ਡਾ.ਅਬਦੁਲ ਕਲਾਮ ਫਰੰਟ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ, ਡਾਕਟਰਾਂ ਦੀ ਤੈਨਾਤੀ ‘ਤੇ ਧਰਨਾ ਸਮਾਪਤ

author
0 minutes, 0 seconds Read

ਮਲੇਰਕੋਟਲਾ: 17 ਨਵੰਬਰ (ਅਬੂ ਜ਼ੈਦ): ਲੰਬੇ ਸਮੇਂ ਤੋਂ ਆਮ ਜਨਤਾ ਦੀ ਮੰਗ ਸੀ ਕਿ ਸਿਵਲ ਹਸਪਤਾਲ ਵਿੱਚ ਡਾਕਟਰਾਂ ਅਤੇ ਬਾਕੀ ਮੈਡੀਕਲ ਸਟਾਫ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ ਜਿਸਨੂੰ ਮਹਿਸੂਸ ਕਰਦਿਆਂ 9 ਅਕਤੂਬਰ ਤੋਂ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਸਮਾਜ ਸੇਵੀ ਸੰਸਥਾ ਡਾ. ਅਬਦੁਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਵੱਲੋਂ ਪੱਕਾ ਧਰਨਾ ਲਗਾਇਆ ਗਿਆ ਸੀ । ਅੱਜ 40ਵੇਂ ਦਿਨ ਸਿਵਲ ਸਰਜਨ ਡਾ. ਹਰਿੰਦਰਪਾਲ ਸ਼ਰਮਾ ਵੱਲੋਂ ਦਿੱਤੇ ਭਰੋਸੇ ਉਪਰੰਤ ਸਮਾਪਤ ਕਰ ਦਿਤਾ ਗਿਆ। ਸਿਵਲ ਸਰਜਨ ਨੇ  ਧਰਨਾ ਸਮਾਪਤ ਕਰਨ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਮਲੇਰਕੋਟਲਾ ਹਸਪਤਾਲ ਵਿਚ ਸਾਰੇ ਡਾਕਟਰਾਂ ਦੀਆਂ ਪੋਸਟਾਂ ਭਰਨ ਦੀ ਹਾਮੀ ਭਰੀ ਹੈ ਅਤੇ ਉਹ ਇਸ ਹਸਪਤਾਲ ਦੀ ਬਿਹਤਰੀ ਲਈ ਹਰ ਵੇਲੇ ਚਿੰਤਤ ਹਨ। ਉਹਨਾਂ ਦੱਸਿਆ ਕਿ ਸਰਕਾਰ ਨੇ ਸੱਤ ਡਾਕਟਰਾਂ ਦੀਆਂ ਤਾਇਨਾਤੀਆਂ ਇਸ ਹਸਪਤਾਲ ਵਿਚ ਕਰ ਦਿਤੀਆਂ ਹਨ ਜਿੰਨ੍ਹਾਂ ਵਿਚੋਂ ਤਿੰਨ ਡਾਕਟਰਾਂ ਨੇ ਆਪਣੀ ਡਿਊਟੀ ਜੁਆਇਨ ਵੀ ਕਰ ਲਈ ਹੈ। ਉਨ੍ਹਾਂ ਧਰਨਾਕਾਰੀਆਂ ਤੋਂ ਇੱਕ ਜਿੰਮੇਵਾਰ ਨਾਗਰਿਕ ਵਜੋਂ ਪੂਰਨ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਹਸਪਤਾਲ ਵਿਚ ਡਾਕਟਰਾਂ ਦੇ ਕੰਮ ਕਰਨ ਲਈ ਸੁਖਾਵਾਂ ਮਾਹੌਲ ਬਨਾਉਣ ਵਾਸਤੇ ਧਰਨਾ ਖਤਮ ਕਰ ਦੇਣਾ ਚਾਹੀਦਾ ਹੈ। ਸਿਵਲ ਸਰਜਨ ਵੱਲੋਂ ਦਿਤੇ ਭਰੋਸੇ ਨੂੰ ਪਰਵਾਨ ਕਰਦਿਆਂ ਡਾ. ਅਬਦੁਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਦੇ ਪ੍ਰਧਾਨ ਸਮਸ਼ਾਦ ਝੋਕ, ਜਨਰਲ ਸਕੱਤਰ ਮੁਨਸੀ ਫਾਰੂਕ ਅਹਿਮਦ, ਪ੍ਰੈਸ ਸਕੱਤਰ ਸਾਹਿਦ ਜ਼ੁਬੈਰੀ ਅਤੇ ਟੈਂਪੂ ਯੂਨੀਅਨ ਦੇ ਸਾਬਕਾ ਪ੍ਰਧਾਨ ਯਾਸੀਨ ਘੁੱਗੀ ਸਮੇਤ ਮੌਜੂਦ ਆਗੂਆਂ ਨੇ ਧਰਨਾ ਸਮਾਪਤੀ ਦਾ ਐਲਾਨ ਕੀਤਾ । ਉਹਨਾਂ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਜੇਕਰ ਡਾਕਟਰਾਂ ਦੀਆਂ ਪੋਸਟਾਂ ਜਲਦੀ ਭਰੀਆਂ ਨਾ ਗਈਆਂ ਤਾਂ ਉਹ ਮੁੜ ਸੰਘਰਸ਼ ਲਈ ਮਜਬੂਰ ਹੋਣਗੇ । ਵਰਨਣਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਪੰਜਾਬ ਦੇ ਵੱਖ ਵੱਖ ਹਸਪਤਾਲਾਂ ਵਿਚੋਂ ਬਦਲ ਕੇ  ਮਲੇਰਕੋਟਲਾ ਵਿਖੇ ਲਗਾਏ ਸੱਤ ਡਾਕਟਰਾਂ ਵਿਚੋਂ ਤਿੰਨ ਡਾਕਟਰ ਹੱਡੀਆਂ ਦੇ ਮਾਹਿਰ ਡਾ. ਮਨਦੀਪ ਸਿੰਘ, ਮਨੋਰੋਗ ਮਾਹਿਰ ਡਾ. ਅਸ਼ੋਕ ਅਤੇ ਅੱਖਾਂ ਦੀ ਮਾਹਿਰ ਡਾ. ਅਮਨਪ੍ਰੀਤ ਕੌਰ ਨੇ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਡਿਊਟੀ ਜੁਆਇਨ ਕਰ ਲਈ ਹੈ।ਇਸ ਮੌਕੇ ਫਰੰਟ ਦੇ ਪ੍ਰਧਾਨ ਸਮਸ਼ਾਦ ਝੋਕ, ਜਨਰਲ ਸਕੱਤਰ ਮੁਨਸ਼ੀ ਫਾਰੂਕ ਅਹਿਮਦ, ਪ੍ਰੈਸ ਸਕੱਤਰ ਸਾਹਿਦ ਜ਼ੁਬੈਰੀ ਅਤੇ ਟੈਂਪੂ ਯੂਨੀਅਨ ਦੇ ਸਾਬਕਾ ਪ੍ਰਧਾਨ ਯਾਸੀਨ ਘੁੱਗੀ, ਫੈਸਲ ਰਾਣਾ, ਮੁਹੰਮਦ ਇਲਿਆਸ, ਕਾ. ਕਰਤਾਰ ਸਿੰਘ ਮਹੋਲੀ, ਕਾ. ਬਹਾਦਰ ਸਿੰਘ ਮਹੋਲੀ, ਮੁਹੰਮਦ ਸਲੀਮ, ਗੁਰਮੇਲ ਕੌਰ , ਰੂਪਿੰਦਰ ਕੌਰ , ਪਰਵੀਨ ਪ੍ਰਧਾਨ ਹੈਂਡੀਕੈਪਡ ਸੀਟੂ, ਮੁਹੰਮਦ ਸ਼ਕੀਲ, ਮੁਹੰਮਦ ਦਿਲਸ਼ਾਦ, ਬਲਜਿੰਦਰ ਸਿੰਘ ਲਸੋਈ, ਅਬਦੁਲ ਰਜ਼ਾਕ, ਤਲਹਾ ਜਿਮੀ ਖਾਂ, ਅਕਾਲੀ ਆਗੂ ਸਫੀਕ ਚੌਹਾਨ, ਕਾ. ਅਬਦੁਲ ਸਤਾਰ, ਰਵਨੀਤ ਕੌਰ ਆਗਨਵਾੜੀ ਯੂਨੀਅਨ ਅਤੇ ਸੁਖਵਿੰਦਰ ਕੌਰ ਪ੍ਰਧਾਨ ਪੰਜਾਬ ਬੋਲਦਾ ਕਿਸਾਨ ਯੂਨੀਅਨ ਸਮੇਤ ਵੱਡੀ ਗਿਣਤੀ ਆਗੂ ਵੀ ਮੌਜੂਦ ਸਨ।

 

Similar Posts

Leave a Reply

Your email address will not be published. Required fields are marked *