ਮਲੇਰਕੋਟਲਾ, 18 ਮਈ (ਅਬੂ ਜ਼ੈਦ): ਕੱਲ 17 ਮਈ ਤੋਂ ਗਰਮੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ । ਤਾਪਮਾਨ 44 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਧਣ ਦੇ ਆਸਾਰ ਨਜ਼ਰ ਆ ਰਹੇ ਹਨ । ਅਜਿਹੇ ਮੌਸਮ ਵਿੱਚ ਸਕੂਲਾਂ ਵਿੱਚ ਬੱਚਿਆਂ ਦੀ ਹਾਲਤ ਬਹੁਤ ਹੀ ਖਰਾਬ ਹੋ ਰਹੀ ਹੈ । ਦੁਪਿਹਰ ਵੇਲੇ ਸੂਰਜ ਨਿਰੀ ਅੱਗ ਉਗਲ ਰਿਹਾ ਹੁੰਦਾ ਹੈ ਜਦੋਂ ਸਕੂਲਾਂ ਦੇ ਬੱਚਿਆਂ ਨੂੰ ਛੁੱਟੀ ਹੁੰਦੀ ਹੈ । ਪ੍ਰੈਸ ਦੇ ਮਾਧਿਅਮ ਰਾਹੀਂ ਸਕੂਲਾਂ ‘ਚ ਪੜਾਈ ਕਰ ਰਹੇ ਬੱਚਿਆਂ ਦੇ ਮਾਪਿਆਂ ਨੇ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸ਼ਿੱਦਤ ਦੀ ਪੈ ਰਹੀ ਗਰਮੀ ਕਾਰਣ ਬੱਚਿਆਂ ਨੂੰ ਬੀਮਾਰ ਹੋਣ ਦਾ ਖਤਰਾ ਹੈ । ਗਰਮੀਆਂ ਦੀਆਂ ਛੁੱਟੀਆਂ 01 ਜੂਨ ਦੀ ਬਜਾਏ 20 ਮਈ ਤੋਂ ਹੀ ਕੀਤੀਆਂ ਜਾਣ ਤਾਂ ਜੋ ਮਾਸੂਮ ਬੱਚਿਆਂ ਦੀ ਘਰਾਂ ਵਿੱਚ ਸਹੀ ਦੇਖਭਾਲ ਹੋ ਸਕੇ ਅਤੇ ਬੱਚੇ ਜ਼ਿਆਦਾ ਸਮਾਂ ਘਰ ਵਿੱਚ ਆਪਣੇ ਮਾਪਿਆਂ ਨਾਲ ਗੁਜਾਰ ਸਕਣ । ਵੈਸੇ ਵੀ ਜੋ ਨਿਯਮ-ਕਾਨੂੰਨ ਬਣਾਏ ਜਾਂਦੇ ਹਨ ਉਹ ਜਨਤਾ ਦੀ ਸਹੂਲਤ ਲਈ ਬਣਾਏ ਜਾਂਦੇ ਹਨ ਨਾ ਕਿ ਲਕੀਰ ਦੇ ਫਕੀਰ ਹੋਣ ਲਈ ਕਿ ਗਰਮੀਆਂ ਦੀਆਂ ਛੁੱਟੀਆਂ 1 ਜੂਨ ਤੋਂ ਹੀ ਹੋਣਗੀਆਂ । ਜਦੋਂ ਸਖਤ ਗਰਮੀ ਮਈ ਦੇ ਆਖਰੀ ਅਸ਼ਰੇ ਵਿੱਚ ਪੈ ਰਹੀ ਹੈ ਤਾਂ ਛੁੱਟੀਆਂ ਵੀ ਜਲਦੀ ਹੋਣੀਆਂ ਚਾਹੀਦੀਆਂ ਹਨ ।



