਨ ਕੁਲਵਿੰਦਰ ਕੌਰ ਨੇ ਉਸਦੀ ਪ੍ਰਤੀਕਿਰਿਆ ਵਜੋਂ ਥੱਪੜ ਮਾਰ ਦਿੱਤਾ ਕਿਉਂਕਿ ਉਹਨਾਂ ਔਰਤਾਂ ਵਿੱਚ ਸੁਰੱਖਿਆ ਮੁਲਾਜ਼ਮ ਦੀ ਮਾਂ ਵੀ ਬੈਠੀ ਸੀ ਉਸਨੇ ਆਪਣੀ ਮਾਂ ਦੇ ਅਪਮਾਨ ਦਾ ਬਦਲਾ ਲਿਆ। ਇਸ ਤੋਂ ਪਹਿਲਾਂ ਵੀ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਖਿਲਾਫ ਟਿੱਪਣੀ ਕਰਕੇ ਵੀ ਕਈ ਦਿਨ ਚਰਚਾ ‘ਚ ਰਹੀ । ਇੱਕ ਵਾਰ ਕੰਗਨਾ ਦੇ ਫਲੈਟ ਦਾ ਛੱਜਾ ਨਗਰ ਕੌਂਸਲ ਵੱਲੋਂ ਤੋੜ ਦਿੱਤਾ ਗਿਆ ਸੀ ਉਸ ਸਮੇਂ ਕਈ ਦਿਨਾਂ ਤੱਕ ਦੇਸ਼ ਥਮ ਗਿਆ ਸੀ ਭਾਵੇਂ ਕਿ ਬਾਦ ਵਿੱਚ ਹਾਈਕੋਰਟ ਨੇ ਉਹ ਰੁਕਵਾ ਦਿੱਤਾ ਸੀ । ਅਕਸਰ ਕੰਗਨਾ ਦਾ ਕਿਸੇ ਡਾਇਰੈਕਟਰ, ਐਕਟਰ, ਪ੍ਰੋਡਿਊਸਰ ਜਾਂ ਸਾਥੀ ਕਲਾਕਾਰ ਨਾਲ ਕੋਈ ਝਗੜਾ ਹੋ ਜਾਵੇ ਤਾਂ ਹਫਤਿਆਂ ਤੱਕ ਮੀਡੀਆ ਵਿੱਚ ਛਾਇਆ ਰਹਿੰਦਾ ਹੈ । ਕੰਗਨਾ-ਕੁਲਵਿੰਦਰ ਮਾਮਲੇ ‘ਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸਮੇਤ ਦਰਜਨਾਂ ਕਿਸਾਨ ਜੱਥੇਬੰਦੀਆਂ, ਕੌਮੀ ਇਨਸਾਫ ਮੋਰਚਾ, ਬੁੱਧੀਜੀਵੀ, ਫਿਲਮੀ ਅਦਾਕਾਰ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਦੇ ਸਮਰਥਨ ‘ਚ ਆ ਗਏ ਹਨ ਅਤੇ ਕੰਗਨਾ ਨੂੰ ਆਪਣੀ ਜੁਬਾਨ ਉੱਤੇ ਕਾਬੂ ਰੱਖਣ ਦੀ ਸਲਾਹ ਦੇ ਰਹੇ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁਹੰਮਦ ਜਮੀਲ ਐਡਵੋਕੇਟ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ।
ਉਹਨਾਂ ਕਿਹਾ ਕਿ ਭਾਰਤੀ ਮੀਡੀਆ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਅਜਿਹੇ ਸਸਤੀ ਸ਼ੋਹਰਤ ਹਾਸਲ ਕਰਨ ਵਾਲੇ ਲੋਕਾਂ ਨੂੰ ਮੀਡੀਆ ਵਿੱਚ ਵਾਰ-ਵਾਰ ਸਥਾਨ ਕਿਉਂ ਦਿੱਤਾ ਜਾਂਦਾ ਹੈ ਜਦੋਂ ਕਿ ਦੇਸ਼ ਅੰਦਰ ਸੈਂਕੜੇ ਮੁੱਦੇ ਹਨ ਜਿਹਨਾਂ ਉੱਤੇ ਮੀਡੀਆ ਨੂੰ ਧਿਆਨ ਦੇਣਾ ਚਾਹੀਦਾ ਹੈ । 04 ਜੂਨ ਨੂੰ ਨੀਟ ਪ੍ਰੀਖਿਆ ਦਾ ਨਤੀਜਾ ਆਇਆ ਹੈ ਜਿਸ ਵਿੱਚ ਵੱਡਾ ਸਕੈਮ ਹੋਇਆ ਹੈ । ਲੱਖਾਂ ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲੱਗਾ ਹੋਇਆ ਹੈ, ਸ਼ੇਅਰ ਮਾਰਕੀਟ ਵਿੱਚ ਹਜ਼ਾਰਾਂ ਕਰੋੜ ਦਾ ਸਕੈਮ ਹੋਇਆ ਹੈ ਪਰੰਤੂ ਮੀਡੀਆ ਵਿੱਚੋਂ ਮੁੱਦੇ ਗਾਇਬ ਹਨ, ਮੀਡੀਆ ਨੂੰ ਕੰਗਨਾ ਦੀ ਮਾਲਾ ਜਪਣ ਤੋਂ ਫੁਰਸਤ ਨਹੀਂ ਹੈ । ਕੰਗਨਾ ਦੇ ਬਿਆਨ ਨੂੰ ਵਧਾਕੇ-ਚੜਾਕੇ ਦਿਖਾਇਆ ਜਾ ਰਿਹਾ ਹੈ ਜਿਸ ਵਿੱਚ ਉਹ ਪੰਜਾਬ ਵਿੱਚ ਅੱਤਵਾਦ-ਵੱਖਵਾਦ ਦੀ ਗੱਲ ਕਹਿ ਰਹੀ ਹੈ । ਮੀਡੀਆ ਨੇ ਉਸ ਨੂੰ ਇਹ ਸਵਾਲ ਨਹੀਂ ਕੀਤਾ ਕਿ ਕੀ ਉਹ ਦੇਸ਼ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਹੈ? ਜੋ ਅਜਿਹੇ ਬਿਆਨ ਦੇ ਰਹੀ ਹੈ । ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਕਨੱਈਆ ਕੁਮਾਰ ਦੇ ਕਿਸੇ ਵਿਅਕਤੀ ਨੇ ਥੱਪੜ ਮਾਰਿਆ ਉਦੋਂ ਕੋਈ ਅੱਤਵਾਦ ਨਹੀਂ ਫੈਲਿਆ, ਸਿਰਫ ਪੰਜਾਬ ਦਾ ਨਾਂਅ ਆਉਂਦੇ ਹੀ ਮੀਡੀਆ ਪੱਬਾਂਭਾਰ ਹੋ ਜਾਂਦਾ ਹੈ, ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਕਤਲ ਹੋਇਆ ਉਸ ਦੀ ਗੂੰਜ ਉਸ ਨੂੰ ਨਹੀਂ ਸੁਣੀ, ਦੀਪ ਸਿੱਧੂ, ਸੰਦੀਪ ਨੰਗਲ ਅੰਬੀਆਂ ਦੇ ਕਤਲ ਹੋਏ ਉਸਦੀ ਗੂੰਜ ਉਸ ਨੂੰ ਨਹੀਂ ਸੁਣੀ, ਦਿੱਲੀ ਕਿਸਾਨ ਮੋਰਚੇ ਵਿੱਚ 700 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਗਈ, ਉਸ ਸਮੇਂ ਕੰਗਨਾ ਅਤੇ ਮੀਡੀਆ ਨੂੰ ਪੰਜਾਬ ਦਾ ਅੱਤਵਾਦ ਯਾਦ ਨਹੀਂ ਆਇਆ । ਇਹ ਸਵਾਲ ਮੀਡੀਆ ਨੂੰ ਕੰਗਨਾ ਤੋਂ ਪੁੱਛਣੇ ਚਾਹੀਦੇ ਸਨ ਜੋ ਨਹੀਂ ਪੁੱਛੇ ਗਏ । ਇਹੀ ਚੱਜਾਂ ਕਰਕੇ ਭਾਰਤੀ ਮੀਡੀਆ ਆਪਣਾ ਵਿਸ਼ਵਾਸ ਗੁਆ ਕੇ ਵਿਸ਼ਵ ਵਿੱਚ 161ਵੇਂ ਸਥਾਨ ‘ਤੇ ਪੁੱਜ ਗਿਆ ਹੈ ।



