ਕਿਸਾਨਾਂ ਦੇ ‘ਦਿੱਲੀ ਕੂਚ’ ਨੂੰ ਲੈ ਕੇ ਕਿਸਾਨ ਅਤੇ ਹਰਿਆਣਾ ਸਰਕਾਰ ਆਹਮਣੇ-ਸਾਹਮਣੇ
ਸ਼ੰਭੂ/ਮਲੇਰਕੋਟਲਾ, 13 ਫਰਵਰੀ (ਬਿਉਰੋ): ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਕੇਂਦਰ ਦੇ ਮੰਤਰੀਆਂ ਨਾਲ ਹੋਈਆਂ ਦੋ ਬੇਸਿੱਟਾ ਮੀਟਿੰਗਾਂ ਤੋਂ ਬਾਦ 13 ਫਰਵਰੀ ਨੂੰ ‘ਦਿੱਲੀ ਕੂਚ’ ਲਈ ਸ਼ੰਭੂ, ਖਨੌਰੀ ਅਤੇ ਬਹਾਦਰਗੜ੍ਹ ਬਾਰਡਰ ਉੱਤੇ ਪਹੁੰਚ ਚੁੱਕੇ ਹਨ ਜਿੱਥੇ ਹਰਿਆਣਾ ਸਰਕਾਰ ਨੇ ਕਿਸੇ ਦੁਸ਼ਮਣ ਦੇਸ਼ ਦੇ ਬਾਰਡਰ ਦੀ ਤਰ੍ਹਾਂ ਬੈਰੀਕੇਡ, ਕੰਕਰੀਟ ਦੀਆਂ ਦੀਵਾਰਾਂ, ਟਿੱਪਰ, ਕਰੇਨਾਂ ਸਮੇਤ ਅਨੇਕਾਂ ਤਰ੍ਹਾਂ ਦੀਆਂ ਰੋਕਾਂ ਲਗਾਕੇ ਦਿੱਲੀ ਜਾਣ ਵਾਲੇ ਸਾਰੇ ਰਸਤੇ ਬੰਦ ਕੀਤੇ ਹੋਏ ਹਨ । ਕਿਸਾਨਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ । ਰਬੜ ਦੀਆਂ ਗੋਲੀਆਂ ਨਾਲ 100 ਦੇ ਕਰੀਬ ਕਿਸਾਨਾਂ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਚੁੱਕੇ ਹਨ । ਦੂਜੇ ਪਾਸੇ ਕਿਸਾਨ ਵੀ ਆਪਣੇ ਦਿੱਲੀ ਕੂਚ ਦੇ ਪ੍ਰੋਗਰਾਮ ਨੂੰ ਲੈ ਕੇ ਬਾਰਡਰਾਂ ਉੱਤੇ ਡਟੇ ਹੋਏ ਹਨ । ਅੱਜ ਸਵੇਰ ਤੋਂ ਹੀ ਪੁਲਸ ਨੇ ਕਿਸਾਨਾਂ ਉੱਤੇ ਕਿਸੇ ਦੁਸ਼ਮਨ ਦੇਸ਼ ਦੀ ਫੌਜ ਵਾਂਗ ਹਮਲੇ ਕੀਤੇ ਜਾ ਰਹੇ ਹਨ । ਹਰਿਆਣਾ ਪੁਲਸ ਦੀ ਪੰਜਾਬ ਵਾਲੇ ਪਾਸੇ ਰੁਕੇ ਕਿਸਾਨਾਂ ਉੱਤੇ ਕੀਤੀ ਜਾ ਰਹੀ ਕਾਰਵਾਈ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਬਿਲਕੁਲ ਚੁੱਪੀ ਵੱਟੀ ਹੋਈ ਹੈ । ਜਿਸ ਤੋਂ ਇਹ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਰਲ ਕੇ ਜਵਾਨੀ ਦਾ ਘਾਣ ਕਰ ਰਹੇ ਹਨ ।
ਕਈ ਘੰਟਿਆਂ ਤੋਂ ਹਰਿਆਣਾ ਪੁਲਿਸ ਪੰਜਾਬ ਵਾਲੇ ਪਾਸੇ ਖੜ੍ਹੇ ਕਿਸਾਨਾਂ ਅਤੇ ਮੀਡੀਆ ਤੇ ਪੰਜਾਬ ਪੁਲਸ ਦੇ ਵੱਡੇ ਅਫਸਰਾਂ ਦੀ ਹਾਜ਼ਰੀ ‘ਚ ਸਮੋਕ ਬੰਬ ਸੁੱਟ ਰਹੀ ਹੈ। ਐਥੋਂ ਤੱਕ ਕਿ ਪੰਜਾਬ ਵਾਲੇ ਪਾਸੇ ਡਰੋਨ ਭੇਜ ਕੇ ਸਮੋਕ ਬੰਬ ਸੁੱਟੇ ਜਾ ਰਹੇ ਹਨ। ਪੰਜਾਬ ਸਾਇਡ ਰਬੜ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ । ਹਜ਼ਾਰਾਂ ਦੀ ਗਿਣਤੀ ‘ਚ ਸਮੋਕ ਬੰਬ ‘ਤੇ ਰਬੜ ਦੀਆਂ ਗੋਲੀਆਂ ਚੱਲ ਚੁੱਕੀਆਂ ਹਨ। ਸੈਂਕੜੇ ਕਿਸਾਨ ਤੇ ਪੱਤਰਕਾਰ ਜਖਮੀ ਹੋ ਗਏ ਹਨ ਪਰ ਨਾਂ ਮੁੱਖ ਮੰਤਰੀ ਅਤੇ ਨਾਂ ਹੀ ਡੀਜੀਪੀ ਪੰਜਾਬ ਨੇ ਇਸਤੇ ਕੋਈ ਬਿਆਨ ਦਿੱਤਾ ਹੈ। ਦੋਵਾਂ ਸੂਬਿਆਂ ਦੀਆਂ ਸਰਕਾਰਾਂ ਦੇ ਵਤੀਰੇ ਨੇ ਕਈ ਸਵਾਲ ਖੜੇ ਕੀਤੇ ਹਨ ਕਿ ਹਰਿਆਣਾ ਸਰਕਾਰ ਕੋਲ ਕੀ ਹੱਕ ਹੈ ਪੰਜਾਬ ਵਾਲੇ ਪਾਸੇ ਹਥਿਆਰ ਵਰਤਣ ਦਾ ? ਇਹ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ। ਪਰ ਸਭ ਤੋਂ ਵੱਡੀ ਗੱਲ ਹੈ ਇਸਨੂੰ ਪੰਜਾਬ ਸਰਕਾਰ ਰੋਕ ਕਿਉ ਨੀ ਰਹੀ ? ਨਾਂ ਹੀ ਕੋਈ ਪਰਚਾ ਦਰਜ ਕਰ ਰਹੀ ਹੈ। ਜਦੋਂ ਕਿ ਵੱਡੇ ਅਫਸਰ ਵੀ ਸ਼ੰਭੂ ਬਾਡਰ ਤੇ ਮੌਜੂਦ ਹਨ। ਪੰਜਾਬ ਸਰਕਾਰ ਦੀ ਚੁੱਪੀ ਸਾਫ ਦੱਸਦੀ ਹੈ ਕਿ ਸਭ ਮਿਲੇ ਹੋਏ ਹਨ । ਕਿਸਾਨ ਆਗੂਆਂ ਅਤੇ ਲੀਡ ਕਰ ਰਹੇ ਆਗੂਆਂ ਵੱਲੋਂ ਸਰਕਾਰਾਂ ਦੇ ਇਸ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ ।