ਮਲੇਰਕੋਟਲਾ, 26 ਅਕਤੂਬਰ (ਅਬੂ ਜ਼ੈਦ): ਜ਼ਿਲ੍ਹਾ ਮਲੇਰਕੋਟਲਾ ਦੇ ਤਹਿਸੀਲ ਦਫਤਰ ‘ਚ ਸੰਨਾਟਾ ਛਾਇਆ ਹੋਇਆ ਹੈ । ਭਾਵੇਂਕਿ ਅਕਤੂਬਰ ਸਭ ਤੋਂ ਵੱਧ ਛੁੱਟੀਆਂ ਦਾ ਮਹੀਨਾ ਹੈ ਪਰੰਤੂ ਇੱਥੇ ਮਾਮਲਾ ਕੁਝ ਹੋਰ ਹੈ । ਪਿਛਲੇ ਦਿਨੀਂ ਪੰਜਾਬ ਅੰਦਰ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਸਲਦਾਰਾਂ ਦੀਆਂ ਬਦਲੀਆਂ ਵੱਡੇ ਪੱਧਰ ‘ਤੇ ਹੋਈਆਂ ਸਨ ਜਿਹਨਾਂ ਵਿੱਚ ਜ਼ਿਲ੍ਹਾ ਮਲੇਰਕੋਟਲਾ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਸੀ । ਮਲੇਰਕੋਟਲਾ ਦੇ ਦੋਵਾਂ ਤਹਿਸੀਲਦਾਰਾਂ ਦੀ ਬਦਲੀ ਕਰ ਦਿੱਤੀ ਗਈ ਪਰੰਤੂ ਕਿਸੇ ਵੀ ਤਹਿਸੀਲਦਾਰ ਦੀ ਨਿਯੁੱਕਤੀ ਨਹੀਂ ਕੀਤੀ ਗਈ ਬਲਿਕ ਅਹਿਮਦਗੜ੍ਹ ਦੇ ਨਾਇਬ ਤਹਿਸੀਲਦਾਰ ਨੂੰ ਮਲੇਰਕੋਟਲਾ ਵਿਖੇ ਤੈਨਾਤ ਕਰ ਦਿੱਤਾ ਗਿਆ ਅਤੇ ਅਹਿਮਦਗੜ੍ਹ ਦਾ ਵਾਧੂ ਚਾਰਜ ਦੇ ਦਿੱਤਾ ਗਿਆ । ਤਹਿਸੀਲਦਾਰ ਸਾਹਿਬ ਨੇ ਆਉਦਿਆਂ ਹੀ ਛੁੱਟੀ ਲੈਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਅਤੇ ਉਹ 30 ਅਕਤੂਬਰ ਤੱਕ ਛੁੱਟੀ ਲੈ ਕੇ ਚਲੇ ਗਏ ਕਿਉਂਕਿ 30 ਨੂੰ ਉਹਨਾਂ ਦੀ ਸੇਵਾ ਮੁਕਤੀ ਹੈ । ਪ੍ਰਸ਼ਾਸਨ ਨੇ ਦੋਵੇਂ ਤਹਿਸੀਲਦਾਰਾਂ ਦੇ ਅਹੁਦੇ ਖਾਲੀ ਦੇਖ ਫਿਰ ਤੋਂ ਅਹਿਮਦਗੜ੍ਹ ਦੇ ਤਹਿਸੀਲਦਾਰ ਨੂੰ ਵਾਧੂ ਚਾਰਜ ਦੇ ਦਿੱਤਾ । ਸਿਰਫ 2 ਦਿਨ ਕੰਮ ਕਰਕੇ ਉਹ ਵੀ ਸੋਮਵਾਰ ਯਾਨੀ 30 ਅਕਤੂਬਰ ਤੱਕ ਛੁੱਟੀ ਲੈ ਕੇ ਚਲੇ ਗਏ । ਅੱਜ ਤੋਂ ਜ਼ਿਲ੍ਹਾ ਤਹਿਸੀਲ ਦਫਤਰ ਲਾਵਾਰਿਸ ਹੈ । ਲੋਕ ਆਪਣੇ ਜਮਾਨਤਾਂ, ਰਸਿਟਰੀਆਂ, ਸਕੂਲੀ ਬੱਚਿਆਂ ਦੇ ਦਸਤਾਵੇਜ਼ ਲੈ ਕੇ ਤਹਿਸੀਲ ਦਫਤਰ ‘ਚ ਖੱਜਲ-ਖੁਆਰ ਹੋ ਰਹੇ ਹਨ । ਉਹਨਾਂ ਦੀ ਖਬਰਸਾਰ ਲੈਣ ਵਾਲਾ ਕੋਈ ਨਹੀਂ ਹੈ । ਸਥਾਨਕ ਵਿਧਾਇਕ, ਡਿਪਟੀ ਕਮਿਸ਼ਨਰ, ਐਸ.ਡੀ.ਐਮ. ਜਨਤਾ ਦੀ ਹੋ ਰਹੀ ਦੁਰਦਸ਼ਾ ਦਾ ਕੋਈ ਹੱਲ ਕਰਨ ਲਈ ਬੇਬਸ ਨਜ਼ਰ ਆ ਰਹੇ ਹਨ । ਇਲਾਕਾ ਨਿਵਾਸੀਆਂ ਦੀ ਪ੍ਰੈਸ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਇਹ ਪੁਰਜ਼ੋਰ ਅਪੀਲ ਹੈ ਕਿ ਜ਼ਿਲ੍ਹਾ ਤਹਿਸੀਲ ਦਫਤਰ ਮਲੇਰਕੋਟਲਾ ਵਿੱਚ ਦੋਵਾਂ ਤਹਿਸੀਲਦਾਰਾਂ ਦੀ ਪੱਕੀ ਨਿਯੁੱਕਤੀ ਕੀਤੀ ਜਾਵੇ ਤਾਂ ਜੋ ਜਨਤਾ ਨੂੰ ਆਏ ਦਿਨ ਰੋਜ਼ਮਰਾ ਦੇ ਕੰਮਾਂ ਲਈ ਖੱਜਲ-ਖੁਆਰ ਨਾ ਹੋਣਾ ਪਵੇ।



