ਅਸਾਮੀਆਂ 6 ਔਰ ਤਹਿਸੀਲਦਾਰ ਏਕ !! ਬਹੁਤ ਬੇਇੰਨਸਾਫੀ ਹੈ!
ਮਲੇਰਕੋਟਲਾ, 21 ਨਵੰਬਰ (ਅਬੂ ਜ਼ੈਦ): ਪੰਜਾਬ ਦੇ ਹਰ ਨਿਵਾਸੀ ਦਾ ਜੀਵਨ ਸਿੱਧੇ ਜਾਂ ਅਸਿੱਧੇ ਤੌਰ ਤੇ ਤਹਿਸੀਲ ਦਫਤਰ ਨਾਲ ਜੁੜਿਆ ਹੋਇਆ ਹੈ । ਪਲਾਟ, ਦੁਕਾਨ, ਮਕਾਨ, ਜਮੀਨ ਆਦਿ ਦੀ ਰਜਿਸਟਰੀ, ਬੱਚਿਆਂ ਦੇ ਸਕੂਲਾਂ ਦੇ ਦਸਤਾਵੇਜ਼, ਜ਼ਮਾਨਤਾਂ ਲਈ ਦਸਤਵੇਜ਼, ਲੋਨ ਲੈਣ ਲਈ ਕਾਗਜ਼ੀ ਚਾਰਜੋਈ, ਬਾਹਰ ਜਾਣ ਲਈ ਦਸਤਾਵੇਜ਼ ਆਦਿ ਤਿਆਰ ਕਰਵਾਉਣ ਲਈ ਹਰ ਕਿਸੇ ਨੂੰ ਤਹਿਸੀਲ ਦਫਤਰ ਜਾਣਾ ਹੀ ਪੈਂਦਾ ਹੈ । ਜਿੱਥੇ ਕਿ ਜਨਤਾ ਦੇ ਰੋਜ਼ਮੱਰਾ ਦੇ ਕੰਮਕਾਜ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਮੌਜੂਦ ਰਹਿੰਦੇ ਹਨ ।
“ਹਾਅ ਦਾ ਨਾਅਰਾ” ਦੀ ਧਰਤੀ ਮਲੇਰਕੋਟਲਾ ਜ਼ਿਲ੍ਹਾ ਤਾਂ ਬਣ ਗਿਆ ਪਰੰਤੂ ਅਗਲਿਆਂ ਨੇ ਮੰਨਿਆਂ ਹੀ ਨਹੀਂ । ਜ਼ਿਲ੍ਹਾ ਮਲੇਰਕੋਟਲਾ ਜਿਸ ਵਿੱਚ ਅਮਰਗੜ੍ਹ ਅਤੇ ਅਹਿਮਦਗੜ੍ਹ ਤਹਿਸੀਲ ਸਮੇਤ 3 ਤਹਿਸੀਲਦਾਰ ਅਤੇ 3 ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਹਨ । ਹੈਰਾਨੀ ਵਾਲੀ ਗੱਲ ਹੈ ਕਿ 6 ਅਸਾਮੀਆਂ ਉੱਤੇ ਸਿਰਫ ਇੱਕ ਹੀ ਤਹਿਸੀਲਦਾਰ ਸਿਰਫ ਅਹਿਮਦਗੜ੍ਹ ਵਿਖੇ ਮੌਜੂਦ ਹੈ ਜਿਹਨਾਂ ਕੋਲ ਮਲੇਰਕੋਟਲਾ ਦੇ ਦੋਵਾਂ ਤਹਿਸੀਲਦਾਰਾਂ ਦਾ ਵਾਧੂ ਚਾਰਜ ਹੈ, ਜੋ ਕਿ ਹਫਤੇ ਵਿੱਚ ਇੱਕ ਜਾਂ ਦੋ ਦਿਨ ਕੁਝ ਕੁ ਘੰਟੇ ਲਈ ਹੀ ਦਰਸ਼ਨ ਦਿੰਦੇ ਹਨ । ਅਮਰਗੜ੍ਹ ਦਾ ਵਾਧੂ ਚਾਰਜ ਤਹਿਸੀਲਦਾਰ ਨਾਭਾ ਕੋਲ ਹੈ ।
ਜੇਕਰ ਕੰਮਕਾਜ ਪੱਖੋਂ ਦੇਖਿਆ ਜਾਵੇ ਤਾਂ ਚਾਰ ਹਲਕਿਆਂ ਲਈ ਇੱਕ ਤਹਿਸੀਲਦਾਰ ਸਿਰਫ ਸਰਕਾਰੀ ਡਾਕ ਵੀ ਦਸਤਖਤ ਨਹੀਂ ਕਰ ਸਕਦਾ ਫਿਰ ਉਹ ਜਨਤਾ ਦੇ ਕੰਮ ਕਿਵੇਂ ਕਰਗੇਾ । ਮਲੇਰਕੋਟਲਾ ਦੀ ਜਨਤਾ ਪਿਛਲੇ ਕਈ ਮਹੀਨਿਆਂ ਤੋਂ ਇਸ ਸਮੱਸਿਆ ਨਾਲ ਜੂਝ ਰਹੀ ਹੈ ਅਤੇ ਆਪਣੇ ਕੰਮਾਂ ਲਈ ਤਹਿਸੀਲ ਦਫਤਰ ‘ਚ ਖੱਜਲ-ਖੁਆਰ ਹੋ ਰਹੀ ਹੈ । ਅਗਸਤ 2023 ਵਿੱਚ ਪੰਜਾਬ ਭਰ ਦੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਪਰੰਤੂ ਮਲੇਰਕੋਟਲਾ ਵਿਖੇ ਕਿਸੇ ਵੀ ਤਹਿਸੀਲਦਾਰ ਦੀ ਪੱਕੀ ਤੈਨਾਤੀ ਨਹੀਂ ਹੋ ਸਕੀ । ਬਾਦ ਵਿੱਚ ਦੋ ਹਫਤੇ ਬਾਦ ਸੇਵਾ ਮੁਕਤ ਹੋ ਰਹੇ ਤਹਿਸੀਲਦਾਰ ਨਾਭਾ ਨੂੰ ਤੈਨਾਤ ਕਰ ਦਿੱਤਾ ਗਿਆ ਜੋ ਹਫਤੇ ਬਾਦ ਹੀ ਸੇਵਾ ਮੁਕਤੀ ਤੱਕ ਛੁੱਟੀ ਤੇ ਚਲੇ ਗਏ ।
ਮਲੇਰਕੋਟਲਾ ਦੀ ਜਨਤਾ ਦੀ ਪ੍ਰੈਸ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਪੰਜਾਬ, ਵਿਧਾਇਕ ਮਲੇਰਕੋਟਲਾ ਅਤੇ ਅਮਰਗੜ੍ਹ ਨੂੰ ਪੁਰਜ਼ੋਰ ਅਪੀਲ ਹੈ ਕਿ ਤਹਿਸੀਲਦਾਰਾਂ ਦੀ ਪੱਕੀ ਤੈਨਾਤੀ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਦੀ ਦਫਤਰਾਂ ‘ਚ ਹੋ ਰਹੀ ਦੁਰਦਸ਼ਾਂ ਤੋਂ ਛੁੱਟਕਾਰਾ ਮਿਲ ਸਕੇ ।



