ਮਲੇਰਕੋਟਲਾ, 31 ਮਾਰਚ (ਅਬੂ ਜ਼ੈਦ ਬਿਉਰੋ): ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਦੀ ਆਵਾਜ਼ ਨੂੰ ਦਬਾਉਣ ਲਈ ਉਨ੍ਹਾਂ ਉਪਰ ਹੋ ਰਹੀਆਂ ਕਾਰਵਾਈ ਨੂੰ ਲੈ ਕੇ ਇੱਕ ਵਿਸ਼ੇਸ਼ ਇਕੱਤਰਤਾ ਸੱਦੀ ਹੈ।
ਇਸ ਵਿੱਚ ਸਿੱਖ ਮੀਡੀਆ ਦੇ ਯੋਗਦਾਨ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਸਿੱਖ ਮੀਡੀਆ ਨੂੰ ਚਣੌਤੀਆਂ ਅਤੇ ਭਵਿੱਖ ਦੀ ਰਣਨੀਤੀ ਦੇ ਵਿਸ਼ੇ ਉਪਰ ਸ਼ੁੱਕਰਵਾਰ ਨੂੰ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਚਾਰਾਂ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ । ਸਕੱਤਰੇਤ ਸ਼੍ਰੀ ਅਕਾਲ ਤਖ਼ਤ ਵੱਲੋਂ ਜਾਰੀ ਇੱਕ ਪੋਸਟਰ ਵਿੱਚ ਕਿਹਾ ਗਿਆ ਹੈ ਕਿ ਇਸ ਇਕੱਤਰਤਾ ਦੌਰਾਨ ਸੀਨੀਅਰ ਪੱਤਰਕਾਰ ਸੰਬੋਧਨ ਕਰਨਗੇ ।
ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਇਸ ਫੈਸਲੇ ਦੀ ਮੀਡੀਆ ‘ਚ ਖੂਬ ਸ਼ਲਾਘਾ ਹੋ ਰਹੀ ਹੈ । ਜਿਵੇਂ ਪਿਛਲੇ 12-13 ਦਿਨਾਂ ਤੋਂ ਪੰਜਾਬ ਅੰਦਰ ਉੱਥਲ-ਪੁਥਲ ਮੱਚੀ ਹੋਈ ਹੈ, ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਜੋ ਵੀ ਮੀਡੀਆ ਚੈਨਲ ਜਾਂ ਪੱਤਰਕਾਰ ਇਸ ਦੀ ਕਵਰੇਜ ਕਰਦੇ ਹਨ ਉਨਾਂ ਦੇ ਸ਼ੋਸ਼ਲ ਮੀਡੀਆ ਅਕਾਉਂਟ ਬੰਦ ਕੀਤੇ ਜਾ ਰਹੇ ਹਨ ਕਈਆਂ ਦੇ ਤਾਂ ਚੈਨਲ ਵੀ ਬੰਦ ਕਰਵਾ ਦਿੱਤੇ ਗਏ, ਕੁਝ ਨੂੰ ਗ੍ਰਿਫਤਾਰੀ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ । ਅਜਿਹੇ ਸਹਿਮ ਦੇ ਮਾਹੌਲ ਵਿੱਚ ਜੱਥੇਦਾਰ ਸ੍ਰੀ ਅਕਾਲ ਤਖਤ ਨੂੰ ਸਖਤ ਫੈਸਲਾ ਲੈਣਾ ਹੀ ਚਾਹੀਦਾ ਸੀ ।



