ਮਲੇਰਕੋਟਲਾ, 02 ਅਗਸਤ (ਅਬੂ ਜ਼ੈਦ ਬਿਉਰੋ): ਕੌਮੀ ਇਨਸਾਫ ਮੋਰਚਾ 7 ਜਨਵਰੀ 2023 ਤੋਂ ਲਗਾਤਾਰ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਤੇ ਵਾਈਪੀਐਸ ਚੌਂਕ ‘ਚ ਲੱਗਿਆ ਹੋਇਆ ਹੈ । ਸੂਬੇ ਦੀ ਗੂੰਗੀ, ਬੋਲੀ ਸਰਕਾਰ ਨੂੰ ਸੰਕੇਤਕ ਤੌਰ ਤੇ ਜਗਾਉਣ ਲਈ ਰੋਜ਼ਾਨਾ ਸਿੰਘਾਂ ਦਾ 31 ਮੈਂਬਰੀ ਜੱਥਾ ਸਤਿਨਾਮ ਵਾਹਿਗੁਰੁ ਦਾ ਜਾਪ ਕਰਦਾ ਹੋਇਆ ਮੋਰਚੇ ਤੋਂ ਰਵਾਨਾ ਹੋ ਕੇ ਮੁੱਖ ਮੰਤਰੀ ਦੀ ਕੋਠੀ ਤੱਕ ਜਾਂਦਾ ਹੈ, ਜਿੱਥੇ ਵੀ ਪੁਲਿਸ ਜੱਥੇ ਨੂੰ ਰੋਕ ਲੈਂਦੀ ਹੈ ਉੱਥੇ ਬੈਠ ਕੇ ਕੁਝ ਘੰਟੇ ਜਾਪ ਕਰਕੇ ਵਾਪਸ ਆ ਜਾਂਦਾ ਹੈ । ਅੱਜ ਸਿੰਘਾਂ ਦਾ ਜੱਥਾ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਣ ਦੀ ਬਜਾਏ ਸਿੱਖਿਆ ਬੋਰਡ ਵਿਖੇ ਚੱਲ ਰਹੇ ਮੁੱਖ ਮੰਤਰੀ ਦੇ ਸਮਾਗਮ ਵਿੱਚ ਜਾਣ ਲਈ ਰੂਟ ਬਦਲ ਲਿਆ ਪਰੰਤੂ ਪੁਲਿਸ ਨੇ ਜੱਥੇ ਨੁੂੰ ਰੋਕ ਲਿਆ । ਪੁਲਿਸ ਪ੍ਰਸ਼ਾਸਨ ਨੇ ਜੱਥੇ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਜੇਕਰ ਅਸੀਂ ਪੰਜ ਮੈਂਬਰਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਦੇਈਏ ਤਾਂ ਕੀ ਤੁਸੀਂ ਮੋਰਚਾ ਚੁੱਕ ਲਵੋਗੇ? ਤਾਂ ਪ੍ਰਬੰਧਕਾਂ ਨੇ ਸਾਫ ਮਨ੍ਹਾ ਕਰ ਦਿੱਤਾ ਕਿ ਜਦੋਂ ਤੱਕ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆ ਮੋਰਚਾ ਜਾਰੀ ਰਹੇਗਾ । ਇਸ ਮੌਕੇ ਮੋਰਚੇ ਦੇ ਮੁੱਖ ਪ੍ਰਬੰਧਕ ਬਾਪੂ ਗੁਰਚਰਨ ਸਿੰਘ ਨੇ “ਔਜ਼ਾਰ ਟੀਵੀ” ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ 10 ਅਗਸਤ ਨੂੰ ਮੋਹਾਲੀ ਅਦਾਲਤ ਵੱਲੋਂ ਪੇਸ਼ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ, ਤਾਂ ਕਿ ਉਹ ਆਪਣੇ ਕੇਸ ਦੀ ਪੈਰਵੀ ਕਰ ਸਕਣ । ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ 2019 ਵਿੱਚ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਐਲਾਨ ਕੀਤਾ ਸੀ ਪਰੰਤੂ ਸਰਕਾਰ ਦੇ ਉਸ ਫੈਸਲੇ ਨੂੰ ਅੱਜ ਤੱਕ ਬੂਰ ਨਹੀਂ ਪਿਆ । ਕੌਮੀ ਇਨਸਾਫ ਮੋਰਚਾ ਲੱਗਣ ਤੋਂ ਬਾਦ ਸਿਰਫ 2 ਬੰਦੀ ਸਿੰਘਾਂ ਦੀ ਪੱਕੀ ਜ਼ਮਾਨਤ ਹੋਈ ਹੈ ਅਤੇ ਭਾਈ ਸ਼ਮਸ਼ੇਰ ਸਿੰਘ ਦੀ ਜ਼ਮਾਨਤ ਕੁਝ ਕਾਨੂੰਨੀ ਅੜਚਣਾਂ ਕਾਰਣ ਅਜੇ ਬਾਕੀ ਹੈ । ਕੌਮੀ ਇਨਸਾਫ ਮੋਰਚੇ ਵੱਲੋਂ 15 ਅਗਸਤ ਨੂੰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੇ ਖਿਲਾਫ ਸੰਗਤਾਂ ਨੂੰ ਵਹੀਰਾਂ ਘੱਤਕੇ ਮੋਹਾਲੀ ਪਹੁੰਚਣ ਲਈ ਸੱਦਾ ਦਿੱਤਾ ਤਾਂ ਕਿ ਸਰਕਾਰ ‘ਤੇ ਦਬਾਅ ਬਣਾਉਣ ਲਈ ਇੱਕ ਵੱਡਾ ਰੋਸ ਮਾਰਚ ਕੱਢਿਆ ਜਾ ਜਾ ਸਕੇ । ਬਾਪੂ ਗੁਰਚਰਨ ਸਿੰਘ ਨੇ ਐਨਆਈਏ ਵੱਲੋਂ ਖਾਲਸਾ ਏਡ ਦੇ ਦਫਤਰਾਂ ਅਤੇ ਗੋਦਾਮਾਂ ਵਿੱਚ ਕੀਤੀ ਗਈ ਰੇਡ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ । ਉਨਾਂ ਕਿਹਾ ਕਿ ਖਾਲਸਾ ਏਡ ਬਿਨ੍ਹਾਂ ਕਿਸੇ ਭੇਦਭਾਵ ਦੇ ਮਾਨਵਤਾ ਦੀ ਸੇਵਾ ਕਰ ਰਹੀ ਹੈ ਅਤੇ ਸਰਕਾਰਾਂ ਉਸ ਦੇ ਕੰਮਾਂ ਦੀ ਪ੍ਰਸੰਸਾ ਕਰਨ ਦੀ ਬਜਾਏ ਤੰਗ ਪ੍ਰੇਸ਼ਾਨ ਕਰ ਰਹੀਆਂ ਹਨ ।



